ਸਿਧਾਂਤਕ ਤੇ ਇਤਿਹਾਸਕ ਮਹਤਤਾ ਦਾ ਸੁਮੇਲ ਮਾਘੀ ਦਾ ਸਿਖ ਉਤਸਵ

By January 15, 2016 0 Comments


ਮਾਘ ਮਹੀਨੇ ਦੇ ਪਹਿਲੇ ਦਿਨ ਮਨਾਇਆ ਜਾਂਦਾ ਤਿਉਹਾਰ ‘ਮਾਘੀ’ ਦੇ ਨਾਂ ਨਾਲ ਪ੍ਰਸਿਧ ਹੈ। ਇਸ ਤੋਂ ਇਕ ਦਿਨ ਪਹਿਲਾਂ ਲੋਹੜੀ ਦਾ ਤਿਉਹਾਰ ਆਉਂਦਾ ਹੈ। ਭਾਰਤੀ ਸਭਿਆਚਾਰ ਵਿਚ ਮਿਥਿਹਾਸਕ ਬਿਰਤਾਂਤਾਂ ‘ਤੇ ਉਸਰੇ ਇਹ ਪ੍ਰਸਿਧ ਤਿਉਹਾਰ ਹਨ। ਸਿਖ ਸਭਿਆਚਾਰ ਵਿਚ ਨਾ ਤਾਂ ਕਿਸੇ ਦਿਨ ਨੂੰ ਖ਼ਾਸ ਮੰਨਿਆ ਜਾਂਦਾ ਹੈ ਅਤੇ ਨਾ ਹੀ ਹੂਬਹੂ ਭਾਰਤੀ ਤਿਉਹਾਰਾਂ ਨੂੰ ਮਨਾਉਣ ਦੀ ਰਵਾਇਤ ਹੈ। ਜੇ ਸਿਖ ਸਭਿਆਚਾਰ ਵਿਚ ਕੁਝ ਉਤਸਵ ਮਨਾਏ ਜਾਂਦੇ ਹਨ ਤਾਂ ਉਹਨਾਂ ਦਾ ਆਧਾਰ ਸਿਖ ਸਿਧਾਂਤ ਹਨ ਅਤੇ ਉਹਨਾਂ ਦਾ ਗੌਰਵਸ਼ਾਲੀ ਇਤਿਹਾਸਿਕ ਪਿਛੋਕੜ ਵੀ ਹੈ। ਮਾਘੀ ਦਾ ਤਿਉਹਾਰ ਉਹਨਾਂ ਵਿਚੋਂ ਇਕ ਹੈ।

ਪੁਰਾਤਨ ਸਮੇਂ ਤੋਂ ਮਨਾਇਆ ਜਾਂਦਾ ਮਾਘੀ ਦਾ ਤਿਉਹਾਰ ਹਿੰਦੂ ਮਤ ਅਨੁਸਾਰ ਮਾਘ ਦੀ ਪੂਰਨਮਾਸ਼ੀ ਨੂੰ ਆਉਂਦਾ ਹੈ। ਹਿੰਦੂ ਰਵਾਇਤ ਅਨੁਸਾਰ ਇਸ ਤਿਉਹਾਰ ‘ਤੇ ਤੀਰਥ ਇਸ਼ਨਾਨ, ਪੁੰਨ-ਦਾਨ ਅਤੇ ਜੀਵ ਦਇਆ ਕਰਨਾ ਪਵਿਤਰ ਤੇ ਸ਼ੁਭ ਸਮਝਿਆ ਜਾਂਦਾ ਹੈ ਕਿ ਇਸ ਨਾਲ ਮਨੁਖ ਦੇ ਪਾਪ ਅਤੇ ਮਾੜੇ ਕਰਮ ਨਵਿਰਤ ਹੋ ਜਾਂਦੇ ਹਨ। ਹਿੰਦੂ-ਸ਼ਾਸਤ੍ਰਾਂ ਅਨੁਸਾਰ ਇਸ ਮਹੀਨੇ ਦਾ ਪਹਿਲਾ ਦਿਨ ਬੜਾ ਪਵਿਤ੍ਰ ਹੈ, ਹਿੰਦੂਆਂ ਵਿਚ ਮਾਘੀ ਵਾਲੇ ਦਿਨ ਖਾਸ ਤੌਰ ‘ਤੇ ਪ੍ਰਯਾਗ ਤੀਰਥ ਤੇ ਇਸ਼ਨਾਨ ਕਰਨਾ ਬਹੁਤ ਪੁੰਨ ਕੰਮ ਸਮਝਿਆ ਜਾਂਦਾ ਹੈ।

