ਸਿੱਖ ਰਾਜ ਦੇ ਸਿੱਕਿਆਂ ਦੇ ਕੁਝ ਖ਼ਾਸ ਚਿੰਨ੍ਹ ਅਤੇ ਉਨ੍ਹਾਂ ਦੀ ਅਹਿਮੀਅਤ

By January 16, 2016 0 Comments


sikh
ਝੰਡੇ ਦਾ ਚਿੰਨ੍ਹ : ਲਹਿਰਾਉਂਦਾ ਹੋਇਆ ਝੰਡਾ ਚੜ੍ਹਦੀ ਕਲਾ ਦਾ ਪ੍ਰਤੀਕ ਹੁੰਦਾ ਹੈ | ਸਿੱਖ ਰਾਜ ਦੇ ਸਿੱਕਿਆਂ ਕਸ਼ਮੀਰ ਟਕਸਾਲ 1881, 1882 ਬਿ: ਸੰ: ਅਤੇ ਅੰਮਿ੍ਤਸਰ ਟਕਸਾਲ ਬਿ: ਸੰ: 1903 ਦੇ ਸਿੱਕਿਆਂ ਤੋਂ ਇਲਾਵਾ ਬਿਨਾਂ ਸੰਨ ਤਾਂਬੇ ਦੇ ਸਿੱਕਿਆਂ ਉੱਤੇ ਲਹਿਰਾਉਂਦੇ ਹੋਏ ਝੰਡੇ ਦਾ ਚਿੰਨ੍ਹ ਸਿੱਖ ਰਾਜ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ |
ਆਰਸੀ ਦਾ ਚਿੰਨ੍ਹ : ਸਿੱਖ ਸਿੱਕਿਆਂ ਉੱਤੇ ਪੱਤੇ ਦੇ ਚਿੰਨ੍ਹ ਨੂੰ ਹਟਾ ਕੇ ਇਕ ਖੂਬਸੂਰਤ ਗੋਲ ਫੁੱਲ ਵੱਖ-ਵੱਖ ਨਮੂਨਿਆਂ ਵਿਚ ਪਾਇਆ ਗਿਆ ਹੈ | ਇਸ ਚਿੰਨ੍ਹ ਨੂੰ ਆਰਸੀ (ਸ਼ੀਸ਼ੇ ਜੜੀ ਮੁੰਦੀ) ਕਿਹਾ ਗਿਆ ਹੈ, ਜਦਕਿ ਇਹ ਚਿੰਨ੍ਹ ਦੇ ਬਹੁਤ ਥੋੜ੍ਹੇ ਜਿਹੇ ਫਰਕ ਦੇ ਨਮੂਨੇ ਵਾਲੇ 1856 ਬਿ: ਸੰ: ਦੇ (ਅੰ: ਟਕਸਾਲ) ਦੇ ਸਿੱਕੇ ਉੱਤੇ ਇਕ ਪਾਸੇ ਦੋ ਅਤੇ ਇਕ ਪਾਸੇ ਇਕ ਚਿੰਨ੍ਹ ਭਾਵ ਤਿੰਨ ਚਿੰਨ੍ਹ ਮਿਲਦੇ ਹਨ | ਇਸ ਚਿੰਨ੍ਹ ਨੂੰ ਆਰਸੀ ਨਾਲੋਂ ਕਿਸੇ ਵੇਲ ਜਾਂ ਬੂਟੇ ਦਾ ਸੁੰਦਰ ਫੁੱਲ ਕਹਿਣਾ ਮੈਂ ਵਧੇਰੇ ਉਚਿਤ ਮੰਨਦਾ ਹਾਂ, ਕਿਉਂਕਿ ਇਸ ਫੁੱਲ (ਆਰਸੀ) ਦੇ ਨਾਲ ਇਕ ਧਾਗੇ ਦੀ ਤਰ੍ਹਾਂ ਫੂੰਦਾ ਜਿਹਾ ਵੀ ਦਿਖਾਇਆ ਗਿਆ ਹੈ, ਜੋ ਆਮ ਤੌਰ ‘ਤੇ ਕਈ ਵੇਲਾਂ ਨੂੰ ਦੂਜੀ ਚੀਜ਼ ਨਾਲ ਆਪਣੀ ਪਕੜ ਬਣਾਉਣ ਲਈ ਕੁਦਰਤ ਨੇ ਬਖਸ਼ਿਆ ਹੁੰਦਾ ਹੈ | ਸੋ, ਇਹ ਇਕ ਆਰਸੀ ਨਾ ਹੋ ਕੇ ਇਕ ਬਹੁਤ ਸੁੰਦਰ ਫੁੱਲ ਆਪਣੀ ਸੁੰਦਰਤਾ ਦੇ ਕਾਰਨ ਹੀ ਸਿੱਖ ਸਿੱਕੇ ਦੀ ਦਿੱਖ ਨੂੰ ਸੁੰਦਰ ਬਣਾਉਣ ਲਈ ਕਿਸੇ ਦੇ ਮਨ ਨੂੰ ਮੋਹ ਗਿਆ ਅਤੇ ਅੰਮਿ੍ਤਸਰ ਟਕਸਾਲ ਦੇ ਬਿ: ਸੰ: 1861, 1862 ਅਤੇ 1863 ਦੇ ਸਿੱਕਿਆਂ ਉੱਤੇ ਨਮੂਨੇ ਦੇ ਕੁਝ-ਕੁਝ ਫਰਕ ਨਾਲ ਇਹ ਆਰਸੀ (ਫੁੱਲ) ਚਿੰਨ੍ਹ ਸਿੱਕਾ ਦੇਖਣ ਵਾਲੇ ਦੀਆਂ ਅੱਖਾਂ ਖੋਲ੍ਹ ਦਿੰਦਾ ਹੈ |
ਬੇਰਸ਼ਾਹੀ ਚਿੰਨ੍ਹ : ਇਸ ਚਿੰਨ੍ਹ ਵਿਚ ਕਿਸੇ ਪੌਦੇ ਦੀਆਂ ਦੋ ਬੂਰ ਨਾਲ ਭਰੀਆਂ ਟਾਹਣੀਆਂ ਇਕ-ਦੂਜੇ ਤੋਂ ਬਾਹਰ ਨੂੰ ਝੁਕੀਆਂ ਹੋਈਆਂ ਹਨ | ਇਸੇ ਚਿੰਨ੍ਹ ਵਾਲੇ ਸਿੱਕੇ ਨੂੰ ਹੁਣ ਤੱਕ ਮੋਰਾਂਸ਼ਾਹੀ ਸਿੱਕਾ ਵੀ ਕਿਹਾ ਜਾਂਦਾ ਰਿਹਾ ਹੈ | ਬੂਰ ਕਿਸੇ ਵੀ ਪੌਦੇ ਦਾ ਹੋਵੇ, ਉਹ ਇਹ ਦੱਸ ਦਿੰਦਾ ਹੈ ਕਿ ਹੁਣ ਮੇਰੀ ਥਾਂ ਫਲ ਜਾਂ ਫੁੱਲ ਜ਼ਰੂਰ ਲੱਗੇਗਾ | ਕਈ ਵਾਰ ਅਸੀਂ ਵੀ ਕਿਸੇ ਕੰਮ ਨੂੰ ਹੋਣ ਦੀ ਨਾ ਉਮੀਦ ਜਦੋਂ ਕੰਮ ਹੋ ਜਾਣ ਦੀ ਉਮੀਦ ਵਿਚ ਬਦਲਦੀ ਹੈ ਤਾਂ ਕਹਿ ਉਠਦੇ ਹਾਂ ਕਿ ਹੁਣ ਆਸਾਂ ਨੂੰ ਬੂਰ ਪੈ ਗਿਆ ਹੈ | ਭਾਵ ਹੁੰਦੈ ਕਿ ਕੋਈ ਕੰਮ ਪੂਰਾ ਹੋਣ ਜਾਂ ਕਿਸੇ ਚੀਜ਼ ਦੀ ਪ੍ਰਾਪਤੀ ਦੀ ਪੱਕੀ ਉਮੀਦ | ਸੋ ਬੂਰ ਦੀ ਆਪਣੇ ਤੋਂ ਬਾਅਦ ਕਿਸੇ ਚੀਜ਼ ਦੇ ਸੰਪੂਰਨ ਹੋ ਜਾਣ ਦਾ ਪੱਕਾ ਯਕੀਨ ਦਿਵਾਉਣ ਦੀ ਇਸ ਗਵਾਹੀ ਲਈ ਕਿਸੇ ਨੇ ਇਸ ਨੂੰ ਅੰਮਿ੍ਤਸਰ ਟਕਸਾਲ ਦੇ ਬਿ: ਸੰ: 1857, 61, 62 ਅਤੇ 1863 ਦੇ ਸਿੱਕਿਆਂ ਉੱਤੇ ਕੁਝ ਫਰਕ ਦੇ ਨਮੂਨਿਆਂ ਨਾਲ ਦਿਖਾ ਕੇ ਸਿੱਕਿਆਂ ਨੂੰ ਸੁੰਦਰਤਾ ਅਤੇ ਵੱਖਰੀ ਵੰਨਗੀ ਦਿੱਤੀ ਹੈ |
ਸ਼ਬਦੀ ਚਿੰਨ੍ਹ : ਸਿੱਖ ਰਾਜ ਦੇ ਕੁਝ ਸਿੱਕਿਆਂ ਉੱਤੇ ਗੁਰਮੁਖੀ ਅਤੇ ਨਾਗਰੀ ਲਿਪੀ ਵਿਚ ਕੁਝ ਸ਼ਬਦ ਲਿਖੇ ਮਿਲਦੇ ਹਨ, ਜਿਨ੍ਹਾਂ ਨੂੰ ਮੈਂ ਸ਼ਬਦੀ ਚਿੰਨ੍ਹ ਦਾ ਨਾਂਅ ਦਿੱਤਾ ਹੈ, ਜਿਵੇਂ ਕਿ ਕਸ਼ਮੀਰ ਟਕਸਾਲ ਦੇ ਬਿ: ਸੰ: 1878, 1879 ਵਿਚ ‘ਹਰ’ ਅਤੇ 1879 ਦੇ ਸਿੱਕਿਆਂ ਉਪਰ ‘ਓਮ ਸ੍ਰੀ’ ਅਤੇ ‘ਹਰਜੀ’ (ਨਾਗਰੀ) ਲਿਖਿਆ ਹੈ। ਅੰਮ੍ਰਿਤਸਰ ਟਕਸਾਲ ਦੇ ਬਿ: ਸੰ: 1898 ਵਿਚ ‘ਓਮ’ (ਨਾਗਰੀ), 1904 ਵਿਚ ‘ਸਤ’ (ਗੁਰਮੁਖੀ), 1905 ‘ਸ਼ਿਵ’ (ਨਾਗਰੀ) ਅਤੇ ਬਿ: ਸੰ: 1903 ਤੋਂ 1906 ਤੱਕ ਦੇ ਸਿੱਕਿਆਂ ਉੱਤੇ ਰਮ (ਰਾਮ) ਛਤਰ ਛੱਲੇ ਗੁਰਮੁਖੀ ਵਿਚ ਲਿਖਿਆ ਗਿਆ ਹੈ। ਇਹ ਸਾਰੇ ਸ਼ਬਦੀ ਚਿੰਨ੍ਹ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਂਅ ਦਾ ਹੀ ਸੰਕੇਤ ਦਿੰਦੇ ਹਨ ਅਤੇ ਵੱਖ-ਵੱਖ ਧਰਮਾਂ ਦੇ ਪ੍ਰਤੀ ਸਿੱਖ ਰਾਜ ਦਾ ਸਤਿਕਾਰ ਵੀ ਦਰਸਾਉਂਦੇ ਹਨ। ਅੰਤ ਵਿਚ ਉਸ ਚਿੰਨ੍ਹ ਦੀ ਗੱਲ ਕਰਦੇ ਹਾਂ, ਜਿਸ ਖਾਸ ਚਿੰਨ੍ਹ ਵਾਲੇ ਸਿੱਕੇ ਸਭ ਤੋਂ ਘੱਟ ਗਿਣਤੀ ਵਿਚ ਬਣੇ। ਇਹ ਲਾਹੌਰ ਟਕਸਾਲ ਵਿਚ ਬਿ: ਸੰ: 1885 ਅਤੇ 1885/93 ਵਿਚ ਬਣੇ ਸਿੱਕਿਆਂ ਉੱਤੇ ਮਹਾਰਾਜਾ ਆਪ ਬਾਬਾ ਨਾਨਕ ਦੇਵ ਜੀ ਨੂੰ ਇਕ ਫੁੱਲ ਭੇਟ ਕਰਦਾ ਦਿਖਾਇਆ ਗਿਆ ਹੈ। ਇਸ ਅਤੀ ਸੁੰਦਰ ਅਤੇ ਖਾਸ ਚਿੰਨ੍ਹ ਦਾ ਸਿੱਕੇ ਉੱਤੇ ਦਿਖਾਉਣਾ ਮਹਾਰਾਜਾ ਰਣਜੀਤ ਸਿੰਘ ਦੀ ਬਾਬਾ ਨਾਨਕ ਦੇ ਦਰਬਾਰ ਪ੍ਰਤੀ ਅਥਾਹ ਸ਼ਰਧਾ ਅਤੇ ਪ੍ਰੇਮ ਦੀ ਗਵਾਹੀ ਹੈ। ਹੋਰ ਵੀ ਅਨੇਕਾਂ ਤਰ੍ਹਾਂ ਦੇ ਨਿੱਕੇ-ਨਿੱਕੇ ਚਿੰਨ੍ਹ (ਜਿਨ੍ਹਾਂ ਨੂੰ ਕੋਈ ਨਾਂਅ ਨਹੀਂ ਦਿੱਤਾ ਜਾ ਸਕਦਾ) ਵੀ ਸਿੱਖ ਸਿੱਕਿਆਂ ਨੂੰ ਸੁੰਦਰ ਬਣਾਉਣ ਲਈ ਹੀ ਪਾਏ ਗਏ ਮਿਲਦੇ ਹਨ। ਅੰਤ ਬਿ: ਸੰ: 17 ਚੇਤ (ਚੇਤ ਸੁਦੀ 5) ਸੰਨ 1906 (29 ਜੂਨ, 1849 ਈ:) ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਹ ਸਿੱਖ ਰਾਜ ਅੰਗਰੇਜ਼ ਹਕੂਮਤ ਨੇ ਆਪਣੇ ਅਧੀਨ ਕਰ ਲਿਆ ਸੀ ਅਤੇ ਇਸ ਤਰ੍ਹਾਂ ਅੰਮ੍ਰਿਤਸਰ ਟਕਸਾਲ ਦਾ ਬਿ: ਸੰ: 1906 ਦਾ ਛਤਰ ਥੱਲੇ ਰਾਮ ਵਾਲਾ ਸਿੱਕਾ ਸਿੱਖ ਰਾਜ ਦਾ ਆਖਰੀ ਅਤੇ ਦੁਰਲੱਭ ਸਿੱਕਾ ਬਣ ਗਿਆ। ਸਿੱਖ ਰਾਜ ਦੇ ਇਹ ਖਾਸ ਚਿੰਨ੍ਹਾਂ ਵਾਲੇ ਸਿੱਕੇ ਭਾਰਤ ਦੇ ਬਾਕੀ ਮਿਲਦੇ ਪੁਰਾਤਨ ਸਿੱਕਿਆਂ ਵਿਚ ਆਪਣੀ ਵੱਖਰੀ ਤੇ ਸ਼ਾਨਾਮੱਤੀ ਪਹਿਚਾਣ ਰੱਖਦੇ ਹਨ।
ਰਣਜੀਤ ਸਿੰਘ ਗਰੇਵਾਲ ਆਸੀ
-ਕਰਨੈਲ ਸਿੰਘ ਨਗਰ, 202/2, ਫੇਜ਼-2, ਪੱਖੋਵਾਲ ਰੋਡ, ਲੁਧਿਆਣਾ | ਮੋਬਾ: 99155-55844
Tags: , ,
Posted in: ਸਾਹਿਤ