ਆਰ.ਐਸ.ਐਸ. ਦੇ ਸਿੱਖਾਂ ਅਤੇ ਸਿੱਖੀ ਉਤੇ ਤਾਬੜ-ਤੋੜ ਹਮਲੇ

By January 15, 2016 0 Comments


– ਡਾ. ਗੁਰਦਰਸ਼ਨ ਸਿੰਘ ਢਿੱਲੋਂ(ਮੋਬਾਈਲ : 98151-43911)
gurdarshan singh
ਆਰ.ਐਸ.ਐਸ. ਸਿੱਖ ਪੰਥ ਦੇ ਧਾਰਮਕ ਤੇ ਰਾਜਨੀਤਕ ਮਾਮਲਿਆਂ ਵਿਚ ਦੂਰ ਤਕ ਘੁਸਪੈਠ ਕਰ ਚੁੱਕੀ ਹੈ। ਹਾਲ ਵਿਚ ਹੀ ‘ਟਾਈਮਜ਼ ਆਫ਼ ਇੰਡੀਆ’ ਦੇ 22 ਦਸੰਬਰ 2015 ਦੇ ਅੰਕ ਵਿਚ ਛਪੀ ਇਸ ਖ਼ਬਰ ਨੇ ਸਿੱਖੀ ਸਿਧਾਂਤਾਂ ਅਤੇ ਸਰੋਕਾਰਾਂ ਨਾਲ ਜੁੜੇ ਹੋਏ ਲੋਕਾਂ ਵਿਚ ਚਿੰਤਾ ਤੇ ਬੇਚੈਨੀ ਦੀ ਲਹਿਰ ਪੈਦਾ ਕਰ ਦਿਤੀ ਹੈ। ਇਸ ਖ਼ਬਰ ਵਿਚ ਆਰ.ਐਸ.ਐਸ. (ਰਾਸਟਰੀ ਸਵੈਮ ਸੇਵਕ ਸੰਘ) ਦੇ ਚੀਫ਼ ਪੈਟਰਨ ਮੋਹਨ ਭਾਗਵਤ ਨੇ ਸਿੱਖਾਂ ਦੇ ਇਤਿਹਾਸ ਤੇ ਧਾਰਮਕ ਖੋਜ ਲਈ ਚਿਰੰਜੀਵ ਸਿੰਘ ਨਾਂ ਦੇ ਵਿਅਕਤੀ ਨੂੰ 85 ਲੱਖ ਰੁਪਏ ਦੀ ਰਾਸ਼ੀ ਭੇਟ ਕੀਤੀ ਹੈ। ਇਹ ਸਮਾਗਮ ਦਿੱਲੀ ਦੇ ਪ੍ਰਸਿੱਧ ਮਾਲਵੰਕਰ ਹਾਲ ਵਿਚ ਕੀਤਾ ਗਿਆ। 85 ਲੱਖ ਰੁਪਏ ਦੀ ਇਹ ਰਾਸ਼ੀ ‘ਭਾਈ ਮਨੀ ਸਿੰਘ ਗੁਰਮਤਿ ਰੀਸਰਚ ਅਤੇ ਅਧਿਐਨ ਕੇਂਦਰ’ ਨੂੰ ਦਿਤੀ ਗਈ, ਜਿਸ ਦਾ ਕੰਮ ਸਿੱਖਾਂ ਦੇ ਇਤਿਹਾਸਕ ਦਸਤਾਵੇਜ਼ਾਂ ਨੂੰ ਇਕੱਠਿਆਂ ਕਰਨਾ ਅਤੇ ਉਨ੍ਹਾਂ ਦੀ ਨਵੇਂ ਸਿਰੇ ਤੋਂ ਵਿਆਖਿਆ ਕਰਨੀ ਹੈ। ਇਥੇ ਇਹ ਵੀ ਚੇਤੇ ਕਰਾਉਣ ਦੀ ਲੋੜ ਹੈ ਕਿ ਚਿਰੰਜੀਵ ਸਿੰਘ ਸੰਨ 1953 ਤੋਂ ਲਗਾਤਾਰ ਆਰ.ਐਸ.ਐਸ. ਦੇ ਪ੍ਰਚਾਰਕ ਵਜੋਂ ਕੰਮ ਕਰ ਰਹੇ ਹਨ। ਸਮਾਗਮ ਵਿਚ ਆਰ.ਐਸ.ਐਸ. ਦੇ ਜਨਰਲ ਸਕੱਤਰ ਅਵਤਾਰ ਸਿੰਘ ਸ਼ਾਸਤਰੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਚਿਰੰਜੀਵ ਸਿੰਘ ਰਾਸ਼ਟਰੀ ਸਿੱਖ ਸੰਗਤ ਦੇ ਬਾਨੀਆਂ ਵਿਚੋਂ ਇਕ ਹਨ, ਜਿਨ੍ਹਾਂ ਨੇ ਆਰ.ਐਸ.ਐਸ. ਨਾਲ ਜੁੜੀ ਇਸ ਸੰਸਥਾ ਦੀ ਨੀਂਹ ਰੱਖੀ ਅਤੇ ਸੰਨ 1990 ਵਿਚ ਇਸ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਨੇ ਸੰਨ 1999 ਵਿਚ ਖ਼ਾਲਸਾ ਦੇ ਤਿੰਨ ਸੌ ਸਾਲਾ ਸਾਜਨਾ ਦਿਵਸ ਦੇ ਮੌਕੇ ‘ਤੇ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਤਕ ‘ਸੰਤ ਯਾਤਰਾ’ ਵੀ ਆਯੋਜਿਤ ਕਰਵਾਈ। ਸਮਾਗਮ ਦੌਰਾਨ ਚਿਰੰਜੀਵ ਸਿੰਘ ਦੀ ਇਕ ਪੁਸਤਕ ‘ਇਹ ਜਨਮ ਤੁਮਾਰੇ ਲੇਖੇ’ ਦੇ ਟਾਈਟਲ ਹੇਠ ਰੀਲੀਜ਼ ਵੀ ਕੀਤੀ ਗਈ। ਇਥੇ ਖ਼ਾਸ ਤੌਰ ਤੇ ਵਰਣਨਯੋਗ ਹੈ ਕਿ ਇਹ ਦੋਵੇਂ ਵਿਅਕਤੀ ਸਿੱਖੀ ਸਰੂਪ ਵਿਚ ਹੀ ਹਨ।
ਉਪ੍ਰੋਕਤ ਜਾਣਕਾਰੀ ਤੋਂ ਇਕ ਗੱਲ ਤਾਂ ਸਪੱਸ਼ਟ ਹੈ ਕਿ ਸਿੱਖੀ ਦੇ ਦੁਸ਼ਮਣ ਕਿਵੇਂ ਸਿੱਖਾਂ ਅਤੇ ਸਿੱਖੀ ਸਿਧਾਂਤਾਂ ਦੀ ਘੇਰਾਬੰਦੀ ਕਰਨ ਵਿਚ ਪੂਰੀ ਤਰ੍ਹਾਂ ਸਰਗਰਮ ਹਨ ਜਦਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦਾ ਅਕਾਲੀ ਦਲ ਕਿਵੇਂ ਸਿੱਧੇ ਤੇ ਅਸਿੱਧੇ ਰੂਪ ਵਿਚ ਭਾਜਪਾ/ਆਰ.ਐਸ.ਐਸ. ਦੇ ਹੱਥਾਂ ਵਿਚ ਖੇਡ ਰਹੇ ਹਨ ਅਤੇ ਉਹ ਇਸ ਬਾਰੇ ਕੋਈ ਵੀ ਪ੍ਰਤੀਕਿਰਿਆ ਨਹੀਂ ਕਰ ਰਹੇ। ਲਗਦਾ ਹੈ ਕਿ ਉਨ੍ਹਾਂ ਦੀ ਸਹਿਮਤੀ ਨਾਲ ਹੀ ਇਹ ਸਾਰਾ ਘਟਨਾਕ੍ਰਮ ਹੋ ਰਿਹਾ ਹੈ। ਪਿਛਲੇ ਸਾਲ 2015 ਵਿਚ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਦੋ ਵਾਰ ਮਾਨਸਾ ਆਏ ਅਤੇ ਉਥੇ ਉਹ ਰਾਧਾ ਸਵਾਮੀ ਮੁਖੀ ਨੂੰ ਵੀ ਮਿਲੇ। ਮੋਹਨ ਭਾਗਾਵਤ ਮਾਨਸਾ ਵਿਚ ਪ੍ਰੋਫ਼ੈਸਰ ਬਲਤੇਜ ਸਿੰਘ ਮਾਨ ਦੇ ਘਰ ਵੀ ਗਏ। ਦਸਿਆ ਜਾਂਦਾ ਹੈ ਕਿ ਇਸ ਪ੍ਰਵਾਰ ਦਾ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਆਰ.ਐਸ.ਐਸ. ਨਾਲ ਡੂੰਘਾ ਸਬੰਧ ਹੈ ਅਤੇ ਉਹ ਇਸ ਇਲਾਕੇ ਵਿਚ ਖੁਲ੍ਹ ਕੇ ਆਰ.ਐਸ.