ਸਿਖ ਧਰਮ ਵਿਚ ਮਾਘੀ ਦੇ ਉਤਸਵ ਦੀ ਉਪਰੋਕਤ ਪ੍ਰਸੰਗ ਵਿਚ ਸਾਰਥਕਤਾ ਨਾ ਹੋ ਕੇ ਇਥੇ ਇਸ ਦੀ ਧਾਰਮਿਕ ਅਤੇ ਇਤਿਹਾਸਿਕ ਮਹਤਤਾ ਜ਼ਰੂਰ ਹੈ। ਜਿਵੇਂ ਉਪਰ ਜ਼ਿਕਰ ਕੀਤਾ ਹੈ ਕਿ ਪੂਰਵ ਸਿਖ ਧਰਮ ਭਾਰਤ ਵਿਚ ਮਾਘੀ ਦੇ ਤਿਉਹਾਰ ‘ਤੇ ਤੀਰਥ ਇਸ਼ਨਾਨ ਅਤੇ ਪੁੰਨ ਦਾਨ ਕਰਨਾ ਸ਼ੁਭ ਸਮਝਿਆ ਜਾਂਦਾ ਸੀ। ਸਿਖ ਸਿਧਾਂਤਾਂ ਵਿਚ ਤੀਰਥ ਇਸ਼ਨਾਨ ਅਤੇ ਦਾਨ-ਪੁੰਨ ਨੂੰ ਸ਼ੁਧ ਧਾਰਮਿਕ ਪ੍ਰਾਪਤੀ ਲਈ ਕਾਫ਼ੀ ਨਹੀਂ ਮੰਨਿਆ ਗਿਆ। ਜਪੁ ਜੀ ਵਿਚ ‘ਤੀਰਥ ਤਪੁ ਦਇਆ ਦਤ ਦਾਨ’ ਦੁਆਰਾ ਤਿਲ ਮਾਤਰ ਹੀ ਮਾਣ ਵਡਿਆਈ ਦਾ ਮਿਲਣਾ ਫੁਰਮਾਇਆ ਗਿਆ ਹੈ। ਇਸੇ ਲਈ ‘ਅੰਤਰਗਤਿ ਤੀਰਥ ਮਲਿ ਨਾਉ’ ਦੇ ਉਪਦੇਸ਼ ਦੁਆਰਾ ਸੁਣਨ ਅਤੇ ਮੰਨਣ ਕਰਕੇ ਨਾਮ ਵਿਚ ਸੁਰਤ ਜੋੜਨ ਨਾਲ ਅੰਦਰਲਾ (ਮਾਨਸਿਕ) ਇਸ਼ਨਾਨ ਕਿਤੇ ਜ਼ਿਆਦਾ ਉਤਮ ਦਰਸਾਇਆ ਹੈ। ਭਾਈ ਗੁਰਦਾਸ ਜੀ ਅਨੁਸਾਰ ਤੀਰਥ ਇਸ਼ਨਾਨ, ਵਰਤ ਨੇਮ, ਸੰਜਮ ਆਦਿ ਦੀ ਕੋਈ ਧਾਰਮਿਕ ਮਹਤਤਾ ਨਹੀਂ ਅਤੇ ਨਾ ਹੀ ਅਜਿਹੇ ਕਰਮ ਅਤੇ ਪਾਖੰਡ ਦਰਗਾਹ ਵਿਚ ਜਾਂਦੇ ਹਨ-

ਤੀਰਥ ਲਖ ਕਰੋੜਿ ਪੁਰਬੀ ਨਾਵਣਾ॥ ਦੇਵੀ ਦੇਵ ਸਥਾਨ ਸੇਵ ਕਰਾਵਣਾ॥
ਜਪ ਤਪ ਸੰਜਮ ਲਖ ਸਾਧਿ ਸਧਾਵਣਾ॥ ਹੋਮ ਜਗ ਨਈਵੇਦ ਭੋਗ ਲਗਾਵਣਾ॥
ਵਰਤ ਨੇਮ ਲਖ ਦਾਨ ਕਰਮ ਕਮਾਵਣਾ॥ ਲਉਬਾਲੀ ਦਰਗਾਹ ਪਖੰਡ ਨ ਜਾਵਣਾ ॥੧੫॥ (੨੧/੧੫)

