ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਦੇ ਰਖਵਾਲੇ-ਬਾਬਾ ਦੀਪ ਸਿੰਘ ਸ਼ਹੀਦ

By January 26, 2016 0 Comments


baba deep singhਬਾਬਾ ਦੀਪ ਸਿੰਘ ਦਾ ਜਨਮ ਅੰਮ੍ਰਿਤਸਰ (ਹੁਣ ਤਰਨ ਤਾਰਨ) ਜ਼ਿਲ੍ਹੇ ਦੇ ਪਿੰਡ ਪਹੂਵਿੰਡ ਵਿਖੇ ਇਕ ਕਿਰਤੀ ਕਿਸਾਨ ਭਾਈ ਭਗਤਾ ਦੇ ਘਰ ਮਾਤਾ ਜੀਵਨੀ ਦੀ ਭਾਗਾਂ ਭਰੀ ਕੁੱਖ ਤੋਂ 26 ਜਨਵਰੀ 1682 ਮੁਤਾਬਕ 14 ਮਾਘ ਸੰਮਤ 1739 ਨੂੰ ਹੋਇਆ। ਬਾਬਾ ਦੀਪ ਸਿੰਘ ਦਾ ਪਾਲਣ-ਪੋਸ਼ਣ ਪਹੂਵਿੰਡ ਵਿਚ ਹੀ ਹੋਇਆ। ਅਨੰਦਪੁਰ ਸਾਹਿਬ ਤੋਂ ਆਪ ਨੇ ਆਪਣੇ ਮਾਤਾ-ਪਿਤਾ ਸਮੇਤ ਦਸਮੇਸ਼ ਪਿਤਾ ਜੀ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਅੰਮ੍ਰਿਤ ਛਕਣ ਉਪਰੰਤ ਅਨੰਦਪੁਰ ਸਾਹਿਬ ਹੀ ਟਿਕ ਗਏ। ਆਪ ਹਰ ਵੇਲੇ ਗੁਰਬਾਣੀ ਪਾਠ ਕਰਨ ਤੇ ਸਿਮਰਨ ਵਿਚ ਬਿਰਤੀ ਜੋੜੀ ਰੱਖਦੇ। ਅਨੰਦਪੁਰ ਸਾਹਿਬ ਵਿਚ ਹੀ ਆਪ ਨੇ ਸ਼ਾਸਤਰ ਤੇ ਸ਼ਸਤਰ ਵਿੱਦਿਆ ਹਾਸਲ ਕੀਤੀ। ਆਪ ਸੁਡੋਲ ਸਰੀਰ ਤੇ ਦ੍ਰਿੜ੍ਹ-ਇਰਾਦੇ ਦੇ ਮਾਲਕ ਸਨ। ਬਾਬਾ ਦੀਪ ਸਿੰਘ ਇਕ ਪ੍ਰੋੜ੍ਹ ਵਿਦਵਾਨ, ਮਹਾਨ ਸੂਰਬੀਰ, ਸੇਵਾ ਦੇ ਪੁੰਜ ਅਤੇ ਬਾਣੀ ਦੇ ਰਸੀਏ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੇ ਗਏ ਜੰਗਾਂ-ਯੁੱਧਾਂ ਵਿਚ ਬਾਬਾ ਦੀਪ ਸਿੰਘ ਨੇ ਸਰਗਰਮੀ ਨਾਲ ਹਿੱਸਾ ਲਿਆ। ਧੀਰਮੱਲੀਆਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਨੂੰ ਸੇਵਾ ਸੌਂਪ ਕੇ ਬੀੜ ਤਿਆਰ ਕਰਵਾਈ। ਉਸ ਬੀੜ ਦਾ ਪਾਠ ਸਿੱਖਾਂ ਨੂੰ ਅਰਥਾਂ ਸਮੇਤ ਪੜ੍ਹਾਇਆ। ਇਥੋਂ ਹੀ ਦਮਦਮੀ ਟਕਸਾਲ ਆਰੰਭ ਹੋਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਤੋਂ ਔਰੰਗਜ਼ੇਬ ਨਾਲ ਮੁਲਾਕਾਤ ਲਈ ਦੱਖਣ ਨੂੰ ਜਾਣ ਲੱਗੇ ਤਾਂ ਆਪ ਨੇ ਭਾਈ ਮਨੀ ਸਿੰਘ ਨੂੰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਸੇਵਾ-ਸੰਭਾਲ ਲਈ ਭੇਜ ਦਿੱਤਾ ਅਤੇ ਬਾਬਾ ਦੀਪ ਸਿੰਘ ਨੂੰ ਤਲਵੰਡੀ ਸਾਬੋ ਵਿਖੇ ਰਹਿ ਕੇ ਗੁਰਬਾਣੀ ਲਿਖਵਾਉਣ ਅਤੇ ਪੜ੍ਹਾਉਣ ਦੀ ਸੇਵਾ ਬਖਸ਼ਿਸ਼ ਕੀਤੀ। ਬਾਬਾ ਜੀ ਨੇ ਇਹ ਕਾਰਜ ਬੜੇ ਪਿਆਰ ਅਤੇ ਸ਼ਰਧਾ ਨਾਲ ਨਿਭਾਇਆ। ਆਪ ਆਏ-ਗਏ ਦੀ ਬੜੇ ਪਿਆਰ ਨਾਲ ਟਹਿਲ-ਸੇਵਾ ਕਰਦੇ। ਗੁਰਬਾਣੀ ਪਾਠ ਅਤੇ ਅਰਥ ਬੋਧ ਦੀ ਸਿੱਖਿਆ ਵਿਚ ਵੀ ਭਾਰੀ ਹਿੱਸਾ ਪਾਇਆ। ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਆਪਣੇ ਹੱਥੀਂ ਕੀਤੇ, ਜੋ ਵੱਖ-ਵੱਖ ਤਖ਼ਤ ਸਾਹਿਬਾਨ ‘ਤੇ ਭੇਜੇ ਗਏ। ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਏ ਤਾਂ ਬਾਬਾ ਦੀਪ ਸਿੰਘ ਨੇ ਉਨ੍ਹਾਂ ਦਾ ਡਟ ਕੇ ਸਾਥ ਦਿੱਤਾ ਅਤੇ ਜੰਗਾਂ ਵਿਚ ਹਿੱਸਾ ਲਿਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਪਿੱਛੋਂ ਆਪ ਫਿਰ ਦਮਦਮਾ ਸਾਹਿਬ ਟਿਕ ਗਏ ਅਤੇ ਗੁਰਬਾਣੀ ਪ੍ਰਚਾਰ ਦੀ ਸੇਵਾ ਨਿਭਾਉਂਦੇ ਰਹੇ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਪਰੰਤ ਸਿੱਖਾਂ ਉੱਤੇ ਜ਼ੁਲਮਾਂ ਦਾ ਦੌਰ ਅਰੰਭ ਹੋਇਆ। ਸਿੱਖਾਂ ਨੇ ਛੋਟੇ-ਛੋਟੇ ਜਥੇ ਬਣਾ ਕੇ ਜ਼ੁਲਮਾਂ ਦਾ ਸਾਹਮਣਾ ਕੀਤਾ। ਇਨ੍ਹਾਂ ਜਥਿਆਂ ਦੀ ਗਿਣਤੀ 65 ਤੱਕ ਸੀ। 