ਐਸ. ਦਾ ਪ੍ਰਚਾਰ ਕਰਦੇ ਹਨ। ਇਸੇ ਇਵਜ਼ ਵਿਚ ਪ੍ਰੋਫ਼ੈਸਰ ਬਲਤੇਜ ਸਿੰਘ ਮਾਨ ਨੂੰ ਮਾਇਨਾਰਟੀ ਐਜੂਕੇਸ਼ਨ ਇੰਸਟੀਚਿਊਟ ਦੇ ਮੈਂਬਰ ਵਜੋਂ ਲਿਆ ਗਿਆ। (ਵਿਸਥਾਰ ਲਈ ਵੇਖੋ ਇੰਗਲਿਸ਼ ਟ੍ਰਿਬਿਊਨ 5 ਦਸੰਬਰ, 2015) ਪ੍ਰੋਫ਼ੈਸਰ ਮਾਨ ਪੰਜਾਬੀ ਯੂਨੀਵਰਸਟੀ ਵਿਚ ਬਤੌਰ ਪ੍ਰੋਫ਼ੈਸਰ ਕੰਮ ਕਰ ਚੁੱਕੇ ਹਨ। ਇਥੇ ਖ਼ਾਸ ਤੌਰ ‘ਤੇ ਵਰਣਨਯੋਗ ਹੈ ਕਿ ਪੰਜਾਬੀ ਯੂਨੀਵਰਸਟੀ, ਪਟਿਆਲਾ ਪੂਰੀ ਤਰ੍ਹਾਂ ਆਰ.ਐਸ.ਐਸ. ਦੀ ਗ੍ਰਿਫ਼ਤ ਵਿਚ ਆ ਚੁੱਕੀ ਹੈ। ਪੰਜਾਬੀ ਯੂਨੀਵਰਸਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਦੇ ਵੀ ਸਿੱਧੇ/ਅਸਿੱਧੇ ਤੌਰ ਤੇ ਇਸ ਜਥੇਬੰਦੀ ਨਾਲ ਸਬੰਧ ਹਨ ਅਤੇ ਇਸੇ ਕਰ ਕੇ ਉਨ੍ਹਾਂ ਨੂੰ ਤੀਜੀ ਵਾਰ ਐਕਸਟੈਨਸ਼ਨ ਮਿਲੀ ਹੈ। ਬਤੌਰ ਵਾਈਸ ਚਾਂਸਲਰ ਉਹ ਉਨ੍ਹਾਂ ਲੋਕਾਂ ਨੂੰ ਹੱਲਾਸ਼ੇਰੀ ਦੇਂਦੇ ਹਨ ਜਿਨ੍ਹਾਂ ਦਾ ਇਸ ਜਥੇਬੰਦੀ ਨਾਲ ਸਿੱਧਾ ਜਾਂ ਅਸਿੱਧਾ ਸੰਪਰਕ ਹੈ। ਇਸ ਯੂਨੀਵਰਸਟੀ ਦੇ ਕਈ ਸਿੱਖ ਪ੍ਰੋਫ਼ੈਸਰ ਇਸ ਵਿਚਾਰਧਾਰਾ ਦੇ ਹਾਮੀ ਹਨ ਅਤੇ ਉਹ ਇਨ੍ਹਾਂ ਵਿਚਾਰਾਂ ਦੇ ਅਨੁਕੂਲ ਹੀ ਸਿੱਖ ਧਰਮ ਅਤੇ ਇਤਿਹਾਸ ਦੀ ਵਿਆਖਿਆ ਕਰਦੇ ਹਨ।
ਆਰ.ਐਸ.ਐਸ. ਵਾਲਿਆਂ ਨੇ ਭਾਰਤੀ ਯੂਨੀਵਰਸਟੀਆਂ ਤੋਂ ਉਪ੍ਰੰਤ ਵਿਦੇਸ਼ੀ ਯੂਨੀਵਰਸਟੀਆਂ ਵਿਚ ਵੀ ਅਪਣਾ ਮਕੜੀ ਜਾਲ ਪੂਰੀ ਤਰ੍ਹਾਂ ਫੈਲਾ ਲਿਆ ਹੈ। ਕਰੋੜਾਂ ਡਾਲਰ ਖ਼ਰਚ ਕਰ ਕੇ, ਸਿੱਖ ਸਟੱਡੀਜ਼ ਦੀਆਂ ਚੇਅਰਾਂ ਉਤੇ ਕੰਮ ਕਰ ਰਹੇ ਵਿਦਵਾਨਾਂ ਦੀ ਖੁਲ੍ਹੀ ਖ਼ਰੀਦੋ ਫ਼ਰੋਖਤ ਹੋ ਰਹੀ ਹੈ। ਅਰਵਿੰਦ ਪਾਲ ਸਿੰਘ ਮੰਡੇਰ, ਜੋ ਕਿ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਟੀ ਵਿਚ ਬਤੌਰ ਐਸੋਸੀਏਟ ਪ੍ਰੋਫ਼ੈਸਰ ਵਜੋਂ ਕੰਮ ਕਰ ਰਹੇ ਹਨ, ਰਾਹੀਂ ਲਿਖੀ ਗਈ ਕਿਤਾਬ ‘ਧਰਮ ਅਤੇ ਪੱਛਮ ਦਾ ਪ੍ਰੇਤ, ਸਿੱਖੀ, ਭਾਰਤ, ਉੱਤਰ ਬਸਤੀਵਾਦੀ ਅਤੇ ਤਰਜ਼ਮੇ ਦੀ ਸਿਆਸਤ’ ਸੰਨ 2009 ਵਿਚ ਕੋਲੰਬੀਆ ਯੂਨੀਵਰਸਟੀ ਤੋਂ ਛਪੀ। ਇਹ ਕਿਤਾਬ ਸਿੱਖੀ ਲਈ ਬਹੁਤ ਹੀ ਘਾਤਕ ਹੈ ਅਤੇ ਡਬਲਿਊ.ਐਚ. ਮੈਕਲੋਡ ਦੇ ਸਿੱਖੀ ਬਾਰੇ ਰੱਖੇ ਹੋਏ ਸਿਧਾਂਤਾਂ ਅਨੁਸਾਰ ਲਿਖੀ ਗਈ ਹੈ। ਇਸ ਕਿਤਾਬ ਵਿਚ ਸਿੱਖ ਧਰਮ, ਸਿੱਖ ਇਤਿਹਾਸ ਅਤੇ ਸਿੱਖ ਗੁਰੂ ਸਾਹਿਬਾਨ ਦੀ ਖੁਲ੍ਹਮ ਖੁਲ੍ਹੀ ਤੌਹੀਨ ਕੀਤੀ ਗਈ ਹੈ। ਕੁੱਝ ਮਹੀਨੇ ਪਹਿਲਾਂ ਇਸ ਕਿਤਾਬ ਦੀ ਛਾਣਬੀਣ ਕਰ ਕੇ ਇਕ ਸੁਹਿਰਦ ਪਾਠਕ ਨੇ ਮਿਸ਼ੀਗਨ ਯੂਨੀਵਰਸਟੀ ਨੂੰ ਸ਼ਿਕਾਇਤ ਕੀਤੀ ਸੀ ਕਿ ਇਸ ਕਿਤਾਬ ਵਿਚ ਲਿਖਾਰੀ ਨੇ ਵੱਡੇ-ਵੱਡੇ ਨਾਮਵਰ ਵਿਦਵਾਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ‘ਚੋਂ ਚੋਰੀ ਕਰ ਕੇ, ਬਹੁਤ ਸਾਰਾ ਮਸਾਲਾ ਅਪਣੇ ਨਾਮ ਹੇਠ ਛਪਵਾ ਲਿਆ ਹੈ। ਹੁਣ ਯੂਨੀਵਰਸਟੀ ਵਾਲੇ ਉਸ ਦੀ ਛਾਣਬੀਣ ਕਰ ਰਹੇ ਹਨ। ਉਮੀਦ ਹੈ ਕਿ ਇਸ ਦੀ ਪੂਰੀ ਇਨਕੁਆਰੀ ਉਪ੍ਰੰਤ ਮੰਡੇਰ ਨੂੰ ਢੁਕਵੀ ਸਜ਼ਾ ਦਿਤੀ ਜਾਵੇਗੀ। ਇਸ ਕਿਤਾਬ ਦੀ ਹਮਾਇਤ ਵਿਚ ਸੱਭ ਤੋਂ ਵੱਧ ਉਤਸ਼ਾਹ ਪ੍ਰਭਸ਼ਰਨਦੀਪ ਸਿੰਘ ਨਾਮ ਦੇ ਇਕ ਵਿਅਕਤੀ ਨੇ ਵਿਖਾਇਆ ਸੀ। ਯਾਦ ਰਹੇ ਕਿ ਇਸ ਵਿਅਕਤੀ ਦੀ ਆਰ.ਐਸ.ਐਸ. ਨਾਲ ਸਬੰਧਤ ਜਥੇਬੰਦੀ ‘ਦਾਨਮ’ ਨਾਲ ਬਹੁਤ ਨਜ਼ਦੀਕੀ ਰਹੀ ਹੈ ਅਤੇ ਇਨ੍ਹਾਂ ਰਾਹੀਂ ਹੀ ਇਹ ਆਕਸਫ਼ੋਰਡ, ਇੰਗਲੈਂਡ ਤਕ ਪਹੁੰਚ ਗਿਆ। ਪਾਠਕਾਂ ਨੂੰ ਇਥੇ ਖ਼ਾਸ ਤੌਰ ਤੇ ਯਾਦ ਕਰਵਾਇਆ ਜਾਂਦਾ ਹੈ ਕਿ ਆਰ.ਐਸ.ਐਸ. ਨਾਲ ਸਬੰਧਤ ਹਿੰਦੂ ਜਥੇਬੰਦੀ ਨੇ ਮੰਡੇਰ ਨੂੰ ਇਸ ਕਿਤਾਬ ਦੇ ਇਨਾਮ ਵਜੋਂ ਚੋਖੀ ਮਾਇਆ ਪ੍ਰਦਾਨ ਕੀਤੀ ਸੀ।
ਇਥੇ ਖ਼ਾਸ ਤੌਰ ਤੇ ਵਰਣਨਯੋਗ ਹੈ ਕਿ ਇਸ ਸਾਰੇ ਘਟਨਾਕ੍ਰਮ ਵਿਚ ਮੰਡੇਰ ਦਾ ਸਮਰਥਨ ਕਰਨ ਵਾਲਿਆਂ ਵਿਚ ਮੁਖੀ ਪ੍ਰਭਸ਼ਰਨਦੀਪ ਸਿੰਘ ਅਤੇ ਪੰਜਾਬੀ ਯੂਨੀਵਰਸਟੀ ਦਾ ਸਾਬਕਾ ਪ੍ਰੋਫ਼ੈਸਰ ਕੇਹਰ ਸਿੰਘ ਸੀ।
ਦੂਜੇ ਪਾਸੇ ਗੱਲ ਕਰੀਏ ਕਿ ਪਿਛਲੇ ਕੁੱਝ ਸਾਲਾਂ ਤੋਂ ਆਰ.ਐਸ.ਐਸ. ਨੇ ਸਿੱਖੀ ਦਾ ਸਰੂਪ ਵਿਗਾੜਨ ਲਈ ਅਪਣਾ ਜਾਲ ਦੂਰ-ਦੁਰਾਡੇ, ਦੇਸ਼ਾਂ-ਪ੍ਰਦੇਸ਼ਾਂ ਵਿਚ, ਵੱਖ-ਵੱਖ ਜਥੇਬੰਦੀਆਂ ਦੇ ਨਾਵਾਂ ਹੇਠ ਫੈਲਾਉਣਾ ਸ਼ੁਰੂ ਕਰ ਦਿਤਾ ਹੈ। ਪਹਿਲਾਂ ਇਨ੍ਹਾਂ ਜਥੇਬੰਦੀਆਂ ਨੇ ਅਮਰੀਕਾ ਤੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿਚ ਕੰਮ ਕਰ ਰਹੇ ਗੋਰੇ ਪ੍ਰੋਫ਼ੈਸਰਾਂ ਨੂੰ ਅੱਗੇ ਲਗਾ ਕੇ, ਸਿੱਖੀ ਨੂੰ ਢਾਹ ਲਾਉਣ ਲਈ ਕਈ ਕਿਤਾਬਾਂ ਛਪਵਾਈਆਂ। ਇਨ੍ਹਾਂ ਸਾਰੀਆਂ ਕਾਰਵਾਈਆਂ ਵਿਚ ਡਬਲਿਊ.ਐਚ. ਮੈਕਲੋਡ ਦੀ ਅਗਵਾਈ ਹੇਠ ਸਿੱਖੀ ਨੂੰ ਤਰੋੜ-ਮਰੋੜ ਕੇ ਪੇਸ਼ ਕਰਵਾਇਆ ਗਿਆ। ਇਸ ਨੂੰ ਗਹਿਰਾਈ ਤਕ ਸਮਝਣ ਲਈ ਵੇਖੋ ‘ਇੰਡੀਅਨ ਐਕਸਪ੍ਰੈੱਸ, 6 ਫ਼ਰਵਰੀ 1991, 24-25 ਅਪ੍ਰੈਲ, 1991, ਇਨ੍ਹਾਂ ਤਿੰਨਾਂ ਲੇਖਾਂ ਰਾਹੀਂ ਆਰ.ਐਸ.ਐਸ. ਦੇ ਇਕ ਪ੍ਰਮੁੱਖ ਵਿਚਾਰਵਾਨ ਰਾਮ ਸਵਰੂਪ ਨੇ ਤਿੰਨ ਵੱਡੇ ਲੇਖ ਲਿਖ ਕੇ ਮੈਕਲੋਡ ਦੇ ਹੱਕ ਵਿਚ ਦਲੀਲਾਂ ਦੇ ਕੇ, ਸਿੱਖੀ ਦੀ ਆਜ਼ਾਦ ਹਸਤੀ ਉਤੇ ਤਾਬੜ-ਤੋੜ ਹਮਲੇ ਕੀਤੇ। ਇਨ੍ਹਾਂ ਲੇਖਾਂ ਦਾ ਢੁਕਵਾਂ ਜਵਾਬ ਮੈਂ ਇੰਡੀਅਨ ਐਕਸਪ੍ਰੈੱਸ ਵਿਚ 21-22 ਮਈ, 1991 ਨੂੰ ਦਿਤਾ, ਤਦ ਇਨ੍ਹਾਂ ਦਾ ਮੂੰਹ ਬੰਦ ਹੋਇਆ। ਪ੍ਰੰਤੂ ਹੁਣ ਹਿੰਦੂਤਵ ਜਥੇਬੰਦੀਆਂ ਨੇ ਸਿੱਖੀ ਸਰੂਪ ਵਾਲੇ ਅਖੌਤੀ ਲਿਖਾਰੀਆਂ ਤੋਂ ਇਹ ਕੰਮ ਕਰਵਾਉਣਾ ਸ਼ੁਰੂ ਕਰ ਦਿਤਾ ਹੈ। ਇਸ ਸਾਰੀ ਕਾਰਵਾਈ ਵਿਚ ਅਰਵਿੰਦ ਪਾਲ ਸਿੰਘ ਮੰਡੇਰ, ਪਸ਼ੌਰਾ ਸਿੰਘ, ਹਰਜੋਤ ਓਬਰਾਏ, ਗੁਰਿੰਦਰ ਸਿੰਘ ਮਾਨ ਅਤੇ ਬਲਵਿੰਦਰ ਸਿੰਘ ਭੋਗਲ ਖ਼ਾਸ ਤੌਰ ਤੇ ਵਰਣਨਯੋਗ ਹਨ। ਇਸ ਤੋਂ ਇਲਾਵਾ ਹਿੰਦੂਤਵਾ ਸ਼ਕਤੀਆਂ ਨੇ ਨਾਮਵਰ ਵਿਦੇਸ਼ੀ ਯੂਨੀਵਰਸਟੀਆਂ ਨੂੰ ਬਹੁਤ ਵੱਡੀ ਰਕਮ ਦਾਨ ਵਜੋਂ ਦੇ ਕੇ ਕੁੱਝ ਫੈਲੋਸ਼ਿਪ ਦੇ ਸਥਾਨ ਅਪਣੇ ਅਧੀਨ ਕਰਵਾ ਕੇ, ਸਿੱਖੀ ਸਰੂਪ ਵਾਲੇ ਅਖੌਤੀ ਲਿਖਾਰੀਆਂ ਨੂੰ ਉਸ ਜਗ੍ਹਾ ਤੇ ਲਗਵਾ ਕੇ, ਉਨ੍ਹਾਂ ਦੇ ਨਾਮ ਹੇਠ ਅਪਣੀ ਲਿਖੀ ਸਮਗਰੀ ਛਪਵਾ ਕੇ, ਸਿੱਖੀ ਉਤੇ ਹਮਲਾ ਕਰਨ ਦੀ ਸਾਜ਼ਿਸ਼ ਬਣਾਈ ਹੈ। ਇਸ ਤਰੀਕੇ ਨਾਲ ਉਨ੍ਹਾਂ ਨੇ ਆਕਸਫ਼ੋਰਡ ਯੂਨੀਵਰਸਟੀ ਵਿਚ ਅਪਣੇ ਅਧੀਨ ਫ਼ੈਲੋਸ਼ਿਪਾਂ ਲੈ ਲਈਆਂ ਹਨ ਅਤੇ ਉਨ੍ਹਾਂ ਤੇ ਸਿੱਖੀ ਸਰੂਪ ਵਾਲੇ ਸਿੱਖਾਂ ਨੂੰ ਲਗਵਾ ਲਿਆ ਹੈ, ਤਾਕਿ ਉਨ੍ਹਾਂ ਦੇ ਨਾਮ ਹੇਠ ਕਰਵਾਈ ਗਈ ਰਿਸਰਚ ਨੂੰ ਮਾਨਤਾ ਮਿਲ ਸਕੇ। ਇਸੇ ਸਕੀਮ ਮੁਤਾਬਕ ਉਨ੍ਹਾਂ ਨੇ ਪ੍ਰਭਸ਼ਰਨਦੀਪ ਸਿੰਘ ਅਤੇ ਉਸ ਦੀ ਘਰ ਵਾਲੀ ਨੂੰ ਫੈਲੋਸ਼ਿਪ ਦੁਆ ਦਿਤੀ ਹੈ, ਹਾਲਾਂਕਿ ਪ੍ਰਭਸ਼ਰਨਦੀਪ ਦੀ ਤਾਂ ਇਸ ਫੈਲੋਸ਼ਿਪ ਲਈ ਉਚਿਤ ਯੋਗਤਾ ਵੀ ਨਹੀਂ ਹੈ। ਇਸ ਕਿਸਮ ਦੇ ਲਿਖਾਰੀਆਂ ਨੂੰ ਦੋ ਕੰਮ ਸੌਂਪੇ ਗਏ ਹਨ (1) ਸਿੱਖੀ ਨੂੰ ਸਮਰਪਤ ਉੱਘੇ ਵਿਦਵਾਨਾਂ ਨੂੰ ਅਪਣੇ ਕੁਫ਼ਰ ਨਾਲ ਬਦਨਾਮ ਕਰਨਾ ਅਤੇ (2) ਆਪ ਅਜਿਹਾ ਕੰਮ ਕਰਨਾ ਜਿਸ ਨਾਲ ਸਿੱਖੀ ਦੀਆਂ ਜੜ੍ਹਾਂ ਵਿਚ ਤੇਲ ਪਾ ਕੇ ਤਬਾਹ ਕੀਤਾ ਜਾ ਸਕੇ। ਯਾਦ ਰਹੇ ਕਿ ਅਜਿਹੀਆਂ ਕਾਰਵਾਈਆਂ ਸਿੰਘ ਸਭਾ ਲਹਿਰ ਦੇ ਉੱਚੇ ਵਿਦਵਾਨ ਲੀਡਰਾਂ ਜਿਵੇਂ ਕਿ ਗਿਆਨੀ ਦਿੱਤ ਸਿੰਘ, ਪ੍ਰੋਫ਼ੈਸਰ ਗੁਰਮੁਖ ਸਿੰਘ, ਭਾਈ ਜਵਾਹਰ ਸਿੰਘ, ਭਾਈ ਕਾਨ੍ਹ ਸਿੰਘ ਇਤਿਆਦ ਨਾਲ ਵੀ ਅੰਗਰੇਜ਼ਾਂ ਨੇ ਕਰਵਾਈਆਂ ਸਨ।
