ਮਾਮਲਾ ਦੂਸਰੇ ਵਿਆਹ ਦਾ : ਐਸ.ਪੀ. ਸਲਵਿੰਦਰ ਸਿੰਘ ਦੀਆਂ ਮੁਸ਼ਕਿਲਾਂ ‘ਚ ਹੋਰ ਵਾਧਾ

By January 15, 2016 0 Comments


salwinder singhਹੁਸ਼ਿਆਰਪੁਰ, 15 ਜਨਵਰੀ -ਪਠਾਨਕੋਟ ਅੱਤਵਾਦੀ ਹਮਲੇ ਤੋਂ ਬਾਅਦ ਵਿਵਾਦਾਂ ‘ਚ ਘਿਰੇ ਐਸ.ਪੀ. ਸਲਵਿੰਦਰ ਸਿੰਘ ਦੀਆਂ ਮੁਸ਼ਕਿਲਾਂ ਉਸ ਸਮੇਂ ਹੋਰ ਵੱਧ ਗਈਆਂ, ਜਦੋਂ ਕਰਨਜੀਤ ਕੌਰ ਨਾਂਅ ਦੀ ਔਰਤ ਨੇ ਸਲਵਿੰਦਰ ਸਿੰਘ ‘ਤੇ ਉਸ ਨਾਲ ਧੋਖੇ ਨਾਲ ਦੂਜਾ ਵਿਆਹ ਕਰਵਾਉਣ ਦੇ ਲਗਾਏ ਦੋਸ਼ਾਂ ਸਬੰਧੀ ਜਾਂਚ ਅਧਿਕਾਰੀ ਕੋਲ ਆਪਣੇ ਬਿਆਨ ਕਲਮਬੰਦ ਕਰਵਾਏ | ਜ਼ਿਕਰਯੋਗ ਹੈ ਕਿ ਉਕਤ ਔਰਤ ਵੱਲੋਂ ਲਗਾਏ ਦੋਸ਼ਾਂ ਸਬੰਧੀ ਡੀ.ਜੀ.ਪੀ. ਸੁਰੇਸ਼ ਅਰੋੜਾ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਧਨਪ੍ਰੀਤ ਕੌਰ ਰੰਧਾਵਾ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਸਨ | ਕਰਨਜੀਤ ਕੌਰ ਨੇ ਆਪਣੀ ਸ਼ਿਕਾਇਤ ‘ਚ ਦੋਸ਼ ਲਗਾਇਆ ਸੀ ਕਿ ਐਸ.ਪੀ. ਸਲਵਿੰਦਰ ਸਿੰਘ ਨੇ ਧੋਖੇ ਨਾਲ ਉਸ ਨਾਲ ਦੂਜਾ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਇਕ ਬੇਟਾ ਏਗਨ ਸਹਿਲਪ੍ਰੀਤ ਸਿੰਘ ਪੈਦਾ ਹੋਇਆ ਸੀ |

