ਪਠਾਨਕੋਟ ਹਮਲਾ: ਪਾਕਿ ਜਾਂਚ ਰਿਪੋਰਟ ਜਨਤਕ ਕਰੇਗਾ

By January 18, 2016 0 Comments


ptਲਾਹੌਰ,18 ਜਨਵਰੀ-ਪਾਕਿਸਤਾਨ ਦੀ ਸਾਂਝੀ ਜਾਂਚ ਟੀਮ ਵੱਲੋਂ ਪਠਾਨਕੋਟ ਏਅਰਬੇਸ ’ਤੇ ਹੋਏ ਅਤਿਵਾਦੀ ਹਮਲੇ ਦੀ ਕੀਤੀ ਜਾ ਰਹੀ ਜਾਂਚ ਬਾਰੇ ਕੋਈ ਜਾਣਕਾਰੀ ਉਸ ਸਮੇਂ ਤਕ ਜਨਤਕ ਨਹੀਂ ਕੀਤੀ ਜਾਏਗੀ ਜਦੋਂ ਤਕ ਕਿ ਉਸ ਦਾ ਕੰਮ ਮੁਕੰਮਲ ਨਹੀਂ ਹੋ ਜਾਂਦਾ। ਇਸ ਦਾ ਖ਼ੁਲਾਸਾ ਲਹਿੰਦੇ ਪੰਜਾਬ ਸੂਬੇ ਦੇ ਕਾਨੂੰਨ ਮੰਤਰੀ ਰਾਣਾ ਸਨਾਉੱਲ੍ਹਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਪਠਾਨਕੋਟ ’ਚ 2 ਜਨਵਰੀ ਨੂੰ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਸਾਂਝੀ ਜਾਂਚ ਟੀਮ ਬਣਾਈ ਗਈ ਹੈ। ‘ਡਾਅਨ’ ਅਖ਼ਬਾਰ ਨੇ ਮੰਤਰੀ ਦੇ ਹਵਾਲੇ ਨਾਲ ਕਿਹਾ ਹੈ ਕਿ ਸਾਂਝੀ ਜਾਂਚ ਟੀਮ ਦਾ ਕੰਮ ਮੁਕੰਮਲ ਹੋਣ ਤਕ ਕੋਈ ਵੀ ਜਾਣਕਾਰੀ ਜਨਤਕ ਨਹੀਂ ਕੀਤੀ ਜਾਏਗੀ। ਜਨਾਬ ਸਨਾਉੱਲ੍ਹਾ ਨੇ ਕਿਹਾ ਕਿ ਜਦੋਂ ਵੀ ਪਾਕਿਸਤਾਨ ਤਰੱਕੀ ਦੇ ਰਾਹ ’ਤੇ ਪੈਂਦਾ ਹੈ ਤਾਂ ਮੁਲਕ ਦੇ ਦੁਸ਼ਮਣ ਲੋਕਾਂ ਨੂੰ ਗੁੰਮਰਾਹ ਕਰ ਕੇ ਵਿਕਾਸ ਦੇ ਰਾਹ ’ਚ ਰੋਡ਼ੇ ਅਟਕਾਉਣੇ ਸ਼ੁਰੂ ਕਰ ਦਿੰਦੇ।

ਜ਼ਿਕਰਯੋਗ ਹੈ ਕਿ ਭਾਰਤ ਨੇ ਦੋਹਾਂ ਮੁਲਕਾਂ ਦੇ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਨੂੰ ਟਾਲਦਿਆਂ ਕਿਹਾ ਹੈ ਕਿ ਪਾਕਿਸਤਾਨ ਜਦੋਂ ਤਕ ਪਠਾਨਕੋਟ ਏਅਰਬੇਸ ’ਤੇ ਹੋਏ ਹਮਲੇ ਦੇ ਜ਼ਿੰਮੇਵਾਰ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਖ਼ਿਲਾਫ਼ ਕਾਰਵਾਈ ਨਹੀਂ ਕਰਦਾ, ਉਦੋਂ ਤਕ ਇਹ ਗੱਲ ਅੱਗੇ ਨਹੀਂ ਵਧੇਗੀ। ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਸਕੱਤਰਾਂ ਦਰਮਿਆਨ 15 ਜਨਵਰੀ ਨੂੰ ਗੱਲਬਾਤ ਹੋਣੀ ਸੀ।

