ਬੇੜੀ ਹਾਦਸਾ: ਦੋ ਟਰੈਵਲ ਏਜੰਟ ਕਾਬੂ

By January 18, 2016 0 Comments


boatਜਲੰਧਰ, 18 ਜਨਵਰੀ-ਟਰੈਵਲ ਏਜੰਟਾਂ ਰਾਹੀਂ ਸਮੁੰਦਰ ਰਸਤੇ ਅਮਰੀਕਾ ਜਾ ਰਹੇ ਨੌਜਵਾਨਾਂ ਵਾਲੀ ਬੇੜੀ ਦੇ ਡੁੱਬਣ ਸਬੰਧੀ ਮਾਮਲੇ ਵਿੱਚ ਪੁਲੀਸ ਨੇ ਦੋ ਟਰੈਵਲ ਏਜੰਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਟਰੈਵਲ ਏਜੰਟਾਂ ਦੀ ਪਛਾਣ ਹਰਭਜਨ ਸਿੰਘ ਵਾਸੀ ਭਟਨੂਰਾ ਲੁਬਾਣਾ ਅਤੇ ਕੁਲਵਿੰਦਰ ਸਿੰਘ ਮੁਲਤਾਨੀ ਵਾਸੀ ਭੋਗਪੁਰ ਵਜੋਂ ਹੋਈ ਹੈ। ਪੁਲੀਸ ਨੇ ਹਰਭਜਨ ਸਿੰਘ ਦਾ ਦੋ ਦਿਨਾਂ ਰਿਮਾਂਡ ਹਾਸਲ ਕਰ ਲਿਆ ਹੈ। ਪੁਲੀਸ ਤੀਜੇ ਟਰੈਵਲ ਏਜੰਟ ਦੀ ਭਾਲ ਕਰ ਰਹੀ ਹੈ। ਇਹ ਦੋਵੇਂ ਟਰੈਵਲ ਏਜੰਟ ਉਸ ਨੂੰ ਬੰਦੇ ਇਕੱਠੇ ਕਰਕੇ ਦਿੰਦੇ ਸਨ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਈਜੀ ਜਲੰਧਰ ਜ਼ੋਨ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਫੜੇ ਗਏ ਦੋਵੇਂ ਜਣੇ ਸਬ ਏਜੰਟ ਹਨ ਅਤੇ ਇਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛ ਪਡ਼ਤਾਲ ਕੀਤੀ ਜਾ ਰਹੀ ਹੈ।

ਇਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 420, 406 ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਡੀਐਸਪੀ ਭੁਲੱਥ ਦੀ ਅਗਵਾਈ ਹੇਠ ਟੀਮ ਬਣਾਈ ਗਈ ਹੈ। ਪਨਾਮਾ-ਕੋਲੰਬੀਆ ਤੋਂ ਸਮੁੰਦਰ ਰਾਹੀਂ ਅਮਰੀਕਾ ਜਾ ਰਹੇ 20 ਦੇ ਕਰੀਬ ਨੌਜਵਾਨਾਂ ਦੀ ਬੇੜੀ ਨੂੰ ਪੇਸ਼ ਆਏ ਹਾਦਸੇ ਵਿੱਚ ਸਿਰਫ ਇਕ ਨੌਜਵਾਨ ਜਸਵਿੰਦਰ ਸਿੰਘ ਵਾਸੀ ਲੜੋਈ (ਜਲੰਧਰ) ਵੱਲੋਂ ਆਪਣੇ ਘਰ ਕੀਤੇ ਗਏ ਫੋਨ ਨੂੰ ਅਾਧਾਰ ਬਣਾ ਕੇ ਹੀ ਪੁਲੀਸ ਅਧਿਕਾਰੀ ਗੱਲਾਂ ਕਰ ਰਹੇ ਹਨ। ਇਸ ਹਾਦਸੇ ਬਾਰੇ ਪੁਖਤਾ ਜਾਣਕਾਰੀ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਕੋਲ ਵੀ ਨਹੀਂ ਹੈ।