ਉਸ ਨੇ ਦੋਸ਼ ਲਗਾਇਆ ਸੀ ਕਿ ਸਲਵਿੰਦਰ ਸਿੰਘ ਨੇ ਵਿਆਹ ਤੋਂ ਬਾਅਦ ਸਾਰੇ ਸਬੂਤ ਮਿਟਾ ਦਿੱਤੇ ਤੇ ਆਪਣੇ ਪ੍ਰਭਾਵ ਕਾਰਨ ਪੁਲਿਸ ਵਿਭਾਗ ਪਾਸੋਂ ਉਸ ਦੀ ਕੋਈ ਸੁਣਵਾਈ ਨਹੀਂ ਹੋਣ ਦਿੱਤੀ | ਕਰਨਜੀਤ ਕੌਰ ਨੇ ਆਪਣੇ ਲੜਕੇ ਦਾ ਡੀ.ਐਨ.ਏ. ਟੈਸਟ ਕਰਵਾਉਣ ਲਈ ਵੀ ਮੁੱਖ ਮੰਤਰੀ ਤੇ ਡੀ.ਜੀ.ਪੀ. ਤੋਂ ਮੰਗ ਕੀਤੀ ਸੀ | ਕਰਨਜੀਤ ਕੌਰ ਨੇ ਦੱਸਿਆ ਹੈ ਕਿ ਹੁਸ਼ਿਆਰਪੁਰ ਦੀ ਇਕ ਸਹੇਲੀ ਦੇ ਜ਼ਰੀਏ ਉਹ 1994 ‘ਚ ਉਸ ਸਮੇਂ ਦੇ ਏ.ਐਸ.ਆਈ. ਸਲਵਿੰਦਰ ਸਿੰਘ ਦੇ ਸੰਪਰਕ ‘ਚ ਆਈ ਸੀ ਤੇ ਉਸੇ ਸਾਲ ਉਸ ਨੇ ਮੇਰੇ ਨਾਲ ਵਿਆਹ ਕਰਵਾਇਆ ਸੀ | ਇਸ ਤੋਂ ਬਾਅਦ ਵੱਖ-ਵੱਖ ਸਥਾਨਾਂ ‘ਤੇ ਬਤੌਰ ਐਸ.ਐਚ.ਓ. ਤੈਨਾਤ ਰਹਿੰਦਿਆਂ ਸਲਵਿੰਦਰ ਸਿੰਘ ਵੱਲੋਂ ਉਸ ਨੂੰ ਆਪਣੇ ਨਾਲ ਹੀ ਰੱਖਿਆ ਗਿਆ | ਉਸ ਤੋਂ ਬਾਅਦ ਜਦੋਂ ਉਸ ਨੇ ਸਲਵਿੰਦਰ ਸਿੰਘ ਦੇ ਬੇਟੇ ਨੂੰ ਜਨਮ ਦਿੱਤਾ ਤਾਂ ਜਨਮ ਤੋਂ 9 ਮਹੀਨੇ ਬਾਅਦ ਉਹ ਉਨ੍ਹਾਂ ਨੂੰ ਇਕੱਲਿਆ ਛੱਡ ਗਿਆ ਤੇ ਉਨ੍ਹਾਂ ਤੋਂ ਕੰਨੀ ਕਤਰਾਉਣ ਲੱਗਾ |

ਉਸ ਤੋਂ ਬਾਅਦ ਉਸ ਨੁੂੰ ਪਤਾ ਲੱਗਾ ਕਿ ਸਲਵਿੰਦਰ ਸਿੰਘ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਹੈ ਤੇ ਪਹਿਲੇ ਵਿਆਹ ਤੋਂ ਹੀ ਉਸ ਦਾ 1 ਬੇਟਾ ਤੇ 2 ਬੇਟੀਆਂ ਹਨ | ਉਸ ਨੇ ਦੱਸਿਆ ਕਿ ਆਰਥਿਕ ਪੱਖੋਂ ਤੰਗ ਹੋਣ ਕਾਰਨ ਉਹ ਅਦਾਲਤ ‘ਚ ਕਿਸੇ ਵੀ ਤਰ੍ਹਾਂ ਦਾ ਕੇਸ ਦਾਇਰ ਕਰਨ ‘ਚ ਅਸਮਰਥ ਰਹੀ, ਪ੍ਰੰਤੂ ਉਸ ਵੱਲੋਂ 2013 ‘ਚ ਪੁਲਿਸ ਦੇ ਉ ੱਚ ਅਧਿਕਾਰੀਆਂ ਕੋਲ ਕੀਤੀ ਸ਼ਿਕਾਇਤ ‘ਤੇ ਅਜੇ ਤੱਕ ਵੀ ਕੋਈ ਕਾਰਵਾਈ ਨਹੀਂ ਹੋਈ ਜਦਕਿ ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਉਸ ਦੇ ਮੁਹੱਲੇ ਦੇ ਲੋਕਾਂ ਦੇ ਬਿਆਨ ਵੀ ਕਲਮਬੰਦ ਕੀਤੇ ਗਏ ਸਨ | ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਧਨਪ੍ਰੀਤ ਕੌਰ ਰੰਧਾਵਾ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਕਰਨਜੀਤ ਕੌਰ ਨੇ ਆਪਣੇ ਬਿਆਨ ਕਲਮਬੰਦ ਕਰਵਾ ਦਿੱਤੇ ਹਨ ਹਨ ਤੇ 20 ਜਨਵਰੀ ਤੱਕ ਸਾਰੀ ਰਿਪੋਰਟ ਬਣਾ ਕੇ ਡੀ.ਜੀ.ਪੀ. ਪੰਜਾਬ ਨੂੰ ਭੇਜ ਦਿੱਤੀ ਜਾਵੇਗੀ |