ਮਰਦ ਅਗੰਮੜਾ – ਸ੍ਰੀ ਗੁਰੂ ਗੋਬਿੰਦ ਸਿੰਘ ਜੀ

By January 26, 2016 0 Comments


guru gobind singh jiਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸਿੱਖ ਧਰਮ ਦੀ ਸਥਾਪਨਾ ਹੱਕ, ਸੱਚ ਅਤੇ ਨਿਆਂ ਦੇ ਹਿੱਤ ਵਿੱਚ ਅਤੇ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਉਣ ਦੇ ਉਦੇਸ਼ ਨੂੰ ਲੈ ਕੇ ਕੀਤੀ ਗਈ ਸੀ। ਇਸੇ ਲਈ ਸਮੇਂ ਦੀਆਂ ਜਾਬਰ ਹਕੂਮਤਾਂ ਵਿਰੁੱਧ ਗੁਰੂ ਸਾਹਿਬਾਨ ਨੇ ਆਵਾਜ਼ ਉਠਾਈ ਅਤੇ ਪੰਜਵੇਂ ਤੇ ਨੌਵੇਂ ਪਾਤਸ਼ਾਹ ਜੀ ਨੇ ਸ਼ਹਾਦਤਾਂ ਦਿੱਤੀਆਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖੀ ਸਿਧਾਂਤਾਂ ਦੀ ਪੂਰਤੀ ਲਈ ਉਸ ਵਕਤ ਹਿੰਦੁਸਤਾਨ ਵਿੱਚ ਸਮੇਂ ਦੀ ਮੁਗ਼ਲ ਸਰਕਾਰ ਵੱਲੋਂ ਆਮ ਨਾਗਰਿਕਾਂ ਖ਼ਾਸ ਕਰਕੇ ਹਿੰਦੂ ਜਨਤਾ ਉੱਤੇ ਧਰਮ ਦੇ ਨਾਂ ਉੱਪਰ ਹੋ ਰਹੇ ਜ਼ੁਲਮ ਵਿਰੁੱਧ ਧਰਮ ਯੁੱਧ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਉਨ੍ਹਾਂ ਨੇ ਧਰਮ ਯੁੱਧ ਦੀ ਨੀਤੀ ਦਾ ਆਧਾਰ ਇਸ ਸਿਧਾਂਤ ਨੂੰ ਬਣਾਇਆ:
ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥
ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤ॥ (ਜ਼ਫ਼ਰਨਾਮਾ)
ਭਾਵ ਹਰ ਪ੍ਰਕਾਰ ਦੇ ਸ਼ਾਂਤਮਈ ਸੰਵਾਦ ਦੇ ਹੀਲੇ ਸਮਾਪਤ ਹੋਣ ਉਪਰੰਤ ਹੱਥ ਵਿੱਚ ਸ਼ਮਸ਼ੀਰ ਫੜਨੀ ਜ਼ਰੂਰੀ ਹੋ ਜਾਂਦੀ ਹੈ। ਦਰਅਸਲ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਿਆ ਕਿ ਧਰਮ ਦੀ ਰੱਖਿਆ ਖ਼ਾਤਰ ਜ਼ੁਲਮੀ ਤਲਵਾਰ ਨੂੰ ਸਿਰ ਦਿੱਤਾ ਜਾਵੇ ਜਾਂ ਜ਼ੁਲਮ ਦਾ ਮੁਕਾਬਲਾ ਤਲਵਾਰ ਨਾਲ ਕੀਤਾ ਜਾਵੇ? ਸੋਚ-ਵਿਚਾਰ ਮਗਰੋਂ ਉਨ੍ਹਾਂ ‘ਬ ਸ਼ਮਸ਼ੀਰ ਦਸਤ’ ਦਾ ਰਾਹ ਚੁਣਿਆ ਅਤੇ ਖ਼ਾਲਸੇ ਦੀ ਸਿਰਜਣਾ ਕੀਤੀ। ਇਸ ਤੋਂ ਪਹਿਲਾਂ ਹਿੰਦੁਸਤਾਨ ਦੇ ਇਤਿਹਾਸ ਵਿੱਚ ਧਰਮ ਦੀ ਰੱਖਿਆ ਵਾਸਤੇ ਸ਼ਸਤਰਾਂ ਦੇ ਉਪਯੋਗ ਦਾ ਕੋਈ ਇਤਿਹਾਸਕ ਹਵਾਲਾ ਨਹੀਂ ਮਿਲਦਾ। ਭਾਰਤ ਦੇ ਲੋਕਾਂ ਦੇ ਦਿਲਾਂ ਵਿੱਚ ਧਾਰਮਿਕ ਆਜ਼ਾਦੀ ਲਈ ਯੁੱਧ ਕਰਨ ਦੀ ਭਾਵਨਾ, ਸਿੱਖ ਧਰਮ ਵਿੱਚ ਆਈ ਇਸ ਨਵੀਂ ਕ੍ਰਾਂਤੀ ਦੁਆਰਾ ਹੀ ਉਤਪੰਨ ਹੋਈ। ਸਿੱਖਾਂ ਨੇ ਇਸ ਦੀ ਅਗਵਾਈ ਵੀ ਕੀਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਜੇ ਗਏ ਖ਼ਾਲਸੇ ਨੇ ਹੱਕ-ਸੱਚ ਖ਼ਾਤਰ ਜਾਬਰ ਮੁਗ਼ਲ ਸਾਮਰਾਜ ਨਾਲ ਹਥਿਆਰਬੰਦ ਯੁੱਧਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ। ਸਦੀਆਂ ਤੋਂ ਬੁਜ਼ਦਿਲ ਅਤੇ ਕਾਇਰ ਸਮਝੇ ਜਾਂਦੇ ਅਖੌਤੀ ਨੀਵੀਆਂ ਜਾਤਾਂ ਦੇ ਲੋਕਾਂ ਨੇ ਵੀ ਖੰਡੇ-ਬਾਟੇ ਦੀ ਪਾਹੁਲ ਛਕ ਕਹਿੰਦੇ-ਕਹਾਉਂਦੇ ਲੜਾਕੂਆਂ ਨੂੰ ਜੰਗਾਂ ਵਿੱਚ ਕਰਾਰੀ ਹਾਰ ਦਿੱਤੀ। ਸਤਿਗੁਰਾਂ ਦਾ ਧਰਮ-ਯੁੱਧ ਕਿਸੇ ਜਾਤ ਜਾਂ ਮਜ਼੍ਹਬ ਵਿਰੁੱਧ ਨਹੀਂ ਸੀ।
ਪੰਥ ਦੇ ਵਾਲੀ ਦਸਮੇਸ਼ ਪਿਤਾ ਦਾ ਪ੍ਰਕਾਸ਼ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਦੇ ਘਰ ਪੋਹ ਸੁਦੀ ਸੱਤਵੀਂ ਮੁਤਾਬਿਕ 1666 ਈਸਵੀ ਨੂੰ ਪਟਨਾ ਸ਼ਹਿਰ (ਬਿਹਾਰ) ਵਿਖੇ ਹੋਇਆ। ਇਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਢਾਕਾ, ਬੰਗਾਲ ਤੇ ਅਸਾਮ ਆਦਿ ਦੇ ਇਲਾਕਿਆਂ ਵਿੱਚ ਸਿੱਖ ਧਰਮ ਦੇ ਪ੍ਰਚਾਰ ਹਿਤ ਗਏ ਹੋਏ ਸਨ। ਦਸਮੇਸ਼ ਪਿਤਾ ਦੇ ਪਹਿਲੇ ਪੰਜ ਕੁ ਸਾਲ ਪਟਨੇ ਵਿੱਚ ਹੀ ਬੀਤੇ ਅਤੇ ਉੱਥੇ ਹੀ ਆਪ ਜੀ ਦੀ ਵਿੱਦਿਆ ਆਦਿ ਦੇ ਪ੍ਰਬੰਧ ਕੀਤੇ ਗਏ। ਆਪ ਜੀ ਨੂੰ ਗੁਰਮੁਖੀ ਅਤੇ ਗੁਰਬਾਣੀ ਦੀ ਵਿੱਦਿਆ ਦੇ ਨਾਲ ਨਾਲ ਘੋੜ ਸਵਾਰੀ, ਨੇਜ਼ਾਬਾਜ਼ੀ, ਤਲਵਾਰਬਾਜ਼ੀ ਅਤੇ ਤੀਰ ਅੰਦਾਜ਼ੀ ਆਦਿ ਦੀ ਵੀ ਮੁੱਢਲੀ ਸਿਖਲਾਈ ਦਿੱਤੀ ਗਈ। ਪਟਨਾ ਸਾਹਿਬ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਆ ਗਏ। ਇੱਥੇ ਹੀ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਆਪ ਜੀ ਨੇ ਖ਼ੁਦ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਜ਼ਲੂਮਾਂ ਦੀ ਰੱਖਿਆ ਖ਼ਾਤਿਰ ਕੁਰਬਾਨੀ ਦੇਣ ਲਈ ਦਿੱਲੀ ਨੂੰ ਤੋਰਿਆ। ਨੌਵੇਂ ਸਤਿਗੁਰਾਂ ਦੀ ਸ਼ਹਾਦਤ ਉਪਰੰਤ ਦਸਮੇਸ਼ ਪਿਤਾ ਦੇ ਸੰਘਰਸ਼ਮਈ ਜੀਵਨ ਦਾ ਆਰੰਭ ਹੋਇਆ।
