ਕਿਸਾਨ ਖ਼ੁਦਕੁਸ਼ੀਆਂ ਦੇ ਸੰਕੇਤ

By January 15, 2016 0 Comments


kisaanਸਮਾਣਾ ਨੇੜਲੇ ਇੱਕ ਪਿੰਡ ਦੇ ਕਰਜ਼ਈ ਕਿਸਾਨ ਵੱਲੋਂ ਆਪਣੀ ਧੀ ਦੀ ਡੋਲੀ ਤੋਰਨ ਤੋਂ ਪਹਿਲਾਂ ਹੀ ਆਤਮਦਾਹ ਕਰ ਲੈਣ ਦੀ ਦੁਖਦਾਈ ਘਟਨਾ ਜਿੱਥੇ ਖ਼ੁਦਕੁਸ਼ੀਆਂ ਦੇ ਵਰਤਾਰੇ ਦੇ ਨਾ ਰੁਕਣ ਦਾ ਸੰਕੇਤ ਦੇ ਰਹੀ ਹੈ, ਉੱਥੇ ਸਮੁੱਚੇ ਸਮਾਜ ਲਈ ਵੀ ਕਈ ਸਵਾਲ ਖੜ੍ਹੇ ਕਰ ਰਹੀ ਹੈ। ਨਾ ਕੇਵਲ ਪੰਜਾਬ, ਬਲਕਿ ਸਮੁੱਚੇ ਮੁਲਕ ਭਰ ਵਿੱਚ ਕਿਸਾਨੀ ਸੰਕਟ ਲਗਾਤਾਰ ਡੂੰਘਾ ਹੋਣ ਕਾਰਨ ਖ਼ੁਦਕੁਸ਼ੀਆਂ ਦਾ ਵਰਤਾਰਾ ਵਧਦਾ ਜਾ ਰਿਹਾ ਹੈ।

ਪਿਛਲੇ ਵੀਹ ਸਾਲਾਂ ਦੌਰਾਨ ਮਾੜੀ ਆਰਥਿਕਤਾ ਅਤੇ ਕਰਜ਼ੇ ਦੇ ਸਤਾਏ ਹੋਏ ਲਗਪਗ ਤਿੰਨ ਲੱਖ ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ। ਸੰਸਦ ਵਿੱਚ ਪੇਸ਼ ਅੰਕੜਿਆਂ ਅਨੁਸਾਰ ਮੁਲਕ ਵਿੱਚ ਸਾਲ 2014 ਦੌਰਾਨ ਰੋਜ਼ਾਨਾ 34 ਕਿਸਾਨ ਖ਼ੁਦਕੁਸ਼ੀਆਂ ਕਰਦੇ ਰਹੇ। ਪੰਜਾਬ ਵਿੱਚ ਬੇਮੌਸਮੀ ਬਾਰਸ਼ ਅਤੇ ਚਿੱਟੇ ਮੱਛਰ ਕਾਰਨ ਪਿਛਲੀਆਂ ਤਿੰਨ ਫ਼ਸਲਾਂ ਲਗਾਤਾਰ ਖ਼ਰਾਬ ਹੋ ਜਾਣ ਕਾਰਨ ਕਿਸਾਨੀ ਦਾ ਲੱਕ ਟੁੱਟ ਗਿਆ ਹੈ। ਸਿੱਟੇ ਵਜੋਂ ਖ਼ੁਦਕੁਸ਼ੀਆਂ ਦੇ ਰੁਝਾਨ ਵਿੱਚ ਤੇਜ਼ੀ ਆਈ ਹੈ। ਇੱਕ, ਗ਼ੈਰ-ਸਰਕਾਰੀ ਸੰਸਥਾ ਦੁਆਰਾ ਕੀਤੇ ਗਏ ਅਧਿਐਨ ਅਨੁਸਾਰ ਪਿਛਲੇ ਕੇਵਲ ਚਾਰ ਮਹੀਨਿਆਂ ਦੌਰਾਨ ਹੀ ਨਰਮਾ ਪੱਟੀ ਦੇ 90 ਤੋਂ ਵੱਧ ਕਿਸਾਨ ਮੌਤ ਨੂੰ ਗਲੇ ਲਗਾ ਚੁੱਕੇ ਹਨ।

