ਝੂਠੇ ਕੇਸ ਦਰਜ ਕਰਨ ਵਾਲੇ ਪੁਲੀਸ ਵਾਲਿਆ ਦੇ ਖਿਲਾਫ ਮਾਨਹਾਨੀ ਦੇ ਕੇਸ ਦਾਇਰ ਕੀਤੇ ਜਾਣਗੇ-ਭਾਈ ਮੋਹਕਮ ਸਿੰਘ

By January 23, 2016 0 Comments


Bhai-Mohkam-Singh ਅੰਮ੍ਰਿਤਸਰ 23 ਜਨਵਰੀ (ਜਸਬੀਰ ਸਿੰਘ) ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਤੇ ਚੱਬਾ ਵਿਖੇ ਕਰਵਾਏ ਗਏ ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕ ਭਾਈ ਮੋਹਕਮ ਸਿੰਘ ਨੇ ਇੱਕ ਵਾਰੀ ਫਿਰ ਪੰਜਾਬ ਐੰਡ ਹਰਿਆਣਾ ਹਾਈਕੋਰਟ ਵਿੱਚ ਆਪਣੀ ਸੁਰੱਖਿਆ ਨੂੰ ਲੈ ਕੇ ਇੱਕ ਦਾਇਰ ਕੀਤੀ ਪਟੀਸ਼ਨ ਵਿੱਚ ਪੰਜਾਬ ਸਰਕਾਰ ਤੋ ਜਾਣਕਾਰੀ ਮੰਗੀ ਹੈ ਕਿ ਉਹਨਾਂ ਦੇ ਖਿਲਾਫ ਕਿੰਨੇ ਕੇਸ ਦਰਜ ਕੀਤੇ ਗਏ ਹਨ ਤਾਂ ਕਿ ਉਹ ਆਪਣੀ ਜ਼ਮਾਨਤ ਕਰਵਾ ਸਕਣ। ਉਹਨਾਂ ਕਿਹਾ ਕਿ ਪੁਲੀਸ ਵੱਲੋ ਉਹਨਾਂ ਦੇ ਖਿਲਾਫ ਝੂਠੇ ਕੇਸ ਦਾਇਰ ਕੀਤੇ ਹਨ ਅਤੇ ਇਹਨਾਂ ਬਾਰੇ ਉਹ ਕਨੂੰਨਦਾਨਾਂ ਨਾਲ ਸਲਾਹ ਮਸ਼ਵਰਾ ਕਰਕੇ ਮਾਨਹਾਨੀ ਦੇ ਕੇਸ ਵੀ ਦਾਇਰ ਕਰਨਗੇ।

ਭਾਈ ਮੋਹਕਮ ਸਿੰਘ ਦੇ ਫਰਜ਼ੰਦ ਭਾਈ ਸੁਖਦੀਪ ਸਿੰਘ ਨੇ ਦੱਸਿਆ ਕਿ ਭਾਈ ਸਾਹਿਬ ਦੀ ਹਾਈਕੋਰਟ ਵਿੱਚੋ ਜ਼ਮਾਨਤ ਹੋਣ ਉਪਰੰਤ ਵੀ ਉਹਨਾਂ ਨੂੰ ਹੋਰ ਕਈ ਕੇਸਾਂ ਵਿੱਚ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਜੋ ਪੂਰੀ ਤਰ•ਾ ਸੰਵਿਧਾਨ ਤੇ ਕਨੂੰਨ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਹਾਈਕੋਰਟ ਦੇ ਜੱਜ ਐਮ.ਐਮ.ਐਸ. ਬੇਦੀ ਨੇ ਪੰਜਾਬ ਸਰਕਾਰ ਸਮੇਤ ਪੁਲੀਸ ਦੇ ਡੀ.ਜੀ.ਪੀ ਅਤੇ ਅੰਮ੍ਰਿਤਸਰ ਦੇ ਕਮਿਸ਼ਨਰ ਪੁਲੀਸ ਅਤੇ ਐਸ.ਐਸ.ਪੀ (ਦਿਹਾਤੀ) ਨੂੰ 8 ਫਰਵਰੀ ਲਈ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਪਟੀਸ਼ਨ ਵਿੱਚ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਜਿਹਨਾਂ ਕੋਲ ਗ੍ਰਹਿ ਵਿਭਾਗ ਵੀ ਹੈ ਨੂੰ ਵੀ ਪਾਰਟੀ ਬਣਾਇਆ ਗਿਆ ਹੈ।

