ਸ੍ਰੀ ਮੁਕਤਸਰ ਸਾਹਿਬ ਦੀ ਨਿਵੇਕਲੀ ਦਾਸਤਾਨ

By January 16, 2016 0 Comments


guru gobind singh ji bedava parde hoyeਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇਸ ਧਰਤੀ ਉੱਪਰੋਂ ਜ਼ੁਲਮ ਦਾ ਖਾਤਮਾ ਕਰਕੇ ਧਰਮ ਦੀ ਸਥਾਪਨਾ ਕਰਨ ਹਿੱਤ ਹੋਈਆਂ ਜੰਗਾਂ ਵਿਚੋਂ ਸ੍ਰੀ ਮੁਕਤਸਰ ਸਾਹਿਬ ਦਾ ਧਰਮ ਯੁੱਧ ਆਪਣੇ ਅੰਦਰ ਇਕ ਨਿਵੇਕਲੀ ਦਾਸਤਾਨ ਨੂੰ ਸਮੋਈ ਬੈਠਾ ਹੈ |
ਸ੍ਰੀ ਮੁਕਤਸਰ ਸਾਹਿਬ ਨੂੰ ਪਹਿਲਾਂ ਖਿਦਰਾਣੇ ਦੀ ਢਾਬ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ, ਕਿਉਂਕਿ ਚਾਰੇ ਪਾਸਿਉਂ ਮੀਂਹ ਦਾ ਪਾਣੀ ਇੱਥੇ ਇਕੱਠਾ ਹੋ ਜਾਂਦਾ ਸੀ | ਰੇਤਲੇ ਇਲਾਕੇ ਵਿਚ ਪਾਣੀ ਦੀ ਬੇਹੱਦ ਘਾਟ ਹੋਣ ਕਾਰਨ ਇਹ ਢਾਬ ਆਸ-ਪਾਸ ਦੇ ਇਲਾਕੇ ਦੇ ਲੋਕਾਂ ਲਈ ਪਾਣੀ ਦੀ ਲੋੜ ਪੂਰਤੀ ਦਾ ਇਕ ਵੱਡਾ ਸਰੋਤ ਸੀ | ਰੇਤਲੇ ਟਿੱਬਿਆਂ ਵਾਲੀ ਇਸ ਧਰਤੀ ਨੂੰ ਭਾਗ ਕਿਵੇਂ ਲੱਗੇ, ਇਹ ਇਤਿਹਾਸ ਦੀ ਬੇਮਿਸਾਲ ਦਾਸਤਾਨ ਹੈ |
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਖ਼ਾਤਰ ਲੜੀਆਂ ਜੰਗਾਂ ਵਿਚ ਬਹਾਦਰੀ ਨਾਲ ਦੁਸ਼ਮਣਾਂ ਦਾ ਟਾਕਰਾ ਕੀਤਾ ਅਤੇ ਸਦਾ ਚੜ੍ਹਦੀ ਕਲਾ ਤੇ ਭਾਣੇ ਵਿਚ ਰਹੇ | ਪਹਾੜੀ ਰਾਜਿਆਂ ਨੇ ਗੁਰੂ ਜੀ ਦਾ ਮੁਕਾਬਲਾ ਕਰਨ ਲਈ ਔਰੰਗਜ਼ੇਬ ਅੱਗੇ ਫਰਿਆਦ ਕੀਤੀ | ਉਸ ਨੇ ਪਹਾੜੀ ਰਾਜਿਆਂ ਦੀ ਮਦਦ ਲਈ ਲਾਹੌਰ ਅਤੇ ਸਰਹਿੰਦ ਦੇ ਸੂਬੇਦਾਰਾਂ ਨੂੰ ਫ਼ਰਮਾਨ ਜਾਰੀ ਕਰ ਦਿੱਤੇ, ਇਸ ਤਰ੍ਹਾਂ ਲਾਹੌਰ, ਸਰਹਿੰਦ ਅਤੇ ਪਹਾੜੀ ਰਾਜਿਆਂ ਦੇ ਟਿੱਡੀ ਦਲਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ | ਗੁਰੂ ਜੀ ਦੇ ਸੂਰਬੀਰ ਯੋਧਿਆਂ ਨੇ ਕਈ ਮਹੀਨੇ ਡਟ ਕੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ | ਖ਼ਾਲਸਾ ਫ਼ੌਜ ਦੇ ਛਾਪਾਮਾਰ ਹਮਲਿਆਂ ਨਾਲ ਦੁਸ਼ਮਣ ਦੇ ਹੌਸਲੇ ਪਸਤ ਹੋ ਗਏ ਪਰ ਲੰਬੇ ਸਮੇਂ ਤੱਕ ਨਿੱਤ ਦੀ ਲੜਾਈ ਕਾਰਨ ਖ਼ਾਲਸਾ ਫ਼ੌਜ ਦੀ ਗਿਣਤੀ ਘਟਦੀ ਜਾ ਰਹੀ ਸੀ | ਭਾਵੇਂ ਰਾਸ਼ਨ-ਪਾਣੀ ਵੀ ਮੁੱਕਦਾ ਜਾ ਰਿਹਾ ਸੀ, ਪਰ ਫਿਰ ਵੀ ਸਿੰਘ ਡਟਵਾਂ ਮੁਕਾਬਲਾ ਕਰ ਰਹੇ ਸਨ | ਕੁਝ ਸਿੰਘਾਂ ਨੇ ਗੁਰੂ ਜੀ ਨੂੰ ਕਿਲ੍ਹਾ ਛੱਡ ਦੇਣ ਦੀ ਸਲਾਹ ਵੀ ਦਿੱਤੀ, ਪਰ ਗੁਰੂ ਜੀ ਨੇ ਦੂਰਅੰਦੇਸ਼ੀ ਨਾਲ ਕੁਝ ਸਮਾਂ ਹੋਰ ਉਡੀਕ ਕਰਨ ਲਈ ਕਿਹਾ | ਇਸ ਦੇ ਬਾਵਜੂਦ ਕੁਝ ਸਿੰਘ ਡੋਲ ਗਏ, ਉਨ੍ਹਾਂ ਗੁਰੂ ਜੀ ਦਾ ਸਾਥ ਛੱਡ ਦਿੱਤਾ ਅਤੇ ਬੇਦਾਵਾ ਦੇ ਕੇ ਆਪਣੇ ਘਰਾਂ ਨੂੰ ਚਲੇ ਗਏ |
ਥੋੜ੍ਹੇ ਦਿਨਾਂ ਪਿੱਛੋਂ ਦੁਸ਼ਮਣ ਵੱਲੋਂ ਖਾਧੀਆਂ ਕਸਮਾਂ ਅਤੇ ਸਿੰਘਾਂ ਦੇ ਜ਼ੋਰ ਦੇਣ ‘ਤੇ ਕਿਲ੍ਹਾ ਖਾਲੀ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਛੱਡ ਦਿੱਤਾ | ਕਿਲ੍ਹਾ ਖਾਲੀ ਕਰਨ ਦੀ ਦੇਰ ਸੀ ਕਿ ਦੁਸ਼ਮਣ ਫ਼ੌਜਾਂ ਨੇ ਸਭ ਕਸਮਾਂ ਇਕਰਾਰ ਭੁੱਲ ਕੇ ਪਿੱਛੋਂ ਹਮਲਾ ਕਰ ਦਿੱਤਾ | ਸਿਰਸਾ ਨਦੀ ਪਾਰ ਕਰਦਿਆਂ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ, ਕੀਮਤੀ ਸਾਹਿਤ ਅਤੇ ਭਾਰੀ ਮਾਤਰਾ ਵਿਚ ਹੋਰ ਮਾਲ-ਅਸਬਾਬ ਕਈ ਸਿੰਘਾਂ ਸਮੇਤ ਸਿਰਸਾ ਵਿਚ ਆਏ ਹੜ੍ਹ ਦੀ ਭੇਟ ਚੜ੍ਹ ਗਿਆ |
ਉਧਰ ਬੇਦਾਵੀਆਂ ਸਿੱਖਾਂ ਦੇ ਘਰ ਪਹੁੰਚਣ ‘ਤੇ ਉਨ੍ਹਾਂ ਦੀਆਂ ਮਾਵਾਂ, ਭੈਣਾਂ ਤੇ ਸੁਪਤਨੀਆਂ ਨੇ ਉਨ੍ਹਾਂ ਨੂੰ ਅਜਿਹੇ ਸਮੇਂ ਗੁਰੂ ਸਾਹਿਬ ਨੂੰ ਪਿੱਠ ਦੇ ਕੇ ਆਉਣ ‘ਤੇ ਧਿਰਕਾਰਿਆ | ਸਿੰਘਣੀਆਂ ਦਾ ਰੋਹ ਜਾਗਿਆ ਦੇਖ ਕੇ ਬੇਦਾਵੀਏ ਸਿੰਘ ਮਾਤਾ ਭਾਗ ਕੌਰ ਦੀ ਅਗਵਾਈ ਵਿਚ ਸ਼ਹੀਦ ਹੋਣ ਲਈ ਚੱਲ ਪਏ | ਰਸਤੇ ਵਿਚ ਇਨ੍ਹਾਂ ਸਿੰਘਾਂ ਨੂੰ ਗੁਰੂ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਛੱਡਣ, ਚਮਕੌਰ ਸਾਹਿਬ ਦੀ ਜੰਗ, ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਦਿ ਦੇ ਸਮਾਚਾਰ ਜਦੋਂ ਮਾਲੂਮ ਹੋਏ, ਸਿੰਘਾਂ ਦਾ ਖੂੁਨ ਹੋਰ ਵੀ ਖੌਲ ਪਿਆ ਅਤੇ ਉਹ ਪੁੱਛਦੇ-ਪੁਛਾਉਂਦੇ ਜਿਧਰ ਨੂੰ ਗੁਰੂ ਜੀ ਗਏ ਸਨ, ਮਗਰੇ-ਮਗਰ ਤੁਰ ਪਏ, ਉਧਰ ਗੁਰੂ ਜੀ ਚਮਕੌਰ ਸਾਹਿਬ, ਮਾਛੀਵਾੜਾ, ਕਟਾਣੀ, ਕਨੇਚ, ਆਲਮਗੀਰ, ਮੋਹੀ, ਹੇਰ, ਕਮਾਲਪੁਰ, ਲੰਮੇ, ਸੀਲੋਆਣੀ, ਰਾਏਕੋਟ, ਦੀਨਾ, ਕੋਟਕਪੂਰਾ ਆਦਿ ਹੁੰਦੇ ਹੋਏ ਜਦ ਜੈਤੋ ਪੁੱਜੇ ਤਾਂ ਪਤਾ ਲੱਗਾ ਕਿ ਸੂਬਾ ਸਰਹਿੰਦ ਭਾਰੀ ਲਾਓ-ਲਸ਼ਕਰ ਨਾਲ ਆਪ ਦਾ ਪਿੱਛਾ ਕਰਦਾ ਹੋਇਆ ਆ ਰਿਹਾ ਹੈ | ਗੁਰੂ ਜੀ ਨੇ ਯੁੱਧ ਨੀਤੀ ਅਨੁਸਾਰ ਖਿਦਰਾਣੇ ਦੀ ਢਾਬ ਨਜ਼ਦੀਕ ਉਸ ਨਾਲ ਟਾਕਰਾ ਕਰਨਾ ਵਧੇਰੇ ਯੋਗ ਸਮਝਿਆ | ਸਿੰਘਾਂ ਦਾ ਜਥਾ ਜਦੋਂ ਕਲਗੀਧਰ ਪਾਤਸ਼ਾਹ ਜੀ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਬ ਪਾਸ ਪੁੱਜਾ ਤਾਂ ਇਨ੍ਹਾਂ ਨੂੰ ਵੀ ਵਜ਼ੀਦ ਖਾਨ ਦੀ ਸੈਨਾ ਦੇ ਪੁੱਜਣ ਦੀ ਖ਼ਬਰ ਮਿਲੀ, ਜਿਸ ‘ਤੇ ਸਿੰਘਾਂ ਨੇ ਆਪੋ-ਆਪਣੇ ਮੋਰਚੇ ਸੰਭਾਲ ਲਏ | ਸਿੰਘਾਂ ਦੀ ਯੁੱਧ ਨੀਤੀ ਪੂਰੀ ਤਰ੍ਹਾਂ ਸਫਲ ਰਹੀ, ਕਿਉਂਕਿ ਉਨ੍ਹਾਂ ਮੁਗ਼ਲ ਫ਼ੌਜਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ | ਉੱਧਰ ਮਾਤਾ ਭਾਗ ਕੌਰ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਇਕਦਮ ਦੁਸ਼ਮਣ ਫ਼ੌਜ ‘ਤੇ ਹੱਲਾ ਬੋਲ ਦਿੱਤਾ | ਸੈਂਕੜੇ ਮੁਗ਼ਲ ਸੈਨਿਕ ਮਾਰੇ ਗਏ |
ਦਸਮ ਪਿਤਾ ਇਕ ਉੱਚੀ-ਟਿੱਬੀ ‘ਤੇ ਖੜ੍ਹੇ ਸਿੱਖਾਂ ਦੀ ਬੀਰਤਾ ਨੂੰ ਤੱਕ ਰਹੇ ਸਨ ਤੇ ਆਪਣੀ ਕਮਾਨ ਵਿਚੋਂ ਅਣੀਆਲੇ ਤੀਰ ਮੁਗ਼ਲ ਸੈਨਾਪਤੀਆਂ ਨੂੰ ਭੇਟ ਕਰੀ ਜਾ ਰਹੇ ਸਨ | ਬਹਾਦਰ ਸਿੰਘ ਤਲਵਾਰਾਂ ਲੈ ਕੇ ਮੁਗ਼ਲਾਂ ਉੱਤੇ ਟੁੱਟ ਪਏ | ਮੁਗ਼ਲਾਂ ਦੇ ਮੈਦਾਨੋਂ ਭੱਜ ਜਾਣ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਣਭੂਮੀ ਵਿਚ ਆ ਕੇ ਵੇਖਿਆ ਕਿ ਢਾਬ ਕੰਢੇ ਜ਼ਖਮੀ ਹਾਲ ਵਿਚ ਬੈਠੀ ਮਾਤਾ ਭਾਗੋ ਆਪਣੇ ਜ਼ਖਮਾਂ ਨੂੰ ਧੋ ਰਹੀ ਸੀ | ਮਾਤਾ ਭਾਗੋ ਨੇ ਪਾਤਸ਼ਾਹ ਨੂੰ ਸੂਰਬੀਰ ਸਿੰਘਾਂ ਦੀ ਬਹਾਦਰੀ ਅਤੇ ਸ਼ਹਾਦਤਾਂ ਦੀ ਗਾਥਾ ਸੁਣਾਈ | ਪਾਤਸ਼ਾਹ ਨੇ ਜੰਗ ‘ਚ ਜੂਝੇ ਸੂਰਮਿਆਂ ਨੂੰ ਅਤਿਅੰਤ ਸਨੇਹ ਨਾਲ ਪੰਜ ਹਜ਼ਾਰੀ, ਸੱਤ ਹਜ਼ਾਰੀ, ਦਸ ਹਜ਼ਾਰੀ ਆਦਿ ਦਾ ਵਰ ਦਿੰਦੇ ਹੋਏ ਹਰੇਕ ਨੂੰ ਆਪਣੇ ਕਰ-ਕਮਲਾਂ ਨਾਲ ਪਲੋਸਿਆ | ਏਨੇ ਨੂੰ ਭਾਈ ਮਹਾਂ ਸਿੰਘ ਸਹਿਕਦਾ ਹੋਇਆ ਗੁਰੂ ਜੀ ਦੀ ਨਜ਼ਰੀਂ ਪਿਆ | ਪਾਤਸ਼ਾਹ ਨੇ ਉਸ ਦੇ ਸੀਸ ਨੂੰ ਜਦੋਂ ਗੋਦ ਵਿਚ ਲਿਆ ਅਤੇ ਉਸ ਦਾ ਮੂੰਹ ਪੂੰਝਿਆ ਤਾਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ | ਜਿਸ ਗੁਰੂ ਜੀ ਦਾ ਧਿਆਨ ਉਸ ਦੇ ਹਿਰਦੇ ਵਿਚ ਸੀ, ਉਨ੍ਹਾਂ ਦੀ ਗੋਦ ਵਿਚ ਹੀ ਉਹ ਉਨ੍ਹਾਂ ਦਾ ਦੀਦਾਰ ਕਰ ਰਿਹਾ ਸੀ |
ਗੁਰੂ ਕਲਗੀਧਰ ਜੀ ਨੇ ਗੋਦੀ ‘ਚ ਲਏ ਭਾਈ ਮਹਾਂ ਸਿੰਘ ਦਾ ਅੰਤਿਮ ਸਮਾਂ ਨੇੜੇ ਆਉਂਦਾ ਵੇਖ ਉਸ ਦੇ ਜੀਵਨ ਦੀ ਕਿਸੇ ਇੱਛਾ ਬਾਰੇ ਜਦੋਂ ਪੁੱਛਿਆ, ਤਾਂ ਭਰੀਆਂ ਅੱਖਾਂ ਨਾਲ ਮਹਾਂ ਸਿੰਘ ਨੇ ਕਿਹਾ ‘ਉਤਮ ਭਾਗ ਹਨ, ਅੰਤ ਸਮੇਂ ਆਪ ਦੇ ਦਰਸ਼ਨ ਹੋ ਗਏ, ਸਭ ਇੱਛਾਂ ਪੂਰੀਆਂ ਹੋ ਗਈਆਂ ਹਨ | ਜੇ ਆਪ ਤੁੱਠੇ ਹੋ ਤਾਂ ਕਿਰਪਾ ਕਰੋ ਕਿ ਜਿਹੜੀ ਲਿਖਤ ਅਸੀਂ ਆਪ ਜੀ ਨੂੰ ਬੇਦਾਵੇ ਦੀ ਲਿਖ ਕੇ ਦੇ ਆਏ ਸਾਂ, ਉਸ ਨੂੰ ਪਾੜ ਕੇ ਟੁੱਟੀ ਮੇਲ ਲਓ |’ ਟੁੱਟੀ ਗੰਢਣਹਾਰ ਅਤੇ ਭੁੱਲਾਂ ਬਖਸ਼ਣਹਾਰ ਸਤਿਗੁਰੂ ਜੀ ਤੁੱਠ ਪਏ, ਕਮਰਕੱਸੇ ਵਿਚੋਂ ਬੇਦਾਵੇ ਦਾ ਕਾਗਜ਼ ਕੱਢ ਕੇ ਪਾੜ ਦਿੱਤਾ | ਭਾਈ ਮਹਾਂ ਸਿੰਘ ਨੇ ਗੁਰੂ ਸਾਹਿਬ ਨੂੰ ਬੇਦਾਵਾ ਪਾੜਦਿਆਂ ਦੇਖ ਅਤੇ ‘ਧੰਨ ਸਿੱਖੀ’ ਦੇ ਬੋਲ ਸੁਣ ਸਵਾਸ ਤਿਆਗ ਦਿੱਤੇ | ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਕਰਵਾ ਗੁਰੂ ਸਾਹਿਬ ਨੇ ‘ਖ਼ਾਲਸਾ ਮੇਰੋ ਰੂਪ ਹੈ ਖਾਸ’ ਦੇ ਸਿਧਾਂਤ ਨੂੰ ਅਮਲੀ ਰੂਪ ਦਿੰਦਿਆਂ ਢਾਬ ਨੂੰ ‘ਮੁਕਤੀ ਦਾ ਸਰ’ ਹੋਣ ਦਾ ਵਰਦਾਨ ਦਿੱਤਾ | ਅੱਜ ਇਹ ਸਥਾਨ ਸੰਸਾਰ ‘ਚ ‘ਸ੍ਰੀ ਮੁਕਤਸਰ ਸਾਹਿਬ’ ਦੇ ਨਾਂਅ ਨਾਲ ਪ੍ਰਸਿੱਧ ਹੈ | ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਅੱਜ ਵੀ ਸਾਨੂੰ ਚਾਲੀ ਮੁਕਤਿਆਂ ਦੀ ਪੰਥਕ ਏਕਤਾ ਅਤੇ ਦੇਸ਼ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦਿ੍ੜ੍ਹ ਕਰਵਾਉਂਦਾ ਹੈ ਅਤੇ ਸਾਨੂੰ ਵੀ ਦੇਸ਼, ਧਰਮ ਦੀ ਰੱਖਿਆ ਖ਼ਾਤਰ ਆਪਣਾ ਤਨ, ਮਨ, ਧਨ ਕੁਰਬਾਨ ਕਰਨ ਦੀ ਪ੍ਰੇਰਨਾ ਦਿੰਦਾ ਹੈ | ਆਓ! ਮਾਘੀ ਦੇ ਸਾਲਾਨਾ ਜੋੜ-ਮੇਲ ਦੇ ਮੌਕੇ ਸ਼ਬਦ-ਗੁਰੂ ਦੇ ਲੜ ਲੱਗਦਿਆਂ ਖੰਡੇ-ਬਾਟੇ ਦੀ ਪਾਹੁਲ ਛਕ ਦਸਮੇਸ਼ ਪਿਤਾ ਦੇ ਸੱਚੇ ਸਪੂਤ ਬਣ ਆਪਣਾ ਜੀਵਨ ਸਫਲਾ ਕਰੀਏ | ਕਿਸੇ ਕਾਰਨ ਵੱਸ ਗੁਰਮਤਿ ਤੋਂ ਮੁਨਕਰ ਹੋ ਚੁੱਕਿਆਂ ਨੂੰ ਮੇਰੀ ਬੇਨਤੀ ਹੈ ਕਿ ਉਹ ਅੱਜ ਦੇ ਇਸ ਪਾਵਨ ਦਿਹਾੜੇ ਸਮੇਂ ਗੁਰੂ ਪਾਸੋਂ ਆਪਣੇ ਪਤਿਤਪੁਣੇ ਦਾ ਬੇਦਾਵਾ ਪੜਵਾ ਕੇ ਸਿੱਖੀ ਦੀ ਧਾਰਾ ਵਿਚ ਸ਼ਾਮਿਲ ਹੋਣ ਤੇ ਆਪਣੇ ਅਨਮੋਲ ਵਿਰਸੇ ਦੇ ਅਸਲ ਵਾਰਸ ਬਣਨ |
ਜਥੇਦਾਰ ਅਵਤਾਰ ਸਿੰਘ ਮੱਕੜ
-ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ |




Tags: , ,
Posted in: ਸਾਹਿਤ