1748 ਈ: ਵਿਚ ਪੰਥਕ ਆਗੂਆਂ ਨੇ ਮਿਲ ਕੇ ਦੁਸ਼ਮਣ ਦਾ ਟਾਕਰਾ ਕਰਨ ਲਈ ਵਿਉਂਤ ਬਣਾਈ ਅਤੇ ਸਾਰੇ ਜਥਿਆਂ ਨੂੰ ਤੋੜ ਕੇ 12 ਮਿਸਲਾਂ ਬਣਾਈਆਂ, ਇਨ੍ਹਾਂ ਵਿਚੋਂ ਇਕ ‘ਸ਼ਹੀਦ ਮਿਸਲ’ ਸੀ, ਜਿਸ ਦੀ ਵਾਗਡੋਰ ਬਾਬਾ ਦੀਪ ਸਿੰਘ ਨੂੰ ਸੌਂਪੀ ਗਈ। ਬਾਬਾ ਦੀਪ ਸਿੰਘ ਮਿਸਲ ਦੀ ਜਥੇਦਾਰੀ ਦੇ ਨਾਲ-ਨਾਲ ਧਰਮ-ਪ੍ਰਚਾਰ ਵਿਚ ਜੁਟੇ ਰਹੇ। 1757 ਈ: ਵਿਚ ਅਹਿਮਦ ਸ਼ਾਹ ਅਬਦਾਲੀ ਦਿੱਲੀ ਨੂੰ ਜਾਂਦਿਆਂ ਹੋਇਆਂ ਲਾਹੌਰ ਰੁਕਿਆ। ਉਸ ਨੇ ਅੰਮ੍ਰਿਤਸਰ ਸ਼ਹਿਰ ਦੀ ਲੁੱਟਮਾਰ ਕੀਤੀ ਅਤੇ ਪਾਵਨ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਢਾਹ ਦਿੱਤਾ। ਅੰਮ੍ਰਿਤ ਸਰੋਵਰ ਨੂੰ ਮਿੱਟੀ ਨਾਲ ਪੂਰ ਦਿੱਤਾ ਗਿਆ। ਬਾਬਾ ਦੀਪ ਸਿੰਘ ਨੂੰ ਜਦੋਂ ਗੁਰਧਾਮਾਂ ਦੀ ਬੇਅਦਬੀ ਹੋਣ ਬਾਰੇ ਪਤਾ ਲੱਗਾ ਤਾਂ ਇਲਾਕੇ ਦੇ ਸਿੰਘਾਂ ਨੂੰ ਇਕੱਠਾ ਕਰਕੇ ਤਲਵੰਡੀ ਸਾਬੋ ਤੋਂ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤੇ। ਸਿਰਲੱਥ ਸੂਰਮਿਆਂ ਦਾ ਜਥਾ ਜਦੋਂ ਤਰਨ ਤਾਰਨ ਨਜ਼ਦੀਕ ਪੁੱਜਾ ਤਾਂ ਇਨ੍ਹਾਂ ਦੀ ਗਿਣਤੀ ਪੰਜ ਹਜ਼ਾਰ ਦੇ ਕਰੀਬ ਹੋ ਗਈ। ਮੁਗ਼ਲ ਜਰਨੈਲ ਜਹਾਨ ਖਾਨ ਨੂੰ ਬਾਬਾ ਦੀਪ ਸਿੰਘ ਦੀ ਅਗਵਾਈ ਵਿਚ ਹੋਣ ਵਾਲੇ ਹਮਲੇ ਬਾਰੇ ਪਤਾ ਲੱਗਾ ਤਾਂ ਉਸ ਨੇ ਜਰਨੈਲ ਅਤਾਈ ਖਾਨ ਨੂੰ ਹਮਲੇ ਦਾ ਟਾਕਰਾ ਕਰਨ ਲਈ ਭੇਜਿਆ। ਗੋਹਲਵੜ ਦੇ ਸਥਾਨ ‘ਤੇ ਦੋਵਾਂ ਫ਼ੌਜਾਂ ਵਿਚ ਟੱਕਰ ਹੋਈ। ਜਹਾਨ ਖਾਨ ਵੀ ਦੋ ਹਜ਼ਾਰ ਅਫਗਾਨੀ ਸਿਪਾਹੀ ਲੈ ਕੇ ਗੋਹਲਵੜ ਦੇ ਸਥਾਨ ‘ਤੇ ਆ ਡਟਿਆ। ਪਹਿਲੇ ਹੀ ਹੱਲੇ ਵਿਚ ਜਹਾਨ ਖਾਂ ਦੇ ਸਿਪਾਹੀਆਂ ਦੇ ਪੈਰ ਉੱਖੜ ਗਏ ਅਤੇ ਉਹ ਰਣ-ਖੇਤਰ ‘ਚੋਂ ਭੱਜ ਉਠੇ। ਜਰਨੈਲ ਅਤਾਈ ਖਾਂ ਵੀ ਫ਼ੌਜ ਦਾ ਵੱਡਾ ਦਲ ਲੈ ਕੇ ਆ ਗਿਆ ਸੀ। ਘਮਸਾਨ ਦਾ ਯੁੱਧ ਹੋਇਆ। ਸਿੰਘ ਆਪਣੇ ਪਾਵਨ ਤੀਰਥ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਲਈ ਜਾਨ ਮਾਰ ਕੇ ਲੜ ਰਹੇ ਸਨ। ਇਨ੍ਹਾਂ ਨੇ ਅਫਗਾਨਾਂ ਦੇ ਛੱਕੇ ਛੁਡਾ ਦਿੱਤੇ। ਘਮਸਾਨ ਯੁੱਧ ਵਿਚ ਦੁਸ਼ਮਣ ਵੱਲੋਂ ਬਾਬਾ ਜੀ ਦੀ ਧੌਣ ‘ਤੇ ਤਲਵਾਰ ਦਾ ਘਾਤਕ ਵਾਰ ਕੀਤਾ ਗਿਆ। ਆਪ ਗੁਰੂ ਬਖਸ਼ਿਸ਼ ਸਦਕਾ ਆਖ਼ਰੀ ਦਮ ਤੱਕ ਸੀਸ ਤਲੀ ਧਰ ਲੜਦਿਆਂ ਅੱਗੇ ਵਧਦੇ ਗਏ। ਆਖਰ ਬਾਬਾ ਦੀਪ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਸਤਿਗੁਰੂ ਨੂੰ ਸੀਸ ਭੇਟ ਕਰਕੇ ਸਵਾਸ ਤਿਆਗ ਦਿੱਤੇ। ਸਿੱਖ ਕੌਮ ਨੂੰ ਮਾਣ ਹੈ ਕਿ 75 ਸਾਲ ਦੀ ਵਡੇਰੀ ਉਮਰ ਦੇ ਬਾਬਾ ਦੀਪ ਸਿੰਘ ਨੇ ਸਿੱਖ ਗੁਰਧਾਮਾਂ ਦੀ ਬੇਅਦਬੀ ਨੂੰ ਵੰਗਾਰ ਸਮਝ ਕੇ ਉਸ ਦੀ ਰੱਖਿਆ ਲਈ ਸਿਰ ਤਲੀ ‘ਤੇ ਧਰ ਕੇ ਜੂਝਦਿਆਂ ਸ਼ਹਾਦਤ ਪ੍ਰਾਪਤ ਕੀਤੀ। ਉਨ੍ਹਾਂ ਦੇ ਮਨ ‘ਚ ਗੁਰੂ ਪ੍ਰਤੀ ਪ੍ਰੇਮ ਦੀ ਤਾਂਘ ਅਤੇ ਸਿੱਖੀ ਸਿਧਾਂਤਾਂ ਦੀ ਰੱਖਿਆ ਦੀ ਰੀਝ ਸੀ। ਸਤਿਗੁਰਾਂ ਦਾ ਦਿੱਤਾ ਹੁਕਮ ਉਨ੍ਹਾਂ ਨੇ ਕਮਾ ਕੇ ਦਿਖਾ ਦਿੱਤਾ। ਆਓ! ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ‘ਤੇ ਅਸੀਂ ਵੀ ਆਪਣੇ ਗੁਰਧਾਮਾਂ ਦੀ ਸੇਵਾ-ਸੰਭਾਲ ਅਤੇ ਪਹਿਰੇਦਾਰੀ ਬਾਬਾ ਦੀਪ ਸਿੰਘ ਦੀ ਸੋਚ ਦੇ ਅਨੁਸਾਰੀ ਹੋ ਕੇ ਕਰੀਏ।
ਦਿਲਜੀਤ ਸਿੰਘ ਬੇਦੀ
-ਐਡੀ: ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।




Tags:
Posted in: ਸਾਹਿਤ