ਪੰਜ ਪਿਆਰਿਆ ਦੇ ਫੈਸਲੇ ਨੂੰ ਕੋਈ ਚੁਨੌਤੀ ਨਹੀ ਦਿੱਤੀ ਜਾ ਸਕਦੀ-ਵੇਦਾਂਤੀ

By January 10, 2016 0 Comments


IMG-20160110-WA0013ਅੰਮ੍ਰਿਤਸਰ 10 ਜਨਵਰੀ (ਜਸਬੀਰ ਸਿੰਘ) ਸਿੱਖ ਪੰਥ ਵਿੱਚ ਆਏ ਪੰਥਕ ਜਵਾਰ ਭਾਟੇ ਨੂੰ ਲੈ ਕੇ ਹਾਅ ਦਾ ਨਾਅਰਾ ਮਾਰਦਿਆ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਪੰਥਕ ਜਥੇਬੰਦੀਆ ਦੇ ਨੁੰਮਾਇੰਦਿਆ ਨਾਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੰਥ ਨੂੰ ਸੰਕਟ ਵਿੱਚੋ ਕੱਢਣ ਲਈ ਅਰਦਾਸ ਕੀਤੀ ਅਤੇ ਜੋਦੜੀ ਕੀਤੀ ਕਿ ਗੁਰੂ ਸਾਹਿਬ ਖੁਦ ਪੰਥ ਦੇ ਸਹਾਈ ਹੋ ਕੇ ਇਸ ਸੰਕਟ ਦਾ ਹੱਲ ਕਰਨ। ਇਸ ਸਮੇਂ ਉਹਨਾਂ ਦੇ ਨਾਲ ਹੋਰਨਾਂ ਤੋ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਚਰਨ ਸਿੰਘ ਵੀ ਸਨ।
ਪਹਿਲਾਂ ਹੀ ਕੀਤੇ ਐਲਾਨ ਅਨੁਸਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਆਪਣੇ ਸਾਥੀਆ ਸਮੇਤ ਕਰੀਬ 11.30 ਵਜੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖਲ ਹੋਏ ਤਾਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰ ਰੂਪ ਸਿੰਘ ਦੇ ਫੋਨ ਦੀਆ ਘੰਟੀਆ ਵੱਜਣੀਆ ਸ਼ੁਰੂ ਹੋ ਗਈਆ ਕਿ ਤੁਰੰਤ ਅਰਦਾਸ ਕਰਕੇ ਕੰਮ ਖਤਮ ਕੀਤਾ ਜਾਵੇ। ਜਥੇਦਾਰ ਵੇਦਾਂਤੀ ਹਾਲੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕ ਹੀ ਰਹਿ ਸਨ ਕਿ ਫਿਰ ਫੋਨ ਆ ਗਿਆ ਕਿ ਜਲਦੀ ਤੋ ਜਲਦੀ ਅਰਦਾਸ ਕੀਤੀ ਜਾਵੇ ਅਤੇ ਇਹ ਕੰਮ ਬਾਰਾ ਵਜੇ ਤੋ ਪਹਿਲਾਂ ਨਿਪਟਾਇਆ ਜਾਵੇ ਕਿਉਕਿ ਸ਼੍ਰੋਮਣੀ ਕਮੇਟੀ ਨੂੰ ਡਰ ਸੀ ਕਿ ਭਾਰੀ ਗਿਣਤੀ