ਹਿੰਮਤ ਅਤੇ ਦਲੇਰੀ ਦੀ ਮਿਸਾਲ ਮਾਈ ਭਾਗੋ

By January 16, 2016 0 Comments


mai bhag kaur mai bhagoਝਬਾਲ ਦੇ ਪੇਰੋ ਸ਼ਾਹ ਦੇ ਦੋ ਪੁੱਤਰ ਸਨ-ਮਾਲੇ ਸ਼ਾਹ ਅਤੇ ਹਰੂ | ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਖ਼ਸੀਅਤ ਦਾ ਉਨ੍ਹਾਂ ‘ਤੇ ਕਾਫੀ ਅਸਰ ਸੀ | ਮਾਲੇ ਸ਼ਾਹ ਦੇ ਘਰ ਚਾਰ ਪੁੱਤਰ ਹੋਏ ਜੋ ਬੜੇ ਸੂਰਬੀਰ ਸਨ | ਇਨ੍ਹਾਂ ਤੋਂ ਮਗਰੋਂ ਇਸ ਦੇ ਘਰ ਇਕ ਬੀਬੀ ਨੇ ਜਨਮ ਲਿਆ | ਇਸ ਦੇ ਪੈਦਾ ਹੋਣ ਮਗਰੋਂ ਸਾਰਾ ਪਰਿਵਾਰ ਉਨਤੀ ਦੀ ਸਿਖਰ ਵੱਲ ਜਾਣ ਲੱਗਾ | ਸਾਰੇ ਜਣੇ ਉਸ ਨੂੰ ‘ਭਾਗ ਭਰੀ’ ਕਹਿਣ ਲੱਗੇ ਪਰ ਇਸ ਦੀਆਂ ਸਹੇਲੀਆਂ ਇਸ ਨੂੰ ‘ਭਾਗੋ’ ਦੇ ਨਾਂਅ ਨਾਲ ਸੱਦਦੀਆਂ ਰਹੀਆਂ | ਅਜੇ ਭਾਗੋ 7-8 ਵਰਿ੍ਹਆਂ ਦੀ ਹੀ ਸੀ ਕਿ ਉਸ ਦੇ ਮਾਤਾ ਜੀ ਉਸ ਨੂੰ ਸਤਿਗੁਰੂ ਦੇ ਦਰਬਾਰ ਲੈ ਜਾਂਦੇ | ਉਸ ਵੇਲੇ ਗੁਰਿਆਈ ਦੀ ਗੱਦੀ ਉੱਤੇ ਸਾਹਿਬ ਸ੍ਰੀ ਹਰਿ ਰਾਏ ਜੀ ਬਿਰਾਜਮਾਨ ਸਨ | ਉਸ ਨਿੱਕੀ ਜਿਹੀ ਲੜਕੀ ਦੀ ਸ਼ਰਧਾ ਤੇ ਪਿਆਰ ਦੇਖ ਕੇ ਇਕ ਦਿਨ ਸੱਤਵੇਂ ਪਾਤਸ਼ਾਹ ਨੇ ਸਿਰ ‘ਤੇ ਪਿਆਰ ਦਿੰਦਿਆਂ ਕਿਹਾ ਕਿ, ‘ਇਹ ਬੜੀ ਸਿਦਕਵਾਨ ਤੇ ਭਾਗਾਂ ਵਾਲੀ ਹੋਵੇਗੀ ਤੇ ਇਸ ਦਾ ਨਾਂਅ ਬੜਾ ਉੱਘਾ ਹੋਵੇਗਾ |’ ਸਤਿਗੁਰਾਂ ਤੋਂ ਇਹ ਵਰ ਲੈ ਕੇ ਮਾਤਾ ਜੀ ਬੜੇ ਪ੍ਰਸੰਨ ਹੋਏ ਤੇ ਬੀਬੀ ਨੂੰ ਸਤਿਗੁਰਾਂ ਦੇ ਚਰਨਾਂ ਨਾਲ ਹੀ ਲਾਈ ਰੱਖਿਆ |
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਕੁਰਬਾਨੀ ਅਤੇ ਬੇਮਿਸਾਲ ਸ਼ਹੀਦੀ ਦੀ ਖ਼ਬਰ ਬਿਜਲੀ ਦੀ ਤਰ੍ਹਾਂ ਸਾਰੇ ਦੇਸ਼ ਅੰਦਰ ਫੈਲ ਗਈ | ਸਤਿਗੁਰਾਂ ਨਾਲ ਦਿੱਲੀ ਗਏ ਸਿੱਖਾਂ ਦੀ ਸ਼ਹੀਦੀ ਦੀ ਖ਼ਬਰ ਵੀ ਪਹੁੰਚ ਚੁੱਕੀ ਸੀ | ਦੇਸ਼ ਦੇ ਨੌਜਵਾਨਾਂ ਅੰਦਰ ਕੁਰਬਾਨ ਹੋਣ ਦਾ ਜੋਸ਼ ਠਾਠਾਂ ਮਾਰਨ ਲੱਗ ਪਿਆ ਸੀ ਕਿ ਜੇ ਸਾਡਾ ਵੱਸ ਚੱਲੇ ਤਾਂ ਔਰੰਗਜ਼ੇਬ ਦੇ ਦਿੱਲੀ ਦਾ ਉਹ ਕਾਜ਼ੀ, ਜਿਸ ਦੇ ਹੁਕਮ ਨਾਲ ਇਹ ਭਾਣਾ ਵਰਤਿਆ ਹੈ, ਉਨ੍ਹਾਂ ਦੇ ਸਿਰ ਇਕਦਮ ਧੜ ਨਾਲੋਂ ਵੱਖ ਕਰ ਦਿੱਤੇ ਜਾਣ | ਬੀਬੀ ਭਾਗੋ ਨੇ ਕਿਹਾ, ‘ਪਿਤਾ ਜੀ! ਮੇਰਾ ਦਿਲ ਕਰਦਾ ਹੈ ਕਿ ਮੈਂ ਤਲਵਾਰ ਲੈ ਕੇ ਹੁਣੇ ਦਿੱਲੀ ਚਲੀ ਜਾਵਾਂ ਤੇ ਜਾ ਕੇ ਉਨ੍ਹਾਂ ਦੁਸ਼ਟਾਂ ਦਾ ਖ਼ਾਤਮਾ ਕਰ ਆਵਾਂ, ਜਿਨ੍ਹਾਂ ਨੇ ਮੇਰੇ ਸ਼ਹਿਨਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ | ਮਾਈ ਭਾਗੋ ਹਿੰਮਤ ਅਤੇ ਦਲੇਰੀ ਦੀ ਧਾਰਨੀ ਸੀ | ਸਿੱਖ ਇਤਿਹਾਸ ਵਿਚ ਮਾਈ ਭਾਗੋ ਇਸ ਘਟਨਾ ਕਰਕੇ ਕਾਫੀ ਪ੍ਰਸਿੱਧ ਸਨ ਕਿ ਉਨ੍ਹਾਂ ਨੇ ਕੁਝ ਸਿੱਖਾਂ ਨੂੰ (ਜੋ ਸ੍ਰੀ ਅਨੰਦਪੁਰ ਸਾਹਿਬ ਤੋਂ ਬੇਦਾਵਾ ਲਿਖ ਕੇ ਗੁਰੂ ਜੀ ਨਾਲੋਂ ਬੇਮੁਖ ਹੋਏ ਸਨ) ਪ੍ਰੇਰਣਾ ਦੇ ਕੇ ਮੁੜ ਗੁਰੂ ਜੀ ਦੇ ਲੜ ਲਾਇਆ |
ਉਨ੍ਹਾਂ ਸਿੱਖਾਂ ਨੇ ਖਿਦਰਾਣੇ ਦੀ ਢਾਬ ‘ਤੇ ਪਹੁੰਚ ਕੇ ਭਾਰੀ ਜੰਗ ਕੀਤੀ ਤੇ ਗੁਰੂ ਜੀ ਨਾਲ ਟੁੱਟੀ ਗੰਢੀ ਸੀ | ਮਾਈ ਭਾਗੋ ਇਸ ਯੁੱਧ ਵਿਚ ਜ਼ਖ਼ਮੀ ਹੋ ਗਏ ਸਨ | ਜਿਨ੍ਹਾਂ ਜੰਗੇ ਮੈਦਾਨ ਵਿਚ ਦੁਸ਼ਮਣ ਦੀਆਂ ਫ਼ੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇ ਕੇ ਸਿੱਖ ਇਤਿਹਾਸ ਨੂੰ ਇਕ ਨਵਾਂ ਮੋੜ ਦਿੱਤਾ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਹਿਕਦੀ ਮਾਈ ਭਾਗੋ ਨੂੰ ਵੇਖਿਆ ਤਾਂ ਉਸ ਦੇ ਜ਼ਖ਼ਮ ਸਾਫ਼ ਕਰਕੇ ਮਰ੍ਹਮ ਪੱਟੀ ਕਰਕੇ ਉਸ ਨੂੰ ਠੀਕ ਕੀਤਾ | ਮਾਈ ਭਾਗੋ ਹਜ਼ੂਰ ਸਾਹਿਬ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗਏ ਅਤੇ ਉਸ ਇਲਾਕੇ ਵਿਚ ਵਿਚਰਦੇ ਰਹੇ, ਸਿੱਖੀ ਦਾ ਪ੍ਰਚਾਰ ਕੀਤਾ ਅਤੇ ਬਿਦਰ (ਕਰਨਾਟਕ) ਦੇ ਇਲਾਕੇ ਵਿਚ ਨਾਨਕ ਝੀਰਾ ਦੇ ਕੋਲ ਲਗਭਗ 10 ਕਿਲੋਮੀਟਰ ਦੇ ਜਨਵਾੜੇ ਵਿਚ ਆਪਣਾ ਸਰੀਰ ਤਿਆਗਿਆ | ਆਓ! ਮਾਈ ਭਾਗੋ ਦੇ ਜੀਵਨ ਤੋਂ ਪ੍ਰੇਰਨਾ ਲਈਏ, ਜਿਨ੍ਹਾਂ ਧਰਮ, ਕੌਮ ਵਾਸਤੇ ਆਪਾ ਵਾਰਿਆ ਅਤੇ ਬੇਮੁਖ ਹੋਏ ਸਿੱਖਾਂ ਨੂੰ ਪ੍ਰੇਰਨਾ ਦੇ ਕੇ ਦਸਮੇਸ਼ ਪਿਤਾ ਪਾਸ ਲਿਆਂਦਾ | ਅੱਜ ਮਾਘੀ ਦੇ ਪਵਿੱਤਰ ਦਿਹਾੜੇ ‘ਤੇ ਮਹਾਨ ਸ਼ਹੀਦਾਂ ਨੂੰ ਯਾਦ ਕਰੀਏ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਕੇ ਸ਼ਰਧਾ ਦੇ ਫੁੱਲ ਭੇਟ ਕਰੀਏ |
ਰਣਜੀਤ ਸਿੰਘ ਢਿੱਲੋਂ ਭੁੱਟੀਵਾਲਾ
-ਸ੍ਰੀ ਮੁਕਤਸਰ ਸਾਹਿਬ | ਮੋਬਾ: 98729-14938




Tags: ,
Posted in: ਸਾਹਿਤ