ਮੁਹਾਲੀ ਪੁਲਿਸ ਵੱਲੋਂ ਪਾਕਿ ਤਸਕਰਾਂ ਨਾਲ ਸਬੰਧਤ ਇਕ ਹੋਰ ਬੀ. ਐਸ. ਐਫ ਦਾ ਹੌਲਦਾਰ

By January 12, 2016 0 Comments


ppਐੱਸ. ਏ. ਐੱਸ. ਨਗਰ, 12 ਜਨਵਰੀ -ਮੁਹਾਲੀ ਪੁਲਿਸ ਵੱਲੋਂ ਪਾਕਿ ਤਸਕਰਾਂ ਨਾਲ ਸਬੰਧ ਰੱਖਣ ਵਾਲੇ ਇਕ ਹੋਰ ਬੀ. ਐੱਸ. ਐਫ ਦੇ ਹੌਲਦਾਰ ਪ੍ਰੇਮ ਸਿੰਘ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ, ਜਿਸਨੂੰ ਅੱਜ ਖਰੜ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਥੇ ਮਾਨਯੋਗ ਅਦਾਲਤ ਨੇ ਉਸਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਣ ਦੇ ਹੁਕਮ ਸੁਣਾਏ ਹਨ। ਇਸ ਸਬੰਧੀ ਕੀਤੇ ਪੱਤਰਕਾਰ ਸੰਮੇਲਨ ਵਿਚ ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਲਿਹਾਜਾ ਇਨ੍ਹਾਂ ਤਸਕਰਾਂ ਨਾਲ ਜੁੜੇ ਹੋਰ ਲੋਕਾਂ ਦਾ ਵੀ ਖੁਲਾਸਾ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜਮਾਂ ਤੋਂ ਇਹ ਖੁਲਾਸਾ ਹੋਇਆ ਸੀ ਕਿ ਦੋਸ਼ੀ ਗੁਰਜੰਟ ਸਿੰਘ ਉਰਫ ਭੋਲੂ ਅਤੇ ਉਸਦੇ ਸਾਥੀ ਮੁਲਜ਼ਮ ਬੀ. ਐਸ. ਐਫ. ਦੇ ਸਿਪਾਹੀ ਅਨਿਲ ਕੁਮਾਰ ਨਾਲ ਮਿਲਕੇ ਹੈਰੋਇਨ ਦੀ ਖੇਪ ਬਾਰਡਰ ਤੋਂ ਪਾਰ ਲੰਘਾਉਂਦੇ ਸਨ। ਪੁੱਛਗਿੱਛ ਦੌਰਾਨ ਮੁਲਜਮ ਗੁਰਜੰਟ ਸਿੰਘ ਨੇ ਇਹ ਵੀ ਮੰਨਿਆ ਹੈ ਕਿ ਅਗਸਤ 2014 ਤੋਂ ਲੈ ਕੇ ਨਵੰਬਰ 2014 ਤੱਕ 2 ਖੇਪਾਂ ਪਾਕਿਸਤਾਨ ਤੋਂ ਆਈਆਂ ਸਨ, ਜੋ ਇਮਤਿਆਜ ਵਾਸੀ ਲਾਹੌਰ ਨੇ ਭੇਜੀਆਂ ਸਨ।

ਇਨ੍ਹਾਂ ਖੇਪਾਂ ਵਿੱਚ ਅਸਲ੍ਹਾ ਐਮੋਨੀਸ਼ਨ ਅਤੇ 30-30 ਕਿੱਲੋਗ੍ਰਾਮ ਦੇ ਕਰੀਬ ਹੈਰੋਇਨ ਸੀ, ਜੋ ਬੀ. ਐਸ. ਐਫ. ਦੇ ਹੌਲਦਾਰ ਪ੍ਰੇਮ ਸਿੰਘ ਵਾਸੀ ਨਸ਼ਿਹਰਾ ਢਾਲਾ ਜ਼ਿਲ੍ਹਾ ਤਰਨਤਾਰਨ ਜੋ ਕਿ ਉਸ ਸਮੇਂ ਫਾਜਿਲਕਾ ਬਾਰਡਰ ‘ਤੇ ਤਾਇਨਾਤ ਸੀ ਦੀ ਸਹਾਇਤਾ ਨਾਲ ਬਾਰਡਰ ਤੋਂ ਇਹ ਖੇਪਾਂ ਲੰਘਾਈਆਂ ਗਈਆਂ ਸਨ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਕੀਤੀ ਪੁੱਛਗਿੱਛ ਤੋਂ ਬਾਅਦ ਇਸ ਮਾਮਲੇ ਵਿਚ ਸ਼ਾਮਿਲ ਬੀ. ਐਸ. ਐਫ. ਦੇ ਹੌਲਦਾਰ ਪ੍ਰੇਮ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਪਿੰਡ ਨਸ਼ਹਿਰਾ ਢਾਲਾ ਜ਼ਿਲ੍ਹਾ ਤਰਨਤਾਰਨ ਨੂੰ ਉਸਦੇ ਪਿੰਡ ਤੋਂ ਹੀ ਕੱਲ੍ਹ ਸ਼ਾਮੀਂ ਗ੍ਰਿਫਤਾਰ ਕੀਤਾ ਹੈ, ਕਿਉਂਕਿ ਉਹ ਅੱਜ ਕੱਲ੍ਹ ਛੁੱਟੀ ‘ਤੇ ਸੀ।