ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਿਆਂ ਦਾ ਇਤਿਹਾਸ

By January 16, 2016 0 Comments


sri muktsar sahib gurdwaras (1)

sri muktsar sahib gurdwaras (2)

sri muktsar sahib gurdwaras (3)

sri muktsar sahib gurdwaras (4)

sri muktsar sahib gurdwaras (5)ਸ੍ਰੀ ਮੁਕਤਸਰ ਸਾਹਿਬ ਉਹ ਇਤਿਹਾਸਕ ਸਥਾਨ ਹੈ, ਜਿੱਥੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗ਼ਲ ਸਾਮਰਾਜ ਨਾਲ ਆਖਰੀ ਤੇ ਫ਼ੈਸਲਾਕੁਨ ਯੁੱਧ ਕਰਕੇ ਭਾਰਤ ਵਿਚੋਂ ਜ਼ਾਲਮ ਮੁਗ਼ਲ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ | ਇਸ ਸ਼ਹਿਰ ਦੀ ਇਤਿਹਾਸ ਵਿਚ ਬਹੁਤ ਮਹੱਤਤਾ ਹੈ | ਮਾਘੀ ਦੇ ਸ਼ੁੱਭ ਦਿਹਾੜੇ ‘ਤੇ ਲੱਖਾਂ ਸ਼ਰਧਾਲੂ ਸ੍ਰੀ ਮੁਕਤਸਰ ਸਾਹਿਬ ਪਹੁੰਚ ਕੇ ਪਵਿੱਤਰ ਮੁਕਤ ਸਰੋਵਰ ਵਿਚ ਇਸ਼ਨਾਨ ਕਰਦੇ ਹਨ ਤੇ ਚਾਲੀ ਮੁਕਤਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ | ਸ੍ਰੀ ਮੁਕਤਸਰ ਸਾਹਿਬ ਦੇ ਇਤਿਹਾਸਕ ਸਥਾਨਾਂ ਦੀ ਜਾਣਕਾਰੀ ਇਸ ਪ੍ਰਕਾਰ ਹੈ-
ਗੁਰਦੁਆਰਾ ਟੁੱਟੀ ਗੰਢੀ ਸਾਹਿਬ : ਗੁਰਦੁਆਰਾ ਟੁੱਟੀ ਗੰਢੀ ਸਾਹਿਬ (ਸ੍ਰੀ ਦਰਬਾਰ ਸਾਹਿਬ) ਸ਼ਹਿਰ ਦੇ ਵਿਚਕਾਰ ਹੈ, ਜਿੱਥੇ ਮਾਘੀ ਵਾਲੇ ਦਿਨ ਅਤੇ ਹਰ ਮੱਸਿਆ ਨੂੰ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਹੈ ਤੇ ਸੰਗਤਾਂ ਪਵਿੱਤਰ ਮੁਕਤ ਸਰੋਵਰ ਵਿਚ ਇਸ਼ਨਾਨ ਕਰਦੀਆਂ ਹਨ | ਗੁਰਦੁਆਰਾ ਟੁੱਟੀ ਗੰਢੀ ਸਾਹਿਬ ਉਹ ਅਸਥਾਨ ਹੈ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਾਲੀ ਭੁੱਲੜ ਸਿੰਘਾਂ ਦਾ ਬੇਦਾਵਾ ਭਾਈ ਮਹਾਂ ਸਿੰਘ ਦੇ ਸਾਹਮਣੇ ਪਾੜ ਕੇ ਮੁਕਤੀ ਪ੍ਰਦਾਨ ਕੀਤੀ ਅਤੇ ਟੁੱਟੀ ਗੰਢੀ |
ਗੁਰਦੁਆਰਾ ਤੰਬੂ ਸਾਹਿਬ : ਗੁਰਦੁਆਰਾ ਤੰਬੂ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਹੈ | ਇਸ ਅਸਥਾਨ ‘ਤੇ ਚਾਲੀ ਮੁਕਤਿਆਂ ਨੇ ਤੁਰਕਾਂ ਨਾਲ ਜੰਗ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਫੌਜ ਆਉਂਦੀ ਵੇਖ ਕੇ ਝਾੜਾਂ ਅਤੇ ਕਰੀਰਾਂ ਦੇ ਝੁੰਡਾਂ ‘ਤੇ ਕੱਪੜੇ ਅਤੇ ਚਾਦਰੇ ਤਾਣ ਦਿੱਤੇ ਸਨ ਤਾਂ ਕਿ ਦੁਸ਼ਮਣ ਦੀ ਫੌਜ ਨੂੰ ਸਿੱਖਾਂ ਦੇ ਤੰਬੂ ਲੱਗੇ ਦੇਖ ਕੇ ਬਹੁਤੀ ਫ਼ੌਜ ਦਾ ਅਨੁਮਾਨ ਹੋਵੇ |
ਗੁਰਦੁਆਰਾ ਸ਼ਹੀਦ ਗੰਜ ਸਾਹਿਬ : ਇਸ ਜਗ੍ਹਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥੀਂ ਚਿਖਾ ਤਿਆਰ ਕਰਕੇ ਚਾਲੀ ਮੁਕਤਿਆਂ ਦਾ ਅੰਤਿਮ ਸੰਸਕਾਰ ਕੀਤਾ ਸੀ, ਜੋ ਇਸ ਧਰਮ ਯੁੱਧ ਵਿਚ ਸ਼ਹੀਦ ਹੋਏ ਸਨ | ਇੱਥੇ ਹਰ ਸਾਲ 3 ਮਈ ਨੂੰ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ |
ਗੁਰਦੁਆਰਾ ਮਾਈ ਭਾਗੋ : ਮਾਈ ਭਾਗੋ ਜਿਸ ਨੇ ਕੁਝ ਸਿੱਖਾਂ ਨੂੰ (ਜੋ ਬੇਦਾਵਾ ਲਿਖ ਕੇ ਗੁਰੂ ਜੀ ਨਾਲੋਂ ਬੇਮੁੱਖ ਹੋਏ ਸਨ) ਪ੍ਰੇਰਨਾ ਦੇ ਕੇ ਗੁਰੂ ਜੀ ਦੇ ਲੜ ਲਾਇਆ | ਉਨ੍ਹਾਂ ਸਿੱਖਾਂ ਨੇ ਖਿਦਰਾਣੇ ਦੀ ਢਾਬ (ਮੁਕਤਸਰ) ਪਹੁੰਚ ਕੇ ਭਾਰੀ ਜੰਗ ਕੀਤੀ ਤੇ ਗੁਰੂ ਜੀ ਨਾਲ ਟੁੱਟੀ ਗੰਢੀ | ਮਾਈ ਭਾਗੋ ਇਸ ਯੁੱਧ ਵਿਚ ਜ਼ਖ਼ਮੀ ਹੋ ਗਏ ਸਨ | ਮਾਈ ਭਾਗੋ ਹਜ਼ੂਰ ਸਾਹਿਬ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਚਲੇ ਗਏ ਸਨ ਤੇ ਉਸ ਇਲਾਕੇ ਵਿਚ ਵਿਚਰਦੇ ਰਹੇ, ਸਿੱਖੀ ਦਾ ਪ੍ਰਚਾਰ ਕੀਤਾ | ਉਨ੍ਹਾਂ ਬਿਦਰ (ਕਰਨਾਟਕ) ਦੇ ਇਲਾਕੇ ਵਿਚ ਨਾਨਕ ਝੀਰਾ ਦੇ ਕੋਲ ਲਗਭਗ 10 ਕਿਲੋਮੀਟਰ ‘ਤੇ ਜਨਵਾੜੇ ਵਿਚ ਆਪਣਾ ਸਰੀਰ ਤਿਆਗਿਆ | ਉਨ੍ਹਾਂ ਦੇ ਨਾਂਅ ‘ਤੇ ਗੁਰਦੁਆਰਾ ਮਾਤਾ ਭਾਗ ਕੌਰ ਸੁਸ਼ੋਭਿਤ ਹੈ |
ਗੁਰਦੁਆਰਾ ਟਿੱਬੀ ਸਾਹਿਬ : ਇਹ ਗੁਰਦੁਆਰਾ ਸ਼ਹਿਰ ਤੋਂ ਤਕਰੀਬਨ ਦੋ ਕਿਲੋਮੀਟਰ ਦੂਰ ਹੈ | ਇੱਥੇ ਰੇਤਲਾ ਉੱਚਾ ਟਿੱਬਾ ਸੀ ਅਤੇ ਜੰਗਲ ਸੀ | ਇੱਥੋਂ ਦਸਮ ਪਿਤਾ ਜੀ ਮੁਗਲ ਸੈਨਾ, ਜੋ ਨਵਾਬ ਵਜ਼ੀਰ ਖਾਨ ਸੂਬਾ ਸਰਹਿੰਦ ਦੇ ਅਧੀਨ ਗੁਰੂ ਸਾਹਿਬ ਦਾ ਪਿੱਛਾ ਕਰਦੀ ਹੋਈ ਆਈ ਤੇ ਖਿਦਰਾਣੇ ਦੇ ਅਸਥਾਨ ‘ਤੇ ਚਾਲੀ ਮੁਕਤਿਆਂ ਨਾਲ ਲੜ ਰਹੀ ਸੀ, ਤਾਂ ਗੁਰੂ ਜੀ ਉੱਚੀ ਟਿੱਬੀ ਤੋਂ ਤੀਰ ਚਲਾਉਂਦੇ ਰਹੇ | ਇੱਥੇ ਗੁਰਦੁਆਰਾ ਟਿੱਬੀ ਸਾਹਿਬ ਸੁੁਸ਼ੋਭਿਤ ਹੈ |
ਗੁਰਦੁਆਰਾ ਦਾਤਣਸਰ ਸਾਹਿਬ : ਇਹ ਗੁਰਦੁਆਰਾ ਟਿੱਬੀ ਸਾਹਿਬ ਤੋਂ ਅੱਧਾ ਕਿਲੋਮੀਟਰ ਦੂਰ ਹੈ | ਗੁਰੂ ਜੀ ਇਸ ਸਥਾਨ ‘ਤੇ ਦਾਤਣ-ਕੁਰਲਾ ਕਰਿਆ ਕਰਦੇ ਸਨ | ਇਕ ਦਿਨ ਗੁਰੂ ਜੀ ਦਾਤਣ ਕਰ ਰਹੇ ਸਨ ਕਿ ਅਜਿਹੀ ਘਟਨਾ ਵਾਪਰੀ ਕਿ ਇਕ ਗ਼ਦਾਰ ਮੁਸਲਮਾਨ ਨੂਰ ਦੀਨ ਜੋ ਕਿ ਨਿਹੰਗ ਸਿੰਘ ਦੇ ਭੇਸ ਵਿਚ ਸੀ, ਨੇ ਪਿਛਲੇ ਪਾਸਿਓਾ ਦੀ ਹੋ ਕੇ ਗੁਰੂ ਜੀ ‘ਤੇ ਤਲਵਾਰ ਚਲਾ ਦਿੱਤੀ | ਗੁਰੂ ਸਾਹਿਬ ਨੇ ਬੜੀ ਫੁਰਤੀ ਨਾਲ ਵਾਰ ਰੋਕ ਲਿਆ ਤੇ ਪਾਣੀ ਵਾਲਾ ਗੜਵਾ ਅਜਿਹਾ ਜ਼ੋਰ ਨਾਲ ਮਾਰਿਆ ਕਿ ਉਸ ਦਾ ਕੌਡਾ ਉਥੇ ਹੀ ਚਿੱਤ ਕਰ ਦਿੱਤਾ | ਇਥੇ ਗੁਰਦੁਆਰਾ ਦਾਤਣਸਰ ਸਾਹਿਬ ਮੌਜੂਦ ਹੈ |
ਗੁਰਦੁਆਰਾ ਰਕਾਬਸਰ ਸਾਹਿਬ : ਇਹ ਗੁਰਦੁਆਰਾ ਟਿੱਬੀ ਸਾਹਿਬ ਦੇ ਨੇੜੇ ਹੈ | ਇੱਥੋਂ ਦਸਮੇਸ਼ ਪਿਤਾ ਜੀ ਿਖ਼ਦਰਾਣੇ ਦੀ ਰਣਭੂਮੀ ਵੱਲ ਚਾਲੇ ਪਾਉਣ ਲਈ ਘੋੜੇ ‘ਤੇ ਚੜ੍ਹਨ ਲੱਗੇ ਤਾਂ ਰਕਾਬ ਟੁੱਟ ਗਈ | ਇਹ ਰਕਾਬ ਅੱਜ ਵੀ ਇੱਥੇ ਮੌਜੂਦ ਹੈ | ਇੱਥੇ ਗੁਰਦੁਆਰਾ ਰਕਾਬਸਰ ਸਾਹਿਬ ਬਣਿਆ ਹੋਇਆ ਹੈ |
ਗੁਰਦੁਆਰਾ ਗੁਰੂ ਕਾ ਖੂਹ ਪਾਤਸ਼ਾਹੀ ਦਸਵੀਂ : ਇਤਿਹਾਸਕਾਰਾਂ ਅਨੁਸਾਰ ਇਸ ਸਥਾਨ ‘ਤੇ ਉਸ ਸਮੇਂ ਪਾਣੀ ਦੀ ਬਹੁਤ ਘਾਟ ਸੀ ਅਤੇ ਧਰਤੀ ਹੇਠਲਾ ਬਹੁਤਾ ਪਾਣੀ ਖਾਰਾ ਸੀ | ਜਦ ਖਿਦਰਾਣੇ ਦੀ ਜੰਗ ਸਮੇਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਇਸ ਜਗ੍ਹਾ ‘ਤੇ ਪਹੁੰਚੇ ਤਾਂ ਲੋਕਾਂ ਦੀ ਬੇਨਤੀ ‘ਤੇ ਉਨ੍ਹਾਂ ਤੀਰ ਮਾਰ ਕੇ ਇਸ ਜਗ੍ਹਾ ਤੋਂ ਮਿੱਠਾ ਪਾਣੀ ਕੱਢਿਆ | ਇਸ ਜਗ੍ਹਾ ‘ਤੇ ਅੱਜ ਗੁਰਦੁਆਰਾ ਗੁਰੂ ਕਾ ਖੂਹ ਪਾਤਸ਼ਾਹੀ ਦਸਵੀਂ ਸੁਸ਼ੋਭਿਤ ਹੈ | ਇਸ ਜਗ੍ਹਾ ‘ਤੇ ਹਰ ਸਾਲ ਸੰਗਤਾਂ ਵੱਲੋਂ ਕੀਰਤਨ ਦਰਬਾਰ ਕਰਵਾਇਆ ਜਾਂਦਾ ਹੈ | ਇਸ ਅਸਥਾਨ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਦੀ ਅਗਵਾਈ ਵਿਚ ਗੁਰਮਤਿ ਵਿਦਿਆਲਿਆ ਚਲਾਇਆ ਜਾ ਰਿਹਾ ਹੈ, ਜਿਥੇ ਬੱਚੇ ਗੁਰਮਤਿ ਤੇ ਸ਼ਸਤਰ ਵਿੱਦਿਆ ਦੀ ਸਿਖਲਾਈ ਲੈਂਦੇ ਹਨ |
ਗੁਰਦੁਆਰਾ ਦੂਖ ਨਿਵਾਰਣ ਤਰਨ ਤਾਰਨ ਸਾਹਿਬ : ਇਹ ਗੁਰਦੁਆਰਾ ਬਠਿੰਡਾ ਰੋਡ ‘ਤੇ ਸਥਿਤ ਹੈ | ਇੱਥੇ ਹਰ ਐਤਵਾਰ ਨੂੰ ਭਾਰੀ ਗਿਣਤੀ ਵਿਚ ਸੰਗਤਾਂ ਪਹੁੰਚ ਕੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਦੀਆਂ ਹਨ | ਮਿੰਨੀ ਸਕੱਤਰੇਤ ਦੇ ਨੇੜੇ ਚਾਲੀ ਮੁਕਤਿਆਂ ਦੀ ਯਾਦਗਾਰ ਮੀਨਾਰ-ਏ-ਮੁਕਤੇ ਤਿਆਰ ਕੀਤੀ ਗਈ ਹੈ, ਜਿਸ ਵਿਚ 80 ਫੁੱਟ ਉੱਚਾ ਵਿਲੱਖਣ ਖੰਡਾ ਤਿਆਰ ਕੀਤਾ ਗਿਆ ਹੈ | ਜਿਸ ‘ਤੇ ਚਾਲੀ ਮੁਕਤਿਆਂ ਨੂੰ ਸਮਰਪਿਤ ਚਾਲੀ ਗੋਲ ਚੱਕਰ ਹਨ ਤੇ ਯਾਦਗਾਰ ‘ਤੇ ਚਾਲੀ ਮੁਕਤਿਆਂ ਦੇ ਨਾਂਅ ਅੰਕਿਤ ਹਨ | ਇਸ ਤੋਂ ਇਲਾਵਾ ਸ਼ਹਿਰ ਨੂੰ ਆਉਣ ਵਾਲੀਆਂ ਮੁੱਖ ਸੜਕਾਂ ‘ਤੇ ਭਾਈ ਦਾਨ ਸਿੰਘ, ਭਾਈ ਲੰਗਰ ਸਿੰਘ, ਭਾਈ ਮਹਾਂ ਸਿੰਘ ਅਤੇ ਮਾਤਾ ਭਾਗ ਕੌਰ ਦੇ ਨਾਂਅ ਤੇ ਯਾਦਗਾਰੀ ਗੇਟ ਉਸਾਰੇ ਗਏ ਹਨ | ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਇਨ੍ਹਾਂ ਅਮਰ ਸ਼ਹੀਦਾਂ ਦੇ ਖੂਨ ਨਾਲ ਸਿੰਝੀ ਹੋਈ ਹੈ, ਜਿਨ੍ਹਾਂ ਦੀ ਬਦੌਲਤ ਦਸਮ ਪਾਤਸ਼ਾਹ ਨੇ ਖਿਦਰਾਣੇ ਦੀ ਢਾਬ ਨੂੰ ਮੁਕਤੀ ਦਾ ਸਰ (ਸ੍ਰੀ ਮੁਕਤਸਰ ਸਾਹਿਬ) ਦਾ ਵਰਦਾਨ ਬਖ਼ਸ਼ਿਆ |
ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸਕ ਸ਼ਹੀਦੀ ਜੋੜ ਮੇਲਾ 13, 14 ਅਤੇ 15 ਜਨਵਰੀ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | 13 ਅਤੇ 14 ਜਨਵਰੀ ਨੂੰ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਣਗੇ, ਜਿਸ ਵਿਚ ਰਾਗੀ-ਢਾਡੀ ਤੇ ਵਿਦਵਾਨ ਸੱਜਣ ਗੁਰੂ ਜਸ ਸਿੱਖ ਇਤਿਹਾਸ ਤੇ ਪੰਥਕ ਪ੍ਰੋਗਰਾਮ ਪੇਸ਼ ਕਰਨਗੇ | 14 ਜਨਵਰੀ 2016 (1 ਮਾਘ) ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮਾਘੀ ਵਾਲੇ ਦਿਨ ਸਵੇਰੇ 6 ਵਜੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਵੇਗਾ | 15 ਜਨਵਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਵਿਸ਼ੇਸ਼ ਢਾਡੀ ਸਮਾਗਮ ਹੋਵੇਗਾ | ਇਸ ਦਿਨ ਹੀ ਗੁਰਦੁਆਰਾ ਤੰਬੂ ਸਾਹਿਬ ਵਿਖੇ ਸਵੇਰੇ 11 ਵਜੇ ਅੰਮਿ੍ਤ ਸੰਚਾਰ ਹੋਵੇਗਾ | 15 ਜਨਵਰੀ ਨੂੰ ਸਵੇਰੇ ਸ੍ਰੀ ਦਰਬਾਰ ਸਾਹਿਬ ਦੇ ਗੇਟ ਨੰਬਰ 4 ਤੋਂ ਨਗਰ ਕੀਰਤਨ ਆਰੰਭ ਹੋ ਕੇ ਸ੍ਰੀ ਟਿੱਬੀ ਸਾਹਿਬ ਪੁੱਜੇਗਾ ਅਤੇ ਇੱਥੋਂ ਸ੍ਰੀ ਦਰਬਾਰ ਸਾਹਿਬ ਵਿਖੇ ਆ ਕੇ ਸਮਾਪਤ ਹੋਵੇਗਾ | ਨਿਹੰਗ ਸਿੰਘ ਘੋੜਸਵਾਰੀ ਤੇ ਸ਼ਸਤਰ ਵਿੱਦਿਆ ਦੇ ਜੌਹਰ ਸੰਗਤਾਂ ਨੂੰ ਵਿਖਾਉਣਗੇ | ਮਾਘੀ ਵਾਲੇ ਦਿਨ ਵੱਖ-ਵੱਖ ਸਿਆਸੀ ਪਾਰਟੀਆਂ ਆਪਣੀਆਂ ਕਾਨਫਰੰਸਾਂ ਵੀ ਕਰਨਗੀਆਂ | ਸ਼ਹਿਰ ਅਤੇ ਸ੍ਰੀ ਮੁਕਤਸਰ ਸਾਹਿਬ ਨੂੰ ਆਉਣ ਵਾਲੇ ਸਾਰੇ ਰਸਤਿਆਂ ‘ਤੇ ਜਗ੍ਹਾ-ਜਗ੍ਹਾ ਗੁਰੂ ਕੇ ਲੰਗਰ ਅਤੁੱਟ ਵਰਤਣਗੇ | 14 ਜਨਵਰੀ ਦੀ ਰਾਤ ਨੂੰ ਦੀਪਮਾਲਾ ਹੋਵੇਗੀ | ਇਸ ਸ਼ਹੀਦੀ ਜੋੜ ਮੇਲੇ ਵਿਚ ਸੰਗਤਾਂ ਦੇਸ਼-ਵਿਦੇਸ਼ ਵਿਚੋਂ ਪਹੁੰਚ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਹਨ |
-ਸ੍ਰੀ ਮੁਕਤਸਰ ਸਾਹਿਬ |
Tags:
Posted in: ਸਾਹਿਤ