ਅੱਜ ਸਿੱਖੀ ਦੀ ਡਾਵਾਂਡੋਲ ਸਥਿਤੀ ਨੂੰ ਸੰਭਾਲਣ ਦੀ ਲੋੜ ਹੈ। ਸਿੱਖੀ ਅਤੇ ਸਿੱਖਾਂ ਦੀ ਚਾਰੇ ਪਾਸਿਉਂ ਘੇਰਾਬੰਦੀ ਕੀਤੀ ਜਾ ਰਹੀ ਹੈ। ਅੱਜ ਸਿੱਖਾਂ ਦੇ ਪੰਜ ਤਖ਼ਤਾਂ ਵਿਚੋਂ ਦੋ ਤਖ਼ਤ ਤਾਂ ਸਿੱਧੇ ਤੌਰ ਤੇ ਆਰ.ਐਸ.ਐਸ. ਦੇ ਕਬਜ਼ੇ ਵਿਚ ਜਾ ਚੁੱਕੇ ਹਨ। ਤਖ਼ਤ ਪਟਨਾ ਸਾਹਿਬ ਦਾ ਜਥੇਦਾਰ ਇਕਬਾਲ ਸਿੰਘ ਆਰ.ਐਸ.ਐਸ. ਦਾ ਖੁਲ੍ਹੇ ਤੌਰ ਤੇ ਅਸਰ ਕਬੂਲ ਕਰ ਚੁੱਕਾ ਹੈ ਅਤੇ ਹਜ਼ੂਰ ਸਾਹਿਬ ਦਾ ਸਾਰਾ ਪ੍ਰਬੰਧ ਮਹਾਰਾਸ਼ਟਰ ਦੇ ਬੀਜੇਪੀ ਐਮ.ਐਲ.ਏ. ਤਾਰਾ ਸਿੰਘ ਨੂੰ ਸੌਂਪ ਦਿਤਾ ਗਿਆ ਹੈ। ਬਾਕੀ ਦੇ ਤਿੰਨ ਜਥੇਦਾਰ ਅਸਿੱਧੇ ਰੂਪ ਵਿਚ ਬਾਦਲ ਰਾਹੀਂ ਆਰ.ਐਸ.ਐਸ. ਦਾ ਅਸਰ ਕਬੂਲ ਕੇ ਅਪਣੇ ਫ਼ੈਸਲੇ ਕਰਦੇ ਹਨ। ਬਾਦਲ ਸਰਕਾਰ ਵਲੋਂ ਹੁਣੇ ਹੁਣੇ ਲਿਆ ਗਿਆ ਫ਼ੈਸਲਾ ਕਿ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਮਾਨਸਾ ਜਿਲ੍ਹੇ ਦੇ ਜੋਗਾ ਪਿੰਡ ਵਿਚ ਸੰਨ 2012 ਵਿਚ ਮਰੀਆਂ ਗਊਆਂ ਦੇ ਨਾਂ ਤੇ ਯਾਦਗਾਰੀ ਸਮਾਰਕ ਉਸਾਰਿਆ ਜਾਵੇਗਾ, ਆਰ.ਐਸ.ਐਸ. ਵਾਲਿਆਂ ਨੂੰ ਹਰ ਹੀਲੇ ਖੁਸ਼ ਰੱਖਣ ਦਾ ਉਪਰਾਲਾ ਹੈ। ਜੂਨ 1984 ਵਿਚ ਹੋਏ ਦਰਬਾਰ ਸਾਹਿਬ ਤੇ ਫ਼ੌਜੀ ਹਮਲੇ ਦੌਰਾਨ ਸੈਂਕੜੇ ਬੇਗੁਨਾਹ ਸ਼ਰਧਾਲੂਆਂ ਦੇ ਡੁੱਲ੍ਹੇ ਖ਼ੂਨ ਨੇ ਤਾਂ ਬਾਦਲ ਸਾਹਿਬ ਦੀ ਆਤਮਾ ਨੂੰ ਕਦੇ ਝੰਜੋੜਿਆ ਨਹੀਂ ਪਰ ਗਊਆਂ ਦਾ ਸੰਤਾਪ ਉਨ੍ਹਾਂ ਲਈ ਕਿਤੇ ਜ਼ਿਆਦਾ ਦੁਖਦਾਇਕ ਹੈ। ਪਿਛਲੇ ਸਾਲਾਂ ਵਿਚ ਸੈਂਕੜੇ ਸਿੱਖ ਨੌਜੁਆਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਰਚ ਕੇ ਸ਼ਹੀਦ ਕਰ ਦਿਤਾ ਗਿਆ ਪਰ ਉਨ੍ਹਾਂ ਦਾ ਵੀ ਬਾਦਲ ਸਾਹਿਬ ਦੀ ਮਾਨਸਕਤਾ ਤੇ ਤਾਂ ਕੋਈ ਅਸਰ ਨਹੀਂ ਪਿਆ ਪ੍ਰੰਤੂ ਮਰੀਆਂ ਗਊਆਂ ਲਈ, ਉਨ੍ਹਾਂ ਵਲੋਂ ਏਨਾ ਹੇਜ ਵਿਖਾਇਆ ਜਾ ਰਿਹਾ ਹੈ। ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ ਪੈਨਸ਼ਨਾਂ ਦੇਣ ਲਈ ਸਰਕਾਰ ਕੋਲ ਪੈਸਾ ਨਹੀਂ, ਸਕੂਲਾਂ ਅਤੇ ਹਸਪਤਾਲਾਂ ਕੋਲ ਬਿਲਡਿੰਗਾਂ ਨਹੀਂ ਪ੍ਰੰਤੂ ਗਊਆਂ ਦੀ ਯਾਦਗਾਰ ਲਈ ਕਰੋੜਾਂ ਰੁਪਏ ਮੁਹਈਆ ਕਰਵਾਏ ਜਾ ਰਹੇ ਹਨ। ਬਾਦਲ ਸਾਹਿਬ ਪੰਜਾਬ ਰਾਜ ਨੂੰ ਕਿਸ ਦਿਸ਼ਾ ਵਲ ਲਿਜਾ ਰਹੇ ਹਨ, ਇਸ ਕਿਸਮ ਦੀਆਂ ਕਾਰਵਾਈਆਂ ਨਾਲ? ਅਸੀ ਇਸ ਤਰ੍ਹਾਂ ਅਪਣੇ ਆਪ ਦੀ ਸੰਸਾਰ ਵਿਚ ਖਿੱਲੀ ਉਡਵਾ ਰਹੇ ਹਾਂ। ਨਵੇਂ ਸਾਲ ਦੀ ਸਿੱਖ ਕੌਮ ਪ੍ਰਤੀ ਮੁਬਾਰਕ, ਪੰਜ ਪਿਆਰਿਆਂ ਵਿਚੋਂ ਚਾਰ ਨੂੰ ਮੁਅੱਤਲ ਕਰ ਕੇ ਅਤੇ ਇਕ ਨੂੰ ਜਬਰੀ ਬਰਖ਼ਾਸਤ ਕਰ ਕੇ ਦਿਤੀ ਗਈ। ਬਾਦਲ ਵਲੋਂ ਇਹ ਸੁਨੇਹਾ ਸਿੱਖਾਂ ਦੇ ਗਲੇ ਵਿਚੋਂ ਜਬਰੀ ਉਤਾਰਿਆ ਜਾ ਰਿਹਾ ਹੈ।
ਉਪਰ ਦਿਤੀ ਵਿਆਖਿਆ ਰਾਹੀਂ ਅਸੀ ਨਵੇਂ ਸਾਲ ਵਿਚ ਕੌਮ ਨੂੰ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਸਿੱਖਾਂ ਦਾ ਭਵਿੱਖ ਬਹੁਤ ਧੁੰਦਲਾ ਹੈ। ਹਰ ਪਾਸਿਉਂ ਸਾਨੂੰ ਬਹੁਤ ਸਾਰੀਆਂ ਚੁਨੌਤੀਆਂ ਦਰਪੇਸ਼ ਹਨ। ਮੇਰੀ ਤੁੱਛ ਬੁੱਧੀ ਅਨੁਸਾਰ ਇਨ੍ਹਾਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਸਾਨੂੰ ਬਹੁਤ ਮਾਕੂਲ ਲਿਖੀ ਸਮੱਗਰੀ ਪੈਦਾ ਕਰਨ ਦੀ ਜ਼ਰੂਰਤ ਹੈ। ਇਹ ਲਿਖਤਾਂ ਸਿੱਖੀ ਤੇ ਹੋ ਰਹੇ ਹਮਲਿਆਂ ਦਾ ਵੀ ਦਲੀਲ ਨਾਲ ਜਵਾਬ ਦੇਣ ਅਤੇ ਅਪਣੇ ਧਰਮ ਵਿਚ ਵਿਚਰ ਰਹੇ ਲੋਕਾਂ ਨੂੰ ਸਿੱਖੀ ਦੀ ਵਖਰੀ ਪਹਿਚਾਣ ਬਾਰੇ ਜਾਗਰੂਕ ਕਰਨ। ਇਹ ਸਾਰੇ ਦਸਤਾਵੇਜ਼ ਪੰਜਾਬੀ, ਅੰਗਰੇਜ਼ੀ, ਹਿੰਦੀ ਅਤੇ ਹੋਰ ਜ਼ਬਾਨਾਂ ਵਿਚ ਹੋਣ। ਘੱਟ ਗਿਣਤੀਆਂ ਨੂੰ ਦੁਨੀਆਂ ਵਿਚ ਅਪਣੀ ਹੋਂਦ ਬਣਾਈ ਰੱਖਣ ਲਈ ਇਹ ਅਤਿ ਜ਼ਰੂਰੀ ਹੈ।
‘ ਸਾਬਕਾ ਪ੍ਰੋਫ਼ੈਸਰ ਆਫ਼ ਹਿਸਟਰੀ,
ਪੰਜਾਬ ਯੂਨੀਵਰਸਟੀ, ਚੰਡੀਗੜ੍ਹ।

Posted in: ਸਾਹਿਤ