ਅਚਾਨਕ ਗੋਲੀ ਲੱਗਣ ਕਾਰਨ ਅਕਾਲੀ ਆਗੂ ਦੇ ਇਕਲੌਤੇ ਪੁੱਤਰ ਦੀ ਮੌਤ

By January 18, 2016 0 Comments


goliਪਟਿਆਲਾ, 18 ਜਨਵਰੀ-ਰਾਜਪੁਰਾ ਰੋਡ ’ਤੇ ਪੈਂਦੇ ਪਿੰਡ ਕੌਲੀ ’ਚ ਅਚਾਨਕ ਚੱਲੀ ਗੋਲੀ ਕਾਰਨ ਸ਼੍ਰੋਮਣੀ ਅਕਾਲੀ ਦਲ ਸਰਕਲ ਬਹਾਦਰਗੜ੍ਹ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਜੀਤ ਸਿੰਘ ਕੌਲੀ ਦੇ ਪੁੱਤਰ ਸੱਚਦੀਪ ਸਿੰਘ (25) ਦੀ ਮੌਤ ਹੋ ਗਈ| ਸੱਚਦੀਪ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ| ਜਿਕਰਯੋਗ ਹੈ ਕਿ ਪਰਿਵਾਰ ਵੱਲੋਂ ਖੁਸ਼ੀ ਵਿੱਚ ਸ਼ਨਿਚਰਵਾਰ ਨੂੰ ਅਖੰਡ ਪਾਠ ਰਖਵਾਇਆ ਗਿਆ ਸੀ, ਜਿਸ ਦਾ ਅੱਜ ਭੋਗ ਪੈਣਾ ਸੀ।

ਪਰਿਵਾਰਕ ਅਤੇ ਪੁਲੀਸ ਸੂਤਰਾਂ ਅਨੁਸਾਰ ਐਤਵਾਰ ਨੂੰ ਸੱਚਦੀਪ ਸਿੰਘ ਪਾਠ ਕਾਰਨ ਘਰ ਵਿੱਚ ਪਿਆ ਸਾਮਾਨ ਚੁੱਕ ਕੇ ਸੰਭਾਲ ਰਿਹਾ ਸੀ। ਉਹ ਜਦੋਂ ਪਿਤਾ ਦੀ 12 ਬੋਰ ਦੀ ਲਾਇਸੈਂਸੀ ਰਾਈਫਲ ਚੁੱਕ ਕੇ ਅਲਮਾਰੀ ਵਿੱਚ ਰੱਖਣ ਲੱਗਾ ਤਾਂ ਲੋਡਿਡ ਹੋਣ ਕਰ ਕੇ ਰਾਈਫਲ ’ਚੋਂ ਗੋਲੀ ਚੱੱਲ ਗਈ, ਜੋ ਉਸ ਦੀ ਛਾਤੀ ਵਿੱਚ ਵੱਜੀ। ਉਸ ਨੂੰ ਪਹਿਲਾਂ ਗਿਆਨ ਸਾਗਰ ਹਸਪਤਾਲ ਅਤੇ ਫਿਰ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ, ਜਿਥੇ ਉਸ ਨੇ ਸੋਮਵਾਰ ਤਡ਼ਕੇ ਦਮ ਤੋੜ ਦਿੱਤਾ। ਉਸ ਦਾ ਅੱਜ ਸ਼ਾਮ ਪਿੰਡ ’ਚ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਂਜ ਪਰਿਵਾਰ ਨੇ ਘਰ ਵਿੱਚ ਅਖੰਡ ਪਾਠ ਦਾ ਭੋਗ ਵੀ ਪਾਇਆ|

ਉਧਰ ਪੁਲੀਸ ਚੌਕੀ ਬਹਾਦਰਗੜ੍ਹ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਸੰਬਧੀ ਧਾਰਾ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ| ਅਕਾਲੀ ਦਲ ਦੇ ਹਲਕਾ ਸਨੌਰ ਦੇ ਇੰਚਾਰਜ ਤੇਜਿੰਦਰਪਾਲ ਸਿੰਘ ਸੰਧੂ, ਸ਼੍ਰੋਮਣੀ ਕਮੇਟੀ ਦੇ ਕਾਰਜਕਾਰਨੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਜ਼ਿਲ੍ਹਾ ਜਨਰਲ ਸਕੱਤਰ ਬਲਵਿੰਦਰ ਸਿੰਘ ਦੌਣਕਲਾਂ, ਗੁਰਦੀਪ ਸਿੰਘ ਸ਼ੇਖਪੁਰਾ ਅਤੇ ਬਲਾਕ ਸਮਿਤੀ ਮੈਂਬਰ ਭੁਪਿੰਦਰ ਸਿੰਘ ਸੈਫਦੀਪੁਰ ਆਦਿ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ|
Source : Punjabi Tribune

Posted in: ਪੰਜਾਬ