ਕੀ ਫੂਲਕਾ ਹੋਣਗੇ ਆਪ ਵੱਲੋਂ ਮੁੱਖ ਮੰਤਰੀ ਅਹੁੱਦੇ ਦੇ ਉਮੀਦਵਾਰ..?

By January 14, 2016 0 Comments


phoolkaਜਲੰਧਰ, 14 ਜਨਵਰੀ-ਪੰਜਾਬ ‘ਚ ਤੇਜ਼ੀ ਨਾਲ ਉੱਭਰ ਰਹੀ ਆਮ ਆਦਮੀ ਪਾਰਟੀ ‘ਚ ਲੀਡਰਸ਼ਿਪ ਬਾਰੇ ਭੰਬਲਭੂਸੇ ਨੂੰ ਦੂਰ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਉੱਪਰ ਆਮ ਆਦਮੀ ਪਾਰਟੀ ਦੀ ਹੋ ਰਹੀ ਰੈਲੀ ‘ਚ ਪਾਰਟੀ ਮੁਖੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਸੁਪਰੀਮ ਕੋਰਟ ਦੇ ਉੱਘੇ ਵਕੀਲ ਤੇ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੂੰ ਪੰਜਾਬ ਦੀ ਕਮਾਨ ਸੰਭਾਲੇ ਜਾਣ ਦਾ ਸੰਕੇਤ ਦੇਣ ਦੀ ਉਮੀਦ ਹੈ |

ਪਾਰਟੀ ਅੰਦਰਲੇ ਭਰੋਸੇਯੋਗ ਸੂਤਰਾਂ ਮੁਤਾਬਿਕ ‘ਆਪ’ ਦੀ ਕੇਂਦਰੀ ਲੀਡਰਸ਼ਿਪ ਨੇ ਪਾਰਟੀ ਦੇ ਅੰਦਰੋਂ ਹੀ ਚੰਗੀ ਸਾਖ ਤੇ ਸਮਰੱਥਾ ਵਾਲੇ ਕਿਸੇ ਆਗੂ ਨੂੰ ਕਮਾਨ ਸੰਭਾਲਣ ਦੇ ਫੈਸਲੇ ਤਹਿਤ ਸ: ਫੂਲਕਾ ਨੂੰ ਕਮਾਨ ਸੰਭਾਲਣ ਦਾ ਮਨ ਬਣਾ ਲਿਆ ਦੱਸਿਆ ਜਾਂਦਾ ਹੈ | ਪਤਾ ਲੱਗਾ ਹੈ ਕਿ ਇਸੇ ਫੈਸਲੇ ਤਹਿਤ ਅੱਜ ਸ੍ਰੀ ਕੇਜਰੀਵਾਲ ਹਵਾਈ ਜਹਾਜ਼ ਰਾਹੀਂ ਦਿੱਲੀ ਤੋਂ ਅੰਮਿ੍ਤਸਰ ਆਉਣ ਸਮੇਂ ਸ: ਫੂਲਕਾ ਨੂੰ ਨਾਲ ਲੈ ਕੇ ਆਏ ਤੇ ਫਿਰ ਗੁਰਦਾਸਪੁਰ ਦੇ ਸਰਹੱਦੀ ਖੇਤਰ ਦਾ ਦੌਰਾ ਕਰਨ ਸਮੇਂ ਸ: ਫੂਲਕਾ ਉਨ੍ਹਾਂ ਦੇ ਨਾਲ ਰਹੇ | ਪਾਰਟੀ ਸੂਤਰਾਂ ਦਾ ਦੱਸਣਾ ਹੈ ਕਿ ਮਾਘੀ ਮੇਲੇ ਵਿਚ ਹੋਣ ਵਾਲੀ ਪਾਰਟੀ ਦੀ ਕਾਨਫਰੰਸ ਵਿਚ ਸ: ਫੂਲਕਾ ਨੂੰ ਅਹਿਮ ਸਥਾਨ ਮਿਲੇਗਾ ਤੇ ਸ੍ਰੀ ਕੇਜਰੀਵਾਲ ਉਨ੍ਹਾਂ ਨੂੰ ਪੰਜਾਬ ‘ਚ ਮੋਹਰੀ ਰੋਲ ਅਦਾ ਕਰਨ ਬਾਰੇ ਸਪੱਸ਼ਟ ਸੰਕੇਤ ਵੀ ਦੇਣਗੇ |