ਕਿਸਾਨ ਅਤੇ ਖੇਤ ਮਜ਼ਦੂਰਾਂ ਵਿੱਚ ਖ਼ੁਦਕੁਸ਼ੀ ਦੇ ਵਧ ਰਹੇ ਰੁਝਾਨ ਦਾ ਮੁੱਖ ਕਾਰਨ ਖੇਤੀ ਫ਼ਸਲਾਂ ਦੇ ਲਾਹੇਵੰਦ ਭਾਅ ਨਾ ਮਿਲਣ ਅਤੇ ਖੇਤੀ ਲਾਗਤਾਂ ਦੇ ਲਗਾਤਾਰ ਵਧਣ ਦੇ ਸਿੱਟੇ ਵਜੋਂ ਉਨ੍ਹਾਂ ਦੀ ਆਰਥਿਕ ਸਥਿਤੀ ਕਮਜ਼ੋਰ ਹੋਣ ਨੂੰ ਮੰਨਿਆ ਜਾਂਦਾ ਹੈ। ਇਸ ਕਾਰਨ ਹੀ ਉਨ੍ਹਾਂ ਸਿਰ ਕਰਜ਼ੇ ਦੀ ਪੰਡ ਸਾਲ ਦਰ ਸਾਲ ਭਾਰੀ ਹੁੰਦੀ ਜਾਂਦੀ ਹੈ। ਸਰਕਾਰੀ ਅਤੇ ਸਹਿਕਾਰੀ ਖੇਤਰ ਦੀਆਂ ਬੈਂਕਾਂ ਦੇ ਕਰਜ਼ਿਆਂ ਤੋਂ ਇਲਾਵਾ ਸ਼ਾਹੂਕਾਰਾਂ ਦੇ ਕਰਜ਼ੇ ਦੇ ਵਿਆਜ ਦੀ ਉੱਚੀ ਦਰ ਉਨ੍ਹਾਂ ਨੂੰ ਕਰਜ਼ੇ ਦੇ ਚੱਕਰਵਿਊਹ ਵਿੱਚੋਂ ਬਾਹਰ ਨਹੀਂ ਆਉਣ ਦਿੰਦੀ।
ਕੁਦਰਤੀ ਕਹਿਰ ਕਾਰਨ ਫ਼ਸਲਾਂ ਦੀ ਬਰਬਾਦੀ, ਬਿਮਾਰੀਆਂ ਅਤੇ ਵਧ ਰਹੇ ਘਰੇਲੂ ਖ਼ਰਚੇ ਕਿਸਾਨੀ ਸਮੱਸਿਆਵਾਂ ਵਿੱਚ ਹੋਰ ਵਾਧਾ ਕਰਦੇ ਹਨ। ਸਰਕਾਰਾਂ ਵੱਲੋਂ ਫ਼ਸਲਾਂ ਦੇ ਖ਼ਰਾਬੇ ਦਾ ਉਚਿਤ ਮੁਆਵਜ਼ਾ ਨਾ ਦੇਣਾ ਅਤੇ ਮੁੜ ਵਸੇਬੇ ਲਈ ਠੋਸ ਨੀਤੀ ਨਾ ਉਲੀਕਣ ਕਾਰਨ ਕਿਸਾਨਾਂ ਨੂੰ ਆਪਣਾ ਭਵਿੱਖ ਹਨੇਰਾ ਜਾਪਣਾ ਸੁਭਾਵਿਕ ਹੈ। ਇਹ ਸਥਿਤੀ ਕਿਸਾਨਾਂ ਨੂੰ ਨਾ ਚਾਹੁੰਦੇ ਹੋਏ ਵੀ ਨਿਰਾਸ਼ਾ ਦੀ ਡੂੰਘੀ ਖੱਡ ਵੱਲ ਧਕੇਲ ਕੇ ਮੱਲੋਮੱਲੀ ਖ਼ੁਦਕੁਸ਼ੀ ਦੇ ਰਾਹ ’ਤੇ ਲੈ ਜਾਂਦੀ ਹੈ।

ਵਧ ਰਹੇ ਕਿਸਾਨੀ ਸੰਕਟ ਲਈ ਸਰਕਾਰ ਦੀਆਂ ਕਿਸਾਨ-ਮਾਰੂ ਨੀਤੀਆਂ ਤਾਂ ਜ਼ਿੰਮੇਵਾਰ ਹਨ ਹੀ, ਨਾਲ ਹੀ ਸਮਾਜ ਵਿੱਚ ਘਟ ਰਹੀ ਸੰਵੇਦਨਸ਼ੀਲਤਾ ਵੀ ਕਿਸਾਨੀ ਖ਼ੁਦਕੁਸ਼ੀਆਂ ਦੇ ਵਧ ਰਹੇ ਰੁਝਾਨ ਦਾ ਕਾਰਨ ਬਣ ਰਹੀ ਹੈ। ਸਮਾਜ ਵਿੱਚੋਂ ਭਾਈਚਾਰਕ ਸਾਂਝ ਘਟ ਰਹੀ ਹੈ ਜਿਸ ਕਰਕੇ ਦੁਖੀ ਕਿਸਾਨਾਂ ਨੂੰ ਹੌਸਲਾ ਦੇਣ ਵਾਲਾ ਕੋਈ ਨਹੀਂ ਹੈ। ਰਿਸ਼ਤੇਦਾਰ ਤੇ ਨਜ਼ਦੀਕੀ ਵੀ ਆਪੋ-ਆਪਣੇ ਸੁਆਰਥ ਵਿੱਚ ਲੀਨ ਹਨ ਅਤੇ ਕੋਈ ਵੀ ਆਪਣੇ ਦੁਖੀ ਭੈਣ-ਭਾਈ ਦੀ ਮਦਦ ਕਰਨ ਲਈ ਅੱਗੇ ਨਹੀਂ ਆ ਰਿਹਾ। ਕੋਈ ਵੇਲਾ ਸੀ ਜਦੋਂ ਕਿਸੇ ਅੌਖੇ ਵਿਅਕਤੀ ਦੀ ਸਮੁੱਚਾ ਪਿੰਡ ਅਤੇ ਰਿਸ਼ਤੇਦਾਰ ਪੂਰੀ ਮਦਦ ਕਰਦੇ ਸਨ ਅਤੇ ਉਸਨੂੰ ਹੌਸਲਾ ਦੇ ਕੇ ਪੈਰਾਂ ਸਿਰ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦੇ ਸਨ ਪਰ ਹੁਣ ਇਹ ਸੱਭਿਆਚਾਰ ਲਗਪਗ ਲੋਪ ਹੀ ਹੋ ਗਿਆ ਹੈ। ਸਿਆਸੀ ਨੇਤਾਵਾਂ ਅਤੇ ਸਰਕਾਰਾਂ ਦੇ ਕੰਮ ਲੋਕਾਂ ਦੀਆਂ ਸਮੱਸਿਆਵਾਂ ਦੇ ਠੋਸ ਹੱਲ ਲੱਭਣ ਦੀ ਥਾਂ ਝੂਠੇ ਵਾਅਦੇ ਕਰਨ ਅਤੇ ਚੋਣਾਂ ਸਮੇਂ ਕੁਝ ਰਿਆਇਤਾਂ ਦੇਣ ਤਕ ਸੀਮਤ ਹੋ ਕੇ ਰਹਿ ਗਏ ਹਨ।