ਉਧਰ ਭਾਰਤ ਦੀਆਂ ਖ਼ੁਫ਼ੀਆ ਏਜੰਸੀਆਂ ਦੇ ਹਵਾਲੇ ਨਾਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੈਸ਼ ਮੁਖੀ ਮੌਲਾਨਾ ਮਸੂਦ ਅਜ਼ਹਰ ਨੂੰ ਨਾ ਤਾਂ ਗ੍ਰਿਫ਼ਤਾਰ ਅਤੇ ਨਾ ਹੀ ਘਰ ’ਚ ਨਜ਼ਰਬੰਦ ਕੀਤਾ ਗਿਆ ਹੈ। ਉਂਜ ਅਤਿਵਾਦੀ ਜਥੇਬੰਦੀ ਦੇ ਤਿੰਨ ਜੂਨੀਅਰ ਅਹੁਦੇਦਾਰਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਪਰ ਪਠਾਨਕੋਟ ਅਤਿਵਾਦੀ ਹਮਲੇ ਲਈ ਨਹੀਂ ਸਗੋਂ ਹੋਰ ਕੇਸਾਂ ’ਚ ਉਨ੍ਹਾਂ ਨੂੰ ਫਡ਼ਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਅਜ਼ਹਰ ਨੂੰ ਹਿਰਾਸਤ ’ਚ ਲੈਣ ਦੀਆਂ ਮੁੱਢਲੀਆਂ ਰਿਪੋਰਟਾਂ ਪੂਰੀ ਤਰ੍ਹਾਂ ਨਾਲ ਝੂਠੀਆਂ ਸਨ ਅਤੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਕੁਝ ਪਾਕਿਸਤਾਨੀ ਏਜੰਸੀਆਂ ਨੇ ਇਹ ਝੂਠਾ ਪ੍ਰਚਾਰ ਕੀਤਾ ਹੈ। ਪਾਕਿਸਤਾਨ ਨੇ ਭਾਰਤ ਨੂੰ ਅਜੇ ਤਕ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਪਠਾਨਕੋਟ ਹਮਲੇ ਲਈ ਜੈਸ਼ ਦੇ ਅਤਿਵਾਦੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਜਾਂ ਨਹੀਂ।

ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਨੇ ਜੈਸ਼-ਏ-ਮੁਹੰਮਦ ਦੇ ਕਈ ਅਤਿਵਾਦੀਆਂ ਨੂੰ ਫਡ਼ਨ ਦਾ ਐਲਾਨ ਕੀਤਾ ਹੈ ਤਾਂ ਉਸ ਨੂੰ ਇਹ ਖ਼ੁਲਾਸਾ ਕਰਨਾ ਚਾਹੀਦਾ ਹੈ ਕਿ ਕਿਸ ਕਾਨੂੰਨ ਤਹਿਤ ਉਨ੍ਹਾਂ ਨੂੰ ਨਪਿਆ ਗਿਆ ਹੈ ਅਤੇ ਜਾਂਚ ਆਰੰਭ ਕਰ ਦਿੱਤੀ ਗਈ ਹੈ। ਭਾਰਤ ਨੇ ਪਾਕਿਸਤਾਨ ਨੂੰ ਅਤਿਵਾਦੀਆਂ ਵੱਲੋਂ ਆਕਾਵਾਂ ਨਾਲ ਫੋਨ ’ਤੇ ਕੀਤੀ ਗਈ ਗੱਲਬਾਤ ਵਾਲੇ ਨੰਬਰ ਵੀ ਮੁਹੱਈਆ ਕਰਾਏ ਹਨ ਪਰ ਇਨ੍ਹਾਂ ਨੰਬਰਾਂ ਦੇ ਮਾਲਕਾਂ ਦੀ ਪਛਾਣ ਬਾਰੇ ਕੋਈ ਸੂਚਨਾ ਨਹੀਂ ਦਿੱਤੀ ਗਈ ਹੈ।

ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਅਤਿਵਾਦੀਆਂ ਅਤੇ ਪਾਕਿਸਤਾਨੀ ਆਕਾਵਾਂ ਵਿਚਕਾਰ ਹੋਈ ਗੱਲਬਾਤ ਦੇ ਸਬੂਤ ਵੀ ਸਾਂਝੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਕੇਸ ਦਰਜ ਕਰ ਕੇ ਇਨ੍ਹਾਂ ਕਾਲਾਂ ਨੂੰ ਸੁਣਨ ਵਾਲੇ ਵਿਅਕਤੀਆਂ ਨੂੰ ਫਡ਼ਨਾ ਚਾਹੀਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਹੋਰ ਸਬੂਤ ਮੰਗਣ ਦਾ ਹੱਕਦਾਰ ਹੈ ਪਰ ਪਹਿਲਾਂ ਉਸ ਨੂੰ ਦਿੱਤੇ ਗਏ ਸਬੂਤਾਂ ’ਤੇ ਕਾਰਵਾਈ ਦੀ ਜਾਣਕਾਰੀ ਦੇਣੀ ਚਾਹੀਦੀ ਹੈ।

ਪਾਕਿਸਤਾਨ ਦੀ ਜਾਂਚ ਟੀਮ ਦੇ ਪਠਾਨਕੋਟ ਦੌਰੇ ਬਾਰੇ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਕਾਨੂੰਨ ਤਹਿਤ ਸਬੂਤਾਂ ਦੀ ਜਾਂਚ ਕੀਤੀ ਜਾ ਸਕਦੀ ਹੈ ਪਰ ਪਾਕਿਸਤਾਨ ਨੇ ਕਿਸੇ ਕਾਨੂੰਨ ਦਾ ਹਵਾਲਾ ਨਹੀਂ ਦਿੱਤਾ ਕਿ ਕਿਸ ਆਧਾਰ ’ਤੇ ਉਹ ਪਠਾਨਕੋਟ ਏਅਰਬੇਸ ’ਤੇ ਆ ਕੇ ਸਬੂਤ ਇਕੱਤਰ ਕਰਨਾ ਚਾਹੁੰਦਾ ਹੈ।