ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ

By January 26, 2016 0 Comments


ਤੀਰਥ ਸਿੰਘ ਢਿੱਲੋਂ

ਦੁਸ਼ਟ-ਦਮਨ, ਸੰਤ ਸਿਪਾਹੀ, ਮਹਾਨ ਇਨਕਲਾਬੀ ਅਤੇ ਸਾਹਿਤ ਸ਼੍ਰੋਮਣੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸੰਮਤ 1723 ਬਿਕਰਮੀ ਨੂੰ, ਪੋਹ ਸੁਦੀ ਸੱਤਵੀਂ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਹੋਇਆ। ਉਨ੍ਹਾਂ ਦੇ ਜਨਮ ਸਮੇਂ ਨੌਵੇਂ ਗੁਰੂ ਜੀ ਅਤੇ ਉਨ੍ਹਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਆਸਾਮ ਦੇ ਦੌਰੇ ’ਤੇ ਸਨ। ਆਪਣੇ ਦੁਨੀਆਂ ਵਿੱਚ ਅਵਤਾਰ ਧਾਰਨ ਦੇ ਮਕਸਦ ਬਾਰੇ ਬਿਆਨ ਕਰਦਿਆਂ ਗੁਰੂ ਸਾਹਿਬ ਇੰਜ ਦੱਸਦੇ ਹਨ:
ਹਮ ਇਹ ਕਾਜ ਜਗਤ ਮੋ ਆਏ।।
ਧਰਮ ਹੇਤੇ ਗੁਰਦੇਵ ਪਠਾਏ।।
ਜਹਾਂ-ਤਹਾਂ ਤੁਮ ਧਰਮ ਬਿਥਾਰੋ।।
ਦੁਸਟ ਦੋਖੀਅਨ ਪਕਰਿ ਪਛਾਰੋ।।
ਯਾਹੀ ਕਾਜ ਧਰਾ ਹਮ ਜਨਮੰ
ਸਮਝ ਲੇਹੁ ਸਾਧੂ ਸਭ ਮਨਮੰ।।
ਧਰਮ ਚਲਾਵਨ ਸੰਤ ਉਬਾਰਨ,
ਦੁਸਟ ਸਭਨ ਕੋ ਮੁਨ ਉਪਾਰਨ।।
(ਬਚਿੱਤ੍ਰ ਨਾਟਕ ਅਧਿਆਏ 6)
-ਪੁਰਾਤਨ ਰਹਿਤ ਮਰਿਆਦਾ ਮੁਤਾਬਿਕ ਦਸਮ ਪਾਤਸ਼ਾਹ ਦਾ ਪ੍ਰਕਾਸ਼ ਪੁਰਬ, ਹਰ ਵਰ੍ਹੇ ਪੋਹ ਸੁਦੀ, ਸੱਤਵੀਂ ਨੂੰ ਮਨਾਇਆ ਜਾਂਦਾ ਹੈ।
ਗੁਰੂ ਸਾਹਿਬ ਮੁਤਾਬਿਕ ਪਿਛਲੇ ਜਨਮ ਵਿੱਚ ਉਨ੍ਹਾਂ ਨੇ ਸੱਤਾਂ ਚੋਟੀਆਂ ਵਾਲੇ ਪਰਬਤ ਭਾਵ ਹਿਮਾਲਿਆ ਵਿਖੇ ਮਹਾਨ ਤਪੱਸਿਆ ਕੀਤੀ ਜਿਸ ਤੋਂ ਪ੍ਰਸੰਨ ਹੋ ਕੇ ਅਕਾਲ ਪੁਰਖ ਨੇ ਉਨ੍ਹਾਂ ਨੂੰ ਆਪਣਾ ਸਪੁੱਤਰ ਬਣਾ ਕੇ ਧਰਮ ਦੇ ਪ੍ਰਚਾਰ, ਦੁਸ਼ਟਾਂ ਦੇ ਸੰਘਾਰ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਸੰਸਾਰ ਵਿੱਚ ਭੇਜਿਆ। ਗੁਰੂ ਸਾਹਿਬ ਦਾ ਬਚਪਨ ਪਟਨਾ ਵਿੱਚ ਹੀ ਬੀਤਿਆ। ਉਨ੍ਹਾਂ ਨੇ ਬ੍ਰਿਜ ਭਾਸ਼ਾ, ਹਿੰਦੀ, ਫਾਰਸੀ, ਅਰਬੀ ਅਤੇ ਪੰਜਾਬੀ ਦੀ ਉੱਚ ਵਿੱਦਿਆ ਹਾਸਲ ਕਰਨ ਦੇ ਨਾਲ ਨਾਲ ਸ਼ਸਤਰ ਵਿੱਦਿਆ ਵਿੱਚ ਵੀ ਉੱਚ ਕੋਟੀ ਦੀ ਪ੍ਰਵੀਨਤਾ ਹਾਸਲ ਕੀਤੀ।
ਜਦੋਂ ਨੌਵੇਂ ਗੁਰੂ ਤੇਗ ਬਹਾਦਰ ਜੀ ਕੋਲ ਕਸ਼ਮੀਰੀ ਪੰਡਤ ਇਹ ਫ਼ਰਿਆਦ ਲੈ ਕੇ ਪੁੱਜੇ ਕਿ ਵਕਤ ਦਾ ਹਾਕਮ ਅੌਰੰਗਜ਼ੇਬ ਜ਼ਬਰਦਸਤੀ ਉਨ੍ਹਾਂ ਨੂੰ ਧਰਮ ਪਰਿਵਰਤਨ ਲਈ ਮਜਬੂਰ ਕਰ ਰਿਹਾ ਹੈ ਤਾਂ ਉਸ ਵਕਤ ਆਪ ਦੀ ਉਮਰ ਸਿਰਫ਼ ਨੌਂ ਸਾਲ ਦੀ ਸੀ। ਆਨੰਦਪੁਰ ਸਾਹਿਬ ਦੇ ਇਸੇ ਦੀਵਾਨ ਵਿੱਚ ਹੀ ਬਾਲਕ ਗੋਬਿੰਦ ਰਾਏ ਨੇ ਪਿਤਾ ਨੂੰ ਮਜ਼ਲੂਮਾਂ ਦੀ ਬਾਂਹ ਫਡ਼ਨ ਅਤੇ ਉਨ੍ਹਾਂ ਦੇ ਧਰਮ ਦੀ ਰਾਖੀ ਕਰਨ ਦੀ ਬੇਨਤੀ ਕੀਤੀ। ਗੁਰੂ ਤੇਗ ਬਹਾਦਰ ਜੀ ਨੇ ਬੇਨਤੀ ਪ੍ਰਵਾਨ ਕਰਦਿਆਂ ਦਿੱਲੀ ਦੇ ਚਾਂਦਨੀ ਚੌਕ ਵਿੱਚ ਅਦੁੱਤੀ ਸ਼ਹਾਦਤ ਦੇ ਕੇ ਇੱਕ ਨਵਾਂ ਇਤਿਹਾਸ ਸਿਰਜਿਆ।
guru gobing singh ji  chardi kla
ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਰਾਏ ਨੇ ਗੁਰ ਗੱਦੀ ਸੰਭਾਲੀ। 1699 ਦੀ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਵਿੱਚ ਹੋਏ ਵਿਸ਼ਾਲ ਇਕੱਠ ਵਿੱਚ ਇੱਕ ਅਜੀਬ ਕੌਤਕ ਵਰਤਾਇਆ। ਗੁਰੂ ਸਾਹਿਬ ਕੀਰਤਨ ਦੀ ਸਮਾਪਤੀ ਉਪਰੰਤ ਹੱਥ ਵਿੱਚ ਨੰਗੀ ਸ਼ਮਸ਼ੀਰ ਲੈ ਕੇ ਸਟੇਜ ਉੱਤੇ ਆਏ ਅਤੇ ਵਾਰੀ ਵਾਰੀ ਪੰਜ ਸਿਰਾਂ ਦੀ ਮੰਗ ਕੀਤੀ। ਸੰਗਤ ਵਿੱਚੋਂ ਪੰਜ ਸਿੱਖ ਨਿਤਰੇ ਜਿਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਥਾਪਿਆ ਅਤੇ ਪੰਜਾਂ ਪਿਆਰਿਆਂ ਦਾ ਵਰ ਦਿੱਤਾ। ਫੇਰ ਉਨ੍ਹਾਂ ਸਨਮੁੱਖ ਨਿਮਰਤਾ ਨਾਲ ਆਪ ਅੰਮ੍ਰਿਤ ਛਕਣ ਦੀ ਬੇਨਤੀ ਕੀਤੀ। ਅੰਮ੍ਰਿਤ ਛਕਣ ਤੋਂ ਬਾਅਦ ਉਨ੍ਹਾਂ ਦਾ ਨਾਂ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਹੋ ਗਿਆ। ਲੋਕਤੰਤਰ ਵਿੱਚ ਸੱਤਾ ਦੇ ਜਿਸ ਵਿਕੇਂਦਰੀਕਰਨ ਅਤੇ ਬਰਾਬਰਤਾ ਦੀ ਗੱਲ ਕੀਤੀ ਜਾਂਦੀ ਹੈ, ਉਸ ਦੀ ਬੁਨਿਆਦ ਗੁਰੂ ਸਾਹਿਬ ਨੇ ਗੁਰੂ ਅਤੇ ਸਿੱਖ ਵਿਚਾਲੇ ਫ਼ਰਕ ਨੂੰ ਦੂਰ ਕਰਕੇ 1699 ਦੀ ਵਿਸਾਖੀ ਵਾਲੇ ਦਿਨ ਰੱਖੀ ਸੀ।
ਖ਼ਾਲਸੇ ਦੀ ਸਿਰਜਣਾ ਸਮੇਂ ਦੀ ਲੋਡ਼ ਸੀ ਅਤੇ ਇਸ ਨੇ ਭਾਰਤ ਦੇ ਇਤਿਹਾਸ ਨੂੰ ਇੱਕ ਉਸਾਰੂ ਫ਼ੈਸਲਾਕੁੰਨ ਅਤੇ ਨਰੋਆ ਮੋਡ਼ ਦਿੱਤਾ। ਪੰਜ ਪਿਆਰੇ ਵੱਖ ਵੱਖ ਸੂਬਿਆਂ ਦੇ ਵੱਖ ਵੱਖ ਭਾਸ਼ਾਵਾਂ ਬੋਲਣ ਵਾਲੇ ਅਤੇ ਵੱਖ ਵੱਖ ਜਾਤਾਂ ਦੇ ਸਨ। ਗੁਰੂ ਸਾਹਿਬ ਨੇ ਉੁਨ੍ਹਾਂ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਦੀ ਦਾਤ ਦੇ ਕੇ ਜਿੱਥੇ ਸਦੀਆਂ ਤੋਂ ਸਮਾਜ ਨੂੰ ਚਿੰਬਡ਼ੀ ਹੋਈ ਜਾਤ-ਪਾਤ ਦੀ ਬੁਰਾਈ ਉੱਤੇ ਤਕਡ਼ੀ ਸੱਟ ਮਾਰੀ ਤੇ ਸਮਾਜ ਵਿੱਚ ਬਰਾਬਰੀ ਲਿਆਉਣ ਦਾ ਬੀਡ਼ਾ ਚੁੱਕਿਆ ਉੱਥੇ ਸਮਾਜ ਦੇ ਲਿਤਾਡ਼ੇ ਅਤੇ ਆਪਣੇ ਆਪ ਨੂੰ ਨਿਮਾਣੇ, ਨਿਆਸਰੇ ਅਤੇ ਬੇਵੱਸ ਸਮਝ ਰਹੇ ਮਜ਼ਲੂਮਾਂ ਨੂੰ ਮਰਦੇ ਕਾਮਿਲ ਬਣਾ ਦਿੱਤਾ।
ਗੁਰੂ ਗੋਬਿੰਦ ਸਿੰਘ ਜੀ ਨੇ ਅਨਿਆਂ ਅਤੇ ਧਾਰਮਿਕ ਕੱਟਡ਼ਪੁਣੇ ਵਿਰੁੱਧ ਮਹਾਨ ਜੱਦੋ-ਜਹਿਦ ਕੀਤੀ ਅਤੇ ਲਾਮਿਸਾਲ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਨੇ ਆਪਣੇ ਪਿਤਾ-ਮਾਤਾ ਜੀ, ਚਾਰੇ ਸਾਹਿਬਜ਼ਾਦਿਆਂ ਅਤੇ ਅਣਗਿਣਤ ਸਿੰਘਾਂ ਨੂੰ ਹੱਸਦਿਆਂ ਹੱਸਦਿਆਂ ਦੇਸ਼ ਧਰਮ ਤੋਂ ਕੁਰਬਾਨ ਕਰ ਦਿੱਤਾ। ਅਜਿਹੇ ਮਹਾਨ ਤਿਆਗ ਅਤੇ ਬੇਜੋਡ਼ ਕੁਰਬਾਨੀ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚੋਂ ਭਾਲਣੀ ਮੁਸ਼ਕਿਲ ਹੈ। ਉਨ੍ਹਾਂ ਦੀ ਲਡ਼ਾਈ ਕਿਸੇ ਖ਼ਾਸ ਫ਼ਿਰਕੇ ਦੇ ਵਿਰੁੱਧ ਨਹੀਂ ਸਗੋਂ ਜੁਲਮ ਅਤੇ ਫ਼ਿਰਕਾਪ੍ਰਸਤੀ ਦੇ ਵਿਰੁੱਧ ਸੀ। ਗੁਰੂ ਸਾਹਿਬ ਤਾਂ ਧਾਰਮਿਕ ਸਹਿਣਸ਼ੀਲਤਾ ਅਤੇ ਮਨੁੱਖੀ ਏਕਤਾ ਦੇ ਮਹਾਨ ਅਲੰਬਰਦਾਰ ਸਨ। ਉਹ ਲਿਖਦੇ ਹਨ:
ਹਿੰਦੂ ਤੁਰਕ, ਕੋਊ ਰਾਫ਼ਜੀ ਇਮਾਮ ਸਾਫ਼ੀ
ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ।।
ਉਨ੍ਹਾਂ ਅਨੁਸਾਰ ਮਨੁੱਖਤਾ ਨੂੰ ਪਿਆਰ ਕਰਨਾ ਹੀ ਸੱਚੀ ਇਬਾਦਤ ਹੈ ਕਿਉਂਕਿ ਪਿਆਰ ਦਾ ਦੂਜਾ ਨਾਂ ਹੀ ਰੱਬ ਹੈ। ਬਹੁਤ ਸਾਰੇ ਮੁਸਲਮਾਨ ਵੀ ਗੁਰੂ ਸਾਹਿਬ ਦੇ ਮੁਰੀਦ ਰਹੇ ਹਨ ਜਿਨ੍ਹਾਂ ਵਿੱਚੋਂ ਪੀਰ ਬੁੱਧੂ ਸ਼ਾਹ, ਨਬੀ ਖਾਨ, ਗਨੀ ਖਾਂ ਅਤੇ ਜਰਨੈਲ ਸੈਦ ਖਾਂ ਦੇ ਨਾਂ ਖ਼ਾਸ ਤੌਰ ’ਤੇ ਵਰਨਣਯੋਗ ਹਨ।
ਗੁਰੂ ਸਾਹਿਬ ਜਿੱਥੇ ਆਪ ਉੱਚ ਕੋਟੀ ਦੇ ਕਵੀ, ਚਿੰਤਕ ਅਤੇ ਦਾਨਿਸ਼ਵਰ ਸਨ ਉੱਥੇ ਉਹ ਕਵੀਆਂ ਅਤੇ ਕਲਾਕਾਰਾਂ ਦੇ ਬਹੁਤ ਵੱਡੇ ਸਰਪ੍ਰਸਤ ਵੀ ਸਨ। ਉਨ੍ਹਾਂ ਦੇ ਦਰਬਾਰ ਵਿੱਚ 52 ਕਵੀ ਸਨ ਜਿਨ੍ਹਾਂ ਨੂੰ ਸਮੇਂ-ਸਮੇਂ ਗੁਰੂ ਸਾਹਿਬ ਇਨਾਮ ਅਕਰਾਮ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕਰਦੇ ਸਨ। ਗੁਰੂ ਸਾਹਿਬ ਦੀ ਰਚਨਾ ਫਾਰਸੀ, ਬ੍ਰਿਜ ਭਾਸ਼ਾ ਅਤੇ ਪੰਜਾਬੀ ਵਿੱਚ ਮਿਲਦੀ ਹੈ।
ਕਿਸੇ ਮਹਾਨ ਸ਼ਖ਼ਸੀਅਤ ਦੀ ਜ਼ਿੰਦਗੀ ਦਾ ਮੁਲਾਂਕਣ ਕਰਨ ਲੱਗਿਆਂ, ਜ਼ਿੰਦਗੀ ਦੇ ਵਰ੍ਹੇ ਨਹੀਂ ਗਿਣੇ ਜਾਂਦੇ ਸਗੋਂ ਉਸ ਦੀਆਂ ਮਹਾਨ ਘਾਲਣਾਵਾਂ ਸਮਾਜ ਨੂੰ ਦੇਣ ਅਤੇ ਪ੍ਰਾਪਤੀਆਂ ਨੂੰ ਤੋਲਿਆ ਜਾਂਦਾ ਹੈ। ਗੁਰੂ ਸਾਹਿਬ ਭਾਵੇਂ 42 ਸਾਲ ਦੇ ਥੋਡ਼੍ਹੇ ਜਿਹੇ ਅਰਸੇ ਲਈ ਮਾਤ-ਲੋਕ ਵਿੱਚ ਵਿਚਰੇ ਪਰ ਆਪਣੀ ਮਹਾਨ ਅਤੇ ਉੱਚ ਕਰਨੀ ਦੁਆਰਾ ਉਨ੍ਹਾਂ ਨੇ ਦੇਸ਼ ਅਤੇ ਸੰਸਾਰ ਦੇ ਇਤਿਹਾਸ ’ਤੇ ਸਦੀਵੀ ਨਕਸ਼ ਛੱਡੇ।•
Tags:
Posted in: ਸਾਹਿਤ