ਕਿਸਾਨ ਖ਼ੁਦਕੁਸ਼ੀਆਂ ਦੇ ਵਧ ਰਹੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੂੰ ਲੰਮੇ ਸਮੇਂ ਦੀਆਂ ਠੋਸ ਕਿਸਾਨ ਪੱਖੀ ਨੀਤੀਆਂ ਤੈਅ ਕਰਨ ਦੀ ਜ਼ਰੂਰਤ ਹੈ। ਖੇਤੀ ਜਿਣਸਾਂ ਦੇ ਲਾਹੇਵੰਦ ਭਾਅ, ਕਰਜ਼ੇ ਤੋਂ ਮੁਕਤੀ ਅਤੇ ਖੇਤੀ ਖ਼ਰਚੇ ਘਟਾਉਣ ਲਈ ਸਹਿਕਾਰੀ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਫ਼ਸਲਾਂ ਦੇ ਖ਼ਰਾਬੇ ਲਈ ਉਚਿਤ ਮੁਆਵਜ਼ਾ ਦੇਣ ਦੇ ਨਾਲ ਨਾਲ ਪੁਨਰ ਵਸੇਬੇ ਲਈ ਯੋਜਨਾਬੰਦੀ ਕੀਤੀ ਜਾਣੀ ਚਾਹੀਦੀ ਹੈ।

ਸਰਕਾਰਾਂ ਤੋਂ ਇਲਾਵਾ ਸਮਾਜ ਨੂੰ ਵੀ ਆਪਣੇ ਅਹਿਮ ਅੰਗ ਕਿਸਾਨੀ ਪ੍ਰਤੀ ਸੰਵੇਦਨਹੀਣਤਾ ਤਿਆਗ਼ ਕੇ ਦੁਖੀ ਕਿਸਾਨਾਂ ਦੀ ਬਾਂਹ ਫੜਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਕੋਈ ਕਿਸਾਨ ਖ਼ੁਦਕੁਸ਼ੀ ਦੇ ਰਾਹ ਵੱਲ ਨਾ ਜਾਵੇ। ਭਾਈਚਾਰੇ ਦੀ ਮਦਦ ਦਾ ਹੱਥ ਆਤਮਹੱਤਿਆ ਕਰਨ ਜਾ ਰਹੇ ਕਿਸਾਨਾਂ ਦਾ ਰਾਹ ਰੋਕ ਸਕਦਾ ਹੈ। ਕਿਸਾਨਾਂ ਨੂੰ ਵੀ ਖ਼ੁਦਕੁਸ਼ੀ ਵੱਲ ਤੁਰਨ ਦੀ ਥਾਂ ਆਪਣੀ ਆਰਥਿਕਤਾ ਦੇ ਮੱਦੇਨਜ਼ਰ ਚਾਦਰ ਦੇਖ ਕੇ ਪੈਰ ਪਸਾਰਨ ਦੀ ਜੁਗਤੀ ਮੁਡ਼ ਜੀਵਨ ਜਾਚ ਬਣਾੳੁਣੀ ਚਾਹੀਦੀ ਹੈ ਅਤੇ ਵਿਖਾਵੇਬਾਜ਼ੀ ਛੱਡ ਕੇ ਹਕੀਕਤ ਨੂੰ ਸਮਝਦੇ ਹੋਏ ਹੌਸਲੇ ਅਤੇ ਠਰ੍ਹੰਮੇ ਨਾਲ ਜ਼ਿੰਦਗੀ ਨੂੰ ਲੀਹ ’ਤੇ ਲਿਆਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।

Posted in: ਪੰਜਾਬ