ਉਹਨਾਂ ਦੱਸਿਆ ਕਿ ਭਾਈ ਮੋਹਕਮ ਸਿੰਘ ਨੇ ਪਟੀਸ਼ਨ ਵਿੱਚ ਅਦਾਲਤ ਨੂੰ ਦੱਸਿਆ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲੀਸ ਜਾਣ ਬੁੱਝ ਕੇ ਉਹਨਾਂ ਨੂੰ ਵੱਖ ਵੱਖ ਕੇਸਾ ਵਿੱਚ ਫਸਾਉਣਾ ਚਾਹੁੰਦੀ ਹੈ ਕਿਉਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਮਾਮਲੇ ਵਿੱਚ ਸਰਕਾਰ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੋਈ ਕਾਰਵਾਈ ਨਹੀ ਕੀਤੀ ਗਈ ਜਦ ਕਿ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਅਵਾਜ ਬੁਲੰਦ ਕੀਤੀ ਸੀ। ਉਹਨਾਂ ਕਿਹਾ ਕਿ ਪਿੰਡ ਚੱਬਾ ਵਿਖੇ ਕੀਤੇ ਗਏ ਸਰਬੱਤ ਖਾਲਸਾ ਸਮਾਗਮ ਵਿੱਚ ਸਰਕਾਰ ਦੇ ਖਿਲਾਫ ਸ਼ਾਤਮਈ ਤਰੀਕੇ ਨਾਲ ਅਵਾਜ ਉਠਾਈ ਗਈ ਸੀ। ਉਹਨਾਂ ਕਿਹਾ ਕਿ ਸਰਬੱਤ ਖਾਲਸਾ ਸਮਾਗਮ ਵਿੱਚ ਦੇਸ਼ ਦੀ ਪ੍ਰਭੂਸੱਤਾ ਖਿਲਾਫ ਕਿਸੇ ਕਿਸਮ ਦੀ ਕੋਈ ਟਿੱਪਣੀ ਨਹੀ ਹੋਈ ਅਤੇ ਨਾ ਹੀ ਕਿਸੇ ਕਿਸਮ ਦਾ ਕੋਈ ਭੜਕਾਉ ਭਾਸ਼ਨ ਹੋਇਆ ਦੇਸ਼ ਧ੍ਰੋਹੀ ਬਾਰੇ ਤਾਂ ਕੋਈ ਗੱਲ ਆਖੀ ਜਾਣੀ ਬਹੁਤ ਦੂਰ ਦੀ ਗੱਲ ਹੈ, ਉਹ ਤਾਂ ਸਗੋ ਹਮੇਸ਼ਾਂ ਹੀ ਵੱਖ ਵੱਖ ਭਾਈਚਾਰਿਆ ਵਿਸ਼ੇਸ਼ ਕਰਕੇ ਹਿੰਦੂ ਸਿੱਖ ਏਕਤਾ ਦੇ ਮੁਦੱਈ ਰਹੇ ਹਨ। ਉਹਨਾਂ ਕਿਹਾ ਕਿ ਭਾਂਵੇ ਸਰਬੱਤ ਖਾਲਸਾ ਵਿੱਚ ਕੋਈ ਦੇਸ਼ ਵਿਰੋਧੀ ਕੋਈ ਟਿੱਪਣੀ ਨਹੀ ਹੋਈ ਪਰ ਸਰਕਾਰ ਨੇ ਉਹਨਾਂ ਵਿਰੁੱਧ ਭੜਕਾਊ ਭਾਸ਼ਨ ਦੇਣ, ਦੇਸ਼ਧ੍ਰੋਹੀ ਅਤੇ ਗੈਰ ਕਨੂੰਨੀ ਗਤੀਵਿਧੀਆ ਕਰਨ ਵਿਰੁੱਧ ਆਈ.ਪੀ.ਸੀ ਦੀ ਧਾਰਾ 124ਏ, 153ਏ, 153 ਬੀ, 115,117, 120 ਬੀ ਗੈਰ ਕਨੂੰਨੀ ਐਕਟ ਲਗਾ ਕੇ ਧਾਰਾ 13-1 ਅਤੇ ਆਈ.ਟੀ ਐਕਟ ਦੀ ਧਾਰਾ 66 ਐਫ ਦੇ ਤਹਿਤ ਅੰਮ੍ਰਿਤਸਰ ਦੇ ਚਾਟੀਵਿੰਡ ਪੁਲੀਸ ਥਾਣੇ ਵਿੱਚ 12 ਨਵੰਬਰ ਨੂੰ ਦਰਜ ਕੀਤਾ ਗਿਆ ਪਰ ਉਹਨਾਂ ਨੂੰ 10 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਹੜੀ ਭਾਰਤੀ ਸੰਵਿਧਾਨ ਤੇ ਕਨੂੰਨੀ ਪ੍ਰਕਿਰਿਆ ਦੇ ਖਿਲਾਫ ਹੈ । ਉਹਨਾਂ ਕਿਹਾ ਕਿ ਆਮ ਤੌਰ ਤੇ ਕਨੂੰਨ ਮੁਤਾਬਕ ਪਹਿਲਾਂ ਪਰਚਾ ਦਰਜ ਹੁੰਦਾ ਹੈ ਤੇ ਫਿਰ ਗ੍ਰਿਫਤਾਰੀ ਹੁੰਦੀ ਹੈ ਪਰ ਉਹਨਾਂ ਦੀ ਗ੍ਰਿਫਤਾਰੀ ਪਹਿਲਾਂ ਕੀਤੀ ਗਈ।

ਭਾਈ ਮੋਹਕਮ ਸਿੰਘ ਨੇ ਮੰਗ ਕੀਤੀ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਪੁਲੀਸ ਨੇ ਉਹਨਾਂ ਦੇ ਖਿਲਾਫ ਹੁਣ ਤੱਕ ਕਿੰਨੇ ਕੇਸ ਦਰਜ ਕੀਤੇ ਹਨ ਕਿਉਕਿ ਉਹਨਾਂ ਨੂੰ ਅਦਾਲਤ ਵਿੱਚੋ ਜ਼ਮਾਨਤ ਮਿਲਣ ਉਪਰੰਤ ਦੂਸਰੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਉਹਨਾਂ ਅਦਾਲਤ ਵਿੱਚ ਇਹ ਵੀ ਗੁਹਾਰ ਲਗਾਈ ਕਿ ਉਹਨਾਂ ਦੀ ਸੁਰੱਖਿਆ ਦੇ ਪ੍ਰਬੰਧ ਕਰਨ ਦੇ ਨਾਲ ਨਾਲ ਉਹਨਾਂ ਨੂੰ ਗ੍ਰਿਫਤਾਰ ਕਰਨ ਤੋ ਪਹਿਲਾਂ 15 ਦਿਨ ਦਾ ਨੋਟਿਸ ਦਿੱਤਾ ਜਾਵੇ।