ਜ਼ਿਕਰਯੋਗ ਹੈ ਕਿ ਕੱਲ੍ਹ ਜੈਦਾਂ ਪਿੰਡ ਦੇ ਬਚਨ ਸਿੰਘ ਨੇ ਥਾਣਾ ਭੁਲੱਥ ’ਚ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਪੁੱਤਰ ਗੁਰਵਿੰਦਰ ਸਿੰਘ ਅਮਰੀਕਾ ਜਾ ਰਿਹਾ ਸੀ ਪਰ ਰਸਤੇ ਵਿੱਚ ਬੇਡ਼ੀ ਡੁੱਬ ਗਈ। ਇਸੇ ਤਰ੍ਹਾਂ ਟਾਂਡੀ ਅੌਲਖ ਦੇ ਬਲਵਿੰਦਰ ਸਿੰਘ ਦਾ ਪੁੱਤਰ ਗੁਰਜੀਤ ਸਿੰਘ ਵੀ ਇਸ ਹਾਦਸੇ ਵਿੱਚ ਡੁੱਬ ਗਿਆ ਸੀ। ਦੋਵਾਂ ਨੌਜਵਾਨਾਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਰਿਹਾ। ਪੰਜਾਬ ਪੁਲੀਸ ਕੋਲ ਇਹ ਜਾਣਕਾਰੀ ਵੀ ਨਹੀਂ ਹੈ ਕਿ ਇਹ ਹਾਦਸਾ ਅਸਲ ਵਿੱਚ ਕਿਹੜੀ ਥਾਂ ’ਤੇ ਵਾਪਰਿਆ ਹੈ ਅਤੇ ਉਸ ਬੇੜੀ ਵਿੱਚ ਕਿੰਨੇ ਪੰਜਾਬੀ ਸਵਾਰ ਸਨ। ਜਸਵਿੰਦਰ ਸਿੰਘ ਉਰਫ਼ ਸੋਨੂੰ ਦੇ ਪਿਤਾ ਨੇ ਫੋਨ ’ਤੇ ਦੱਸਿਆ ਕਿ ਕਿਸ਼ਤੀ ਵਿੱਚ 20 ਦੇ ਕਰੀਬ ਨੌਜਵਾਨ ਸਵਾਰ ਸਨ। ਇਨ੍ਹਾਂ ਵਿੱਚੋਂ 13 ਜਣੇ ਡੁੱਬ ਗਏ ਹਨ, ਜਿਨ੍ਹਾਂ ਵਿੱਚ ਤਿੰਨ ਪੰਜਾਬੀ ਹਨ। ਸੱਤ ਨੌਜਵਾਨਾਂ ਦੇ ਹਾਦਸੇ ਵਿੱਚ ਬਚ ਜਾਣ ਦੀ ਖ਼ਬਰ ਹੈ।

ਇਸ ਦੁਖਦਾਈ ਹਾਦਸੇ ਕਾਰਨ ਹਲਕਾ ਭੁਲੱਥ ’ਚ ਰਾਜਸੀ ਆਗੂ ਵੀ ਸਰਗਰਮ ਹੋ ਗਏ ਹਨ। ਇਸ ਮਾਮਲੇ ਨੂੰ ਸਾਹਮਣੇ ਲਿਆਉਣ ਵਾਲੇ ‘ਆਪ’ ਆਗੂ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਜੈਦਾਂ ਦੇ ਬਚਨ ਸਿੰਘ ਤੇ ਟਾਂਡੀ ਅੌਲਖ ਦੇ ਬਲਵਿੰਦਰ ਸਿੰਘ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਅਤੇ ਸਰਕਾਰ ਕੋਲ ਪੀੜਤ ਪਰਿਵਾਰਾਂ ਨੂੰ 50-50 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਹਲਕੇ ਤੋਂ ਵਿਧਾਇਕਾ ਜਗੀਰ ਕੌਰ ਨੇ ਵੀ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਤੇ ਸਰਕਾਰ ਵੱਲੋਂ ਵੱਧ ਤੋਂ ਵੱਧ ਸਹਾਇਤਾ ਰਾਸ਼ੀ ਦੇਣ ਦੀ ਹਾਮੀ ਭਰੀ ਹੈ। ਜਾਣਕਾਰੀ ਅਨੁਸਾਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਇਸੇ ਸਿਲਸਿਲੇ ਵਿੱਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਕੇਂਦਰ ਨੇ ਮਾਮਲੇ ਦੀ ਜਾਂਚ ਲਈ ਟੀਮ ਭੇਜਣ ਦਾ ਭਰੋਸਾ ਦਿੱਤਾ ਹੈ।