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਬਾਰਹਮਾਹਾਂ ਮਾਝ’ ਵਿਚਲਾ ਮਾਘ ਮਹੀਨੇ ਦਾ ਸ਼ਬਦ ‘ਮਾਘਿ ਮਜਨੁ ਸੰਗਿ ਸਾਧੂਆ ਧੂਰੀ ਕਰਿ ਇਸਨਾਨੁ’ (ਪੰਨਾ-੧੩੬) ਉਕਤ ਕਰਮ ਕਾਂਡਾਂ ਦੀ ਪਰਿਪਾਲਣਾ ਦੀ ਥਾਂ ਗੁਰੂ ਦੀ ਮਿਹਰ ਵਿਚ ਪ੍ਰਮਾਤਮਾ ਦੀ ਬੰਦਗੀ ਅਤੇ ਸਾਧੂ ਸੰਗਤ ਕਰਨ ਦੇ ਨਾਲ ਵਿਸ਼ੇ ਵਿਕਾਰਾਂ ਤੋਂ ਖਲਾਸੀ ਹੋਣ ਨਾਲ ਹੀ ਮਾਘ ਮਹੀਨੇ ਦਾ ਪਵਿਤਰ ਤੇ ਸ਼ੁਭ ਹੋਣਾ ਦਰਸਾਉਂਦਾ ਹੈ। ਇਸੇ ਤਰ੍ਹਾਂ ਬਾਰਹਾਮਾਹਾ ਤੁਖਾਰੀ ਵਿਚਲਾ ‘ਮਾਘਿ ਪੁਨੀਤ ਭਈ ਤੀਰਥ ਅੰਤਰ ਜਾਨਿਆ’ ਦਾ ਸ਼ਬਦ ਵੀ ਕਿਸੇ ਤਰ੍ਹਾਂ ਦੇ ਬਾਹਰੀ ਇਸ਼ਨਾਨ ਦੀ ਥਾਂ ਮਨੁਖੀ ਅੰਤਹਕਰਣ ਦੇ ਇਸ਼ਨਾਨ ਨਾਲ ਪਵਿਤਰ ਹੋਣ ਦੀ ਸੇਧ ਦਿੰਦਾ ਹੈ। ਮਾਘੀ ਦੇ ਸਿਖ ਉਤਸਵ ਦੀ ਇਹ ਧਾਰਮਿਕ ਮਹਤਤਾ ਵੀ ਹੈ ਅਤੇ ਵਿਲਖਣਤਾ ਵੀ ਹੈ ਕਿ ਇਸ ਦਿਵਸ ‘ਤੇ ਭਾਰਤੀ ਸਮਾਜ ਵਿਚ ਪ੍ਰਚਲਿਤ ਅਡੰਬਰਾਂ ਤੇ ਕਰਮ ਕਾਂਡਾਂ ਦੀ ਥਾਂ ਪ੍ਰਭੂ ਬੰਦਗੀ ਅਤੇ ਸਰੀਰਕ ਸੁਚਤਾ ਦੀ ਥਾਂ ਮਾਨਸਿਕ/ਆਤਮਿਕ ਸ਼ੁਧਤਾ ਦੀ ਪ੍ਰਾਪਤੀ ਦਾ ਟੀਚਾ ਮਿਥਿਆ ਗਿਆ ਹੈ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਬਾਰਹਮਾਂਹ (ਮਾਝ ਤੇ ਤੁਖਾਰੀ) ਵਿਚ ਮਾਘ ਮਹੀਨੇ ਪ੍ਰਥਾਇ ਉਚਾਰਨ ਸ਼ਬਦਾਂ ਦੇ ਅਮਲ ਦੀ ਰੌਸ਼ਨੀ ਵਿਚ ਇਸ ਦੀ ਧਾਰਮਿਕ ਮਹਤਤਾ ਉਘੜਦੀ ਹੈ।

