ਤਹਿਰਾਨ ਵਿੱਚ ਗੁਰਦੁਆਰਾ ਸਥਾਪਿਤ ਹੋਣ ਦੀ ਦਿਲਚਸਪ ਗਾਥਾ

By January 15, 2016 0 Comments


– ਹਰਪਾਲ ਸਿੰਘ ਪੰਨੂ
t
ਤਹਿਰਾਨ ਵਿਚ ਤਿੰਨ ਮੰਜਿਲਾ ਸ਼ਾਨਦਾਰ ਗੁਰਦੁਆਰਾ ਹੈ । ਮੈੰ ਮੁਹੰਮਦ ਨੂਰਾਨੀ ਨੂੰ ਪੁੱਛਿਆ ਕਿ ਈਰਾਨ ਵਿਚ ਕਿੰਨੇ ਕੁ ਗੁਰਦੁਆਰੇ ਹਨ ? ਉਸਨੇ ਦੱਸਿਆ ਕਿ ਤਿੰਨ ਸਨ, ਦੂਜਾ ਪਰਸ਼ੀਅਨ ਗਲਫ ਲਾਗੇ ਆਬਦਾਨ ਵਿਚ ਤੇ ਤੀਜਾ ਜ਼ਾਹਿਦਾਨ ਵਿਚ ।
ਅੰਗਰੇਜਾੰ ਵੇਲੇ ਆਬਦਾਨ ਵਿਚ ਸਿੱਖਾੰ ਦੀ ਗਿਣਤੀ ਕਾਫੀ ਸੀ, ਇਕ ਸ਼ੜਕ ਦਾ ਨਾਮ ਹੀ ਸਿੱਖ ਐਲੀ ਸੀ । ਆਬਦਾਨ ਵਿੱਚੋੰ ਸਿੱਖ ਤਹਿਰਾਨ ਆ ਗਏ ਹਨ ਜਿਸ ਕਰਕੇ ਗੁਰਦੁਆਰੇ ਦੀ ਇਮਾਰਤ ਅਜਾਇਬ ਘਰ ਹੋ ਗਈ । ਜ਼ਾਹਿਦਾਨ ਦੇ ਗੁਰਦੁਆਰੇ ਦਾ ਇਤਿਹਾਸ ਇਕ ਦਿਲਚਸਪ ਘਟਨਾ ਦਾ ਨਤੀਜਾ ਹੈ ।
ਪਹਿਲਵੀ ਖਾਨਦਾਨ ਵਿੱਚ ਕੇਵਲ ਦੋ ਬਾਦਸ਼ਾਹ ਹੋਏ। ਪਹਿਲਾਂ ਰਜਾ ਸ਼ਾਹ ਪਹਿਲਵੀ ਤੇ ਦੂਜਾ ਮਹੁੰਮਦ ਸ਼ਾਹ ਪਹਿਲਵੀ, ਉਸਦਾ ਬੇਟਾ ।ਪਹਿਲਾਂ ਬਾਦਸ਼ਾਹ ਭਲਾ ਮਾਣਸ ਸੀ । ਉਸ ਨੇ ਈਰਾਨ ਨੂੰ ਅਧੁਨਿਕ ਤਰਜ ਦੀ ਤਰੱਕੀ ਦੇਣ ਵਾਸਤੇ ਪੂਰੀ ਤਾਕਤ ਲਾ ਦਿੱਤੀ ਸੀ । ਸਾਲ 1940 ਵਿੱਚ ਉਸ ਦਾ ਜਾਹਿਦਾਨ ਵੱਲ ਦੌਰਾ ਸੀ। ਇਹ ਪਿੰਡ ਪਾਕਿਸਤਾਨ ਵਾਲੇ ਪਾਸੇ ਹੈ । ਇਸ ਪਿੰਡ ਦਾ ਪਹਿਲਾ ਨਾਮ ਸੀ ਦੁਜਿਤ- ਆਬ , ਜਿਸ ਦਾ ਅਰਥ ਹੈ ਪਾਣੀ ਚੋਰ । ਜਦੋ ਸ਼ਾਹ ਪਿੰਡ ਲਾਗਿਓ ਗੁਜਰ ਰਿਹਾ ਸੀ, ਉਸ ਨੇ 6-7 ਸਿੱਖ ਕਿਸਾਨ ਖੇਤਾ ਵਿੱਚ ਕੰਮ ਕਰਕੇ ਵਾਪਿਸ ਆਉਂਦੇ ਵੇਖੇ ਜਿਹਨਾ ਦੇ ਸਿਰਾ ਉਪਰ ਦਸਤਾਰਾਂ ਤੇ ਦਾਹੜੇ ਖੁੱਲ੍ਹੇ ਸਨ । ਸ਼ਾਹ ਆਪਣੇ ਘੋੜੇ ਤੋ ਉਤਰ ਗਿਆ ਤੇ ਸਤਿਕਾਰ ਨਾਲ ਝੁਕ ਕੇ ਸਲਾਮ ਅਰਜ ਕਰਦਿਆ ਕਿਹਾ – ਇਹੋ ਜਿਹੇ ਰੂਹਾਨੀ ਫਕੀਰ ਮੈ ਜਿੰਦਗੀ ਵਿੱਚ ਪਹਿਲੀ ਵਾਰ ਦੇਖੇ ।
ਕਿਸਾਨ ਚਲੇ ਗਏ ਤਾ ਦਰਬਾਰੀਆਂ ਨੇ ਦੱਸਿਆ ਹਜੂਰ ਇਹ ਫਕੀਰ ਫਕੂਰ ਕੋਈ ਨਹੀ , ਇਹ ਤਾਂ ਜਾਹਲ ਕਿਸਾਨ ਹਨ, ਹਿੰਦੁਸਤਾਨ ਤੋ ਆਏ ਹੋਏ ਨੇ ਤੇ ਇਹਨਾ ਦਾ ਵੱਖਰਾ ਮਜਹਬ ਹੈ ਇਹ ਸਿੱਖ ਹਨ। ਬਾਦਸ਼ਾਹ ਲੋਕਾ ਦੀਆ ਤਕਲੀਫਾਂ ਸੁਣਦਾ ਰਿਹਾ ਤੇ ਜਦੋ ਜਾਣ ਦਾ ਵਕਤ ਹੋਇਆ ਤਾ ਕਿਹਾ – ਮੈਂ ਇਹਨਾ ਫਕੀਰਾ ਦੇ ਦੀਦਾਰ ਇਕ ਵਾਰ ਫੇਰ, ਜਾਣ ਤੋ ਪਹਿਲਾਂ ਕਰਨ ਦਾ ਖਾਹਸ਼ਮੰਦ ਹਾ। ਉਹਨਾ ਨੂੰ ਬੁਲਾਇਆ ਗਿਆ ਸ਼ਾਹ ਨੇ ਸਤਿਕਾਰ ਕਰਦਿਆ ਫਿਰ ਦੁਹਰਾਇਆ – ਮੈ ਤੁਹਾਡੇ ਚਿਹਰਿਆਂ ਤੋਂ ਪਛਾਣਦਾ ਹਾ ਕਿ ਤੁਸੀਂ ਬੰਦਗੀ ਕਰਨ ਵਾਲੇ ਨੇਕਬਖਤ ਇਨਸਾਨ ਹੋ । ਸਿੱਖਾਂ ਨੇ ਕਿਹਾ ਹਜੂਰ ਸੁੱਚੀ ਕਿਰਤ ਕਰਦੇ ਹਾ ਤੇ ਅੱਲ੍ਹਾ ਦਾ ਨਾਮ ਲੈਂਦੇ ਹਾ । ਇਹ ਤੁਹਾਡੀ ਕੀ ਸਰਕਾਰ ਹੋਈ ਕਿ ਸਾਨੂੰ ਆਪਣੀ ਇਬਾਦਤਗਾਹ ਤਮੀਰ ਕਰਨ ਦੀ ਇਜਾਜ਼ਤ ਨਹੀ ? ਕੀ ਮੁਲਕ ਹੋਇਆ ਜਿਥੇ ਬੰਦਗੀ ਕਰਨ ਲਈ ਇਕੱਠੇ ਨਹੀਂ ਹੋ ਸਕਦੇ ਇਕ ਥਾ ?
ਬਾਦਸ਼ਾਹ ਨੇ ਪੁਛਿਆ ਕਿੰਨੀ ਜਮੀਨ ਚਾਹੀਦੀ ਹੈ ? ਕਿਸਾਨਾਂ ਨੇ ਕਿਹਾ ਜੀ ਇਕ ਏਕੜ । ਸ਼ਾਹ ਨੇ ਕਿਹਾ ਮੈ ਇਕ ਏਕੜ ਜਮੀਨ ਦਾਨ ਵਜੋ ਦਿੰਦਾ ਹਾ । ਸਿੱਖਾੰ ਨੇ ਕਿਹਾ ਜੀ ਅਸੀ ਸ਼ਾਹਾ ਦੇ ਸ਼ਹਿਨਸ਼ਾਹ ਹਜਰਤ ਬਾਬਾ ਨਾਨਕ ਦੇ ਮੁਰੀਦ ਹਾ , ਨਾ ਅਸੀ ਗਰੀਬ ਹਾ, ਨਾ ਸਾਨੂੰ ਦਾਨ ਲੈਣ ਦੀ ਆਦਤ । ਅਸੀ ਆਪਣੇ ਪੈਸਿਆਂ ਨਾਲ ਜਮੀਨ ਖਰੀਦਾੰਗੇ, ਤੁਸੀਂ ਇਜਾਜ਼ਤ ਤਾ ਦਿਉ । ਸ਼ਾਹ ਨੇ ਇਕ ਏਕੜ ਜਮੀਨ ਦੀ ਕੀਮਤ ਪੁੱਛੀ ਤਾ ਦੱਸਿਆ ਗਿਆ – ਵੀਹ ਹਜ਼ਾਰ ਤੁਮਾਨ। ਬਾਦਸ਼ਾਹ ਨੇ ਕਿਹਾ- ਠੀਕ ਹੈ , ਤੁਸੀ ਵੀਹ ਹਜ਼ਾਰ ਤੁਮਾਨ ਖਜਾਨੇ ਵਿੱਚ ਜਮਾ ਕਰਵਾਉ, ਮੈ ਰਜਿਸਟਰੀ ਕਰਨ ਦਾ ਹੁਕਮ ਦਿੰਦਾ ਹਾ। ਪਰ ਮੈਨੂੰ ਵੀ ਹੱਕ ਹੈ ਕਿ ਮੈ ਇਸ ਇਬਾਦਤਗਾਹ ਵਾਸਤੇ ਵੀਹ ਹਜਾਰ ਰੁਪਿਆ ਤੁਹਾਡੇ ਪੈਗੰਬਰ ਦੀ ਨਜਰ ਕਰਾ । ਬਾਦਸ਼ਾਹ ਨੇ ਵੀਹ ਹਜ਼ਾਰ ਦਾ ਚੈਕ ਭੇਟ ਕੀਤਾ ਤੇ ਕਿਹਾ- ਪਿੰਡ ਦਾ ਨਾਮ ਦੁਜਿਤ- ਆਬ ਸਹੀ ਨਹੀ, ਅੱਜ ਤੋੰ ਬਾਅਦ ਇਸ ਪਿੰਡ ਦਾ ਨਾਮ ਹੋਏਗਾ ਜ਼ਾਹਿਦਾਨ (ਰੱਬ ਦੇ ਮੁਰੀਦ) ..!!





Posted in: ਸਾਹਿਤ