ਅਾਨੰਦਪੁਰ ਸਾਹਿਬ ਵਿਖੇ ਦਸਮੇਸ਼ ਪਿਤਾ ਨੇ ਪੰਜਾਬੀ ਤੇ ਹਿੰਦੀ ਤੋਂ ਇਲਾਵਾ ਸੰਸਕ੍ਰਿਤ ਅਤੇ ਫ਼ਾਰਸੀ ਆਦਿ ਭਾਸ਼ਾਵਾਂ ਦਾ ਗਿਆਨ ਵੀ ਹਾਸਲ ਕੀਤਾ ਅਤੇ ਬੀਰ ਰਸ ਭਰਪੂਰ ਬਾਣੀ ਦੀ ਰਚਨਾ ਵੀ ਕੀਤੀ। ਸਮੇਂ ਦੀ ਜਾਬਰ ਹਕੂਮਤ ਦੇ ਇਸ ਐਲਾਨ ਕਿ ਕੋਈ ਗ਼ੈਰ-ਮੁਸਲਿਮ ਘੋੜ ਸਵਾਰੀ ਨਹੀਂ ਕਰ ਸਕਦਾ, ਨਗਾਰਾ ਨਹੀਂ ਵਜਾ ਸਕਦਾ, ਸ਼ਸਤਰ ਨਹੀਂ ਧਾਰਨ ਕਰ ਸਕਦਾ, ਦੀ ਚੁਣੌਤੀ ਸਵੀਕਾਰ ਕਰਦਿਆਂ ਕਿਹਾ ਕਿ ਮੇਰੇ ਸਿੰਘ ਸ਼ਸਤਰਧਾਰੀ ਹੋਣਗੇ, ਘੋੜਸਵਾਰੀ ਕਰਨਗੇ ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਫਿਜ਼ਾ ’ਚ ਰਣਜੀਤ ਨਗਾਰੇ ਦੀ ਗੂੰਜ ਵੀ ਪਵੇਗੀ। ਇਸ ਫ਼ੈਸਲੇ ਨੇ ਮੁਗ਼ਲ ਹਕੂਮਤ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ। ਸਤਿਗੁਰਾਂ ਨੇ ਨਿੱਘਰ ਚੁੱਕੀ ਮਸੰਦ-ਪ੍ਰਥਾ ਨੂੰ ਖ਼ਤਮ ਕੀਤਾ ਅਤੇ 1699 ਵਿੱਚ ਵਿਸਾਖੀ ਵਾਲੇ ਦਿਨ ਖ਼ਾਲਸੇ ਦੀ ਸਾਜਨਾ ਕਰਕੇ ਕੌਮ ਅੰਦਰ ਨਵੀਂ ਰੂਹ ਫੂਕੀ।
ਸਦੀਆਂ ਤੋਂ ਮੁਗ਼ਲ ਬਾਦਸ਼ਾਹਾਂ ਦੀ ਗ਼ੁਲਾਮੀ ਦੇ ਮਾਹੌਲ ਵਿੱਚ ਹਿੰਦੁਸਤਾਨੀਆਂ ਦੀ ਸੋਚ ਸੰਸਾਰਕ ਸੁੱਖ-ਆਰਾਮ ਅਤੇ ਭੁੱਖ ਦੁਆਲੇ ਹੀ ਘੁੰਮਦੀ ਰਹੀ ਅਤੇ ਗ਼ੁਲਾਮੀ ਨੂੰ ਉਹ ਆਪਣੀ ਕਿਸਮਤ ਹੀ ਸਮਝਣ ਲੱਗ ਪਏ ਸਨ ਪਰ ਖੰਡੇ-ਬਾਟੇ ਦੇ ‘ਅੰਮ੍ਰਿਤ’ ਨੇ ਅਜਿਹੀ ਕਰਾਮਾਤ ਦਿਖਾਈ ਕਿ ਹਿੰਦੁਸਤਾਨ ਦਾ ਇਤਿਹਾਸ ਬਦਲ ਦਿੱਤਾ। ਅੰਮ੍ਰਿਤ ਨੇ ਸਿੰਘਾਂ ਨੂੰ ਅਜਿਹੀ ਸ਼ਕਤੀ ਬਖ਼ਸ਼ੀ ਕਿ ਇੱਕ-ਇੱਕ ਸਿੰਘ ਲੱਖਾਂ ’ਤੇ ਭਾਰੂ ਹੋ ਗਿਆ। ਧਰਮ ਦੇ ਮਹਾਂ ਯੁੱਧ ਵਿੱਚ ਗੁਰੂ ਸਾਹਿਬ ਜੀ ਨੇ ਆਪਣਾ ਸਾਰਾ ਸਰਬੰਸ ਵਾਰ ਦਿੱਤਾ, ਜੋ ਸੰਸਾਰ ਦੇ ਇਤਿਹਾਸ ਦੀ ਵਿਲੱਖਣ ਗਾਥਾ ਹੈ।
ਜਥੇਦਾਰ ਅਵਤਾਰ ਸਿੰਘ
* ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ
Tags:
Posted in: ਸਾਹਿਤ