ਸਿਖ ਸਭਿਆਚਾਰ ਵਿਚ ਮਾਘੀ ਦਾ ਇਤਿਹਾਸਿਕ ਮਹਤਵ ਵੀ ਬੜਾ ਗੌਰਵਸ਼ਾਲੀ ਹੈ। ਇਸ ਦਾ ਪਿਛੋਕੜ ਸ੍ਰੀ ਮੁਕਤਸਰ ਸਾਹਿਬ (ਪੁਰਾਤਨ ਖਿਦਰਾਣੇ ਦੀ ਢਾਬ) ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਬੇਦਾਵਾ ਦੇਣ ਵਾਲੇ ਚਾਲੀ ਸਿੰਘਾਂ ਦੁਆਰਾ ਇਥੇ ਮੁਗਲ ਫੌਜ ਦਾ ਸਰਵਥਾ ਟਾਕਰਾ ਕਰਨ ਉਪਰੰਤ ਬੇਦਾਵਾ ਪੜਵਾ ਕੇ ਟੁਟੀ ਗੰਢਾਉਣ ਦੀ ਇਤਿਹਾਸਿਕ ਘਟਨਾ ਤੋਂ ਸ਼ੁਰੂ ਹੁੰਦਾ ਹੈ। ਵੈਸਾਖ ਸੰਮਤ ੧੭੬੨ (੧੭੦੫ ਈ.) ਨੂੰ ਸਰਹੰਦ ਦਾ ਸੂਬਾ ਵਜੀਰ ਖਾਂ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਿਛਾ ਕਰਦਾ ਮਾਲਵੇ ਆਇਆ ਤਦ ਸਿੰਘਾਂ ਨੇ ਖਿਦਰਾਣੇ ਦੇ ਤਾਲ (ਢਾਬ) ਨੂੰ ਕਬਜੇ ਵਿਚ ਲੈ ਕੇ ਵੈਰੀ ਦਾ ਮੁਕਾਬਲਾ ਕੀਤਾ। ਮਾਈ ਭਾਗੋ ਅਤੇ ਉਸ ਦੇ ਸਾਥੀ ਸਿੰਘਾਂ ਨੇ ਇਸ ਮੁਕਾਬਲੇ ਵਿਚ ਵਡੀ ਬੀਰਤਾ ਨਾਲ ਸ਼ਹੀਦੀ ਪਾਈ।
ਸ੍ਰੀ ਦਸਮੇਸ਼ ਜੀ ਨੇ ਭਾਈ ਮਹਾਂ ਸਿੰਘ ਦੀ ਇਛਾ ‘ਤੇ ਬੇਦਾਵਾ ਪਾੜ ਕੇ ਟੁਟੀ ਸਿਖੀ ਗੰਢੀ ਅਤੇ ਇਸ ਮੁਕਾਬਲੇ ਵਿਚ ਸ਼ਹੀਦ ਹੋਏ ਸਿੰਘਾਂ ਨੂੰ ਮੁਕਤੀ ਬਖਸ਼ ਕੇ ਇਸ ਥਾਂ ਦਾ ਨਾਂ ਮੁਕਤਸਰ ਰਖਿਆ। ਸ਼ਹੀਦ ਹੋਏ ਇਹਨਾਂ ਚਾਲੀ ਸਿੰਘਾਂ ਨੂੰ ਸਿਖ ਪੰਥ ਵਿਚ ‘ਚਾਲੀ ਮੁਕਤਿਆਂ’ ਦੇ ਸਤਿਕਾਰਤ ਦੇ ਪਵਿਤਰ ਪਦ ਨਾਲ ਯਾਦ ਕੀਤਾ ਜਾਂਦਾ ਹੈ। ‘ਟੁਟੀ ਸਿਖੀ ਗੰਢੀ’ ਦੇ ਮੁਹਾਵਰੇ ਨਾਲ ਯਾਦ ਕੀਤੀ ਜਾਂਦੀ ਇਹ ਘਟਨਾ ਗੁਰੂ ਦੁਆਰਾ ਮਨੁਖ ਦੀ ਟੁਟੀ ਗੰਢਣ ਦੇ ਸਿਧਾਂਤ ਦਾ ਅਮਲੀ ਵਰਤਾਰਾ ਹੈ, ਜਿਸ ਦਾ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਈ ਥਾਂ ਕਥਨ ਹੈ।

