ਰਾਮ ਰਹੀਮ ਦਾ ਪੁਤਲਾ ਸਾੜਨ ਦਾ ਮਾਮਲਾ – ਸ਼ਿਵ ਸੈਨਿਕ ਤੇ ਰਾਮ ਰਹੀਮ ਦੇ ਚੇਲੇ ਭਿੜੇ

By January 20, 2016 0 Comments


ram rahimਲੁਧਿਆਣਾ, –ਸਥਾਨਕ ਘੰਟਾ ਘਰ ਚੌਕ ‘ਚ ਸਿਰਸਾ ਡੇਰਾ ਮੁਖੀ ਰਾਮ ਰਹੀਮ ਦਾ ਪੁਤਲਾ ਫੂਕ ਰਹੇ ਸ਼ਿਵ ਸੈਨਿਕਾਂ ਤੇ ਡੇਰਾ ਚੇਲੇ ਆਪਸ ਵਿਚ ਭਿੜ ਪਏ | ਸਿੱਟੇ ਵਜੋਂ ਇਕ ਸ਼ਿਵ ਸੈਨਾ ਆਗੂ ਜ਼ਖ਼ਮੀ ਹੋ ਗਿਆ ਹੈ | ਪੁਲਿਸ ਵੱਲੋਂ ਕੀਤੀ ਦਖ਼ਲਅੰਦਾਜ਼ੀ ਕਾਰਨ ਉਥੇ ਵੱਡਾ ਟਕਰਾਅ ਹੋਣੋ ਟਲ ਗਿਆ | ਡੇਰਾ ਮੁਖੀ ਵੱਲੋਂ ਕਥਿਤ ਤੌਰ ‘ਤੇ ਵਿਸ਼ਨੂੰ ਭਗਵਾਨ ਦਾ ਰੂਪ ਧਾਰਨ ਕਰਨ ਦੇ ਮਾਮਲੇ ਨੂੰ ਲੈ ਕੇ ਸ਼ਿਵ ਸੈਨਿਕ ਸ੍ਰੀ ਰੋਹਿਤ ਸ਼ਰਮਾ ਦੀ ਅਗਵਾਈ ਹੇਠ ਘੰਟਾ ਘਰ ਵਿਚ ਪ੍ਰਦਰਸ਼ਨ ਕਰ ਰਹੇ ਸਨ | ਇਸ ਦੌਰਾਨ ਉਥੇ ਕੁਝ ਡੇਰਾ ਪ੍ਰੇਮੀ ਵੀ ਆ ਗਏ ਤੇ ਉਨ੍ਹਾਂ ਨੇ ਸ਼ਿਵ ਸੈਨਿਕਾਂ ਨੂੰ ਅਜਿਹਾ ਕਰਨ ਤੋਂ ਰੋਕਿਆ, ਪਰ ਸ਼ਿਵ ਸੈਨਿਕ ਨਾ ਮੰਨੇ | ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਿਆ ਤੇ ਨੌਬਤ ਹੱਥੋਪਾਈ ਤੱਕ ਆ ਗਈ |

ਪੁਤਲਾ ਫੂਕ ਰਹੇ ਸ਼ਿਵ ਸੈਨਿਕਾਂ ਹੱਥੋਂ ਡੇਰਾ ਪ੍ਰੇਮੀਆਂ ਨੇ ਪੁਤਲਾ ਖੋਹਣ ਦੀ ਕੋਸ਼ਿਸ਼ ਕੀਤੀ | ਸੂਚਨਾ ਮਿਲਦੇ ਏ. ਡੀ. ਸੀ. ਪੀ. ਜੋਗਿੰਦਰ ਸਿੰਘ ਤੇ ਏ. ਸੀ. ਪੀ. ਸਤੀਸ਼ ਮਲਹੋਤਰਾ ਭਾਰੀ ਪੁਲਿਸ ਫੋਰਸ ਲੈ ਕੇ ਉਥੇ ਪਹੰੁਚੇ | ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ਵੱਖ-ਵੱਖ ਕੀਤਾ | ਇਸ ਤਕਰਾਰ ਵਿਚ ਰੋਹਿਤ ਦੇ ਸੱਟਾ ਵੀ ਲੱਗੀਆਂ ਹਨ ਤੇ ਉਸ ਦੀ ਮੈਡੀਕਲ ਜਾਂਚ ਕਰਵਾਈ ਗਈ ਹੈ | ਰੋਹਿਤ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ, ਪਰ ਦੇਰ ਸ਼ਾਮ ਤੱਕ ਇਸ ਮਾਮਲੇ ‘ਚ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਸੀ | ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਦਾ ਕਿਹਾ ਜਾ ਰਿਹਾ ਸੀ | ਘਟਨਾ ਤੋਂ ਬਾਅਦ ਪੁਲਿਸ ਨੇ ਘੰਟਾ ਘਰ ਚੌਕ ਨੇੜੇ ਸੁਰੱਖਿਆ ਪ੍ਰਬੰਧ ਕਰੜੇ ਕਰ ਦਿੱਤੇ ਹਨ | ਪੁਲਿਸ ਅਧਿਕਾਰੀਆਂ ਦੀ ਦਖ਼ਲ ਅੰਦਾਜ਼ੀ ਕਾਰਨ ਸ਼ਿਵ ਸੈਨਿਕ ਪੁਤਲਾ ਨਹੀਂ ਫੂਕ ਸਕੇ |