ਮਾਘੀ ਦਾ ਉਤਸਵ ਸਿਖ ਔਰਤ ਦੀ ਬੀਰਤਾ ਦੀ ਸਿਖਰ ਦਾ ਇਤਿਹਾਸਿਕ ਉਤਸਵ ਹੈ, ਜਿਸ ਵਿਚ ਸਿਖ ਔਰਤ ਨੇ ਖ਼ਾਲਸਾ ਫੌਜ ਦੀ ਅਗਵਾਈ ਕਰਦਿਆਂ ਗੁਰੂ ਸਾਹਿਬ ਜੀ ਨੂੰ ਬੇਦਾਵਾ ਦੇ ਆਏ ਸਿਖਾਂ ਨੂੰ ਪਛਤਾਵੇ ਲਈ ਮਜਬੂਰ ਕੀਤਾ ਅਤੇ ਘਰ ਵਾਪਸੀ ਲਈ ਉਤਸਾਹਤ ਕੀਤਾ। ਇਹ ਮਾਤਾ ਭਾਗ ਕੌਰ ਦਾ ੪੦ ਸਿਖਾਂ ‘ਤੇ ਕੀਤਾ ਉਪਕਾਰ ਸੀ। ਰਾਜ ਅਤੇ ਸਮਾਜ ਵਿਚ ਔਰਤਾਂ ਨੂੰ ਬਰਾਬਰੀ ਦੇ ਹੱਕ ਦੇਣ ਦੀ ਗੱਲ ਤਾਂ ਆਮ ਹੁੰਦੀ ਹੈ ਲੇਕਿਨ ਮਰਦਾਂ ਨੂੰ ਲਲਕਾਰ ਕੇ ਮੈਦਾਨ-ਏ-ਜੰਗ ਵਿਚ ਉਹਨਾਂ ਦੀ ਅਗਵਾਈ ਕਰਨੀ ਮਾਤਾ ਭਾਗ ਕੌਰ ਦੇ ਹੀ ਹਿਸੇ ਆਇਆ ਹੈ। ਇਸ ਘਟਨਾ ਨੇ ਔਰਤ ਵਿਚਲੇ ਸਵੈਮਾਣ, ਗੈਰਤ ਅਤੇ ਅਣਖ ਦੇ ਗੁਣਾਂ ਦਾ ਪ੍ਰਤਖ ਜਲਵਾ ਰੂਪਮਾਨ ਕੀਤਾ। ਇਸ ਪ੍ਰਸੰਗ ਵਿਚ ਮਾਘੀ ਦਾ ਤਿਉਹਾਰ ਔਰਤ ਦੇ ਮਾਣ-ਸਨਮਾਨ ਨੂੰ ਮਨੁਖੀ ਮਾਨਸਿਕਤਾ ਵਿਚ ਹਮੇਸ਼ਾਂ ਲਈ ਤਰੋ ਤਾਜ਼ਾ ਰਖੇਗਾ।

ਸ੍ਰੀ ਮੁਕਤਸਰ ਸਾਹਿਬ ਵਿਖੇ ਹਰ ਸਾਲ ਮਾਘੀ ਨੂੰ ਭਾਰੀ ਜੋੜ ਮੇਲਾ ਲਗਦਾ ਹੈ ਅਤੇ ਇਥੇ ਇਸ ਦਿਨ ਕੀਰਤਨ, ਕਥਾ, ਢਾਡੀ ਵਾਰਾਂ ਅਤੇ ਗੁਰਮਤਿ ਵਿਚਾਰਾਂ ਦਾ ਪ੍ਰਵਾਹ ਚਲਦਾ ਹੈ। ਸਿਖ ਸ਼ਰਧਾਲੂ ਇਸ ਦਿਨ ਪਵਿਤਰ ਸਰੋਵਰ ਵਿਚ ਇਸ਼ਨਾਨ ਕਰਦੇ ਹਨ ਅਤੇ ਇਤਿਹਾਸਿਕ ਲੜਾਈ ਨਾਲ ਸੰਬੰਧਤ ਥਾਵਾਂ ਦੇ ਦਰਸ਼ਨ ਕਰਦੇ ਹਨ। ਇਨ ਸਾਇਕਲੋਪੀਡੀਆ ਆਫ ਸਿਖਇਜ਼ਮ ਅਨੁਸਾਰ ਇਕ ਮਹੱਲਾ ਜਾਂ ਵਡਾ ਮਾਰਚ ਪ੍ਰਮੁਖ ਸਥਾਨ ਤੋਂ ਗੁਰਦੁਆਰਾ ਟਿਬੀਸਰ ਤਕ ਕਢਿਆ ਜਾਂਦਾ ਹੈ। ਮਾਘੀ ਦਾ ਤਿਉਹਾਰ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਗੁਰਦੁਆਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਧਾਰਮਿਕ ਦੀਵਾਨਾਂ ਦੇ ਰੂਪ ਵਿਚ ਮਨਾਇਆ ਜਾਂਦਾ ਹੈ।





Posted in: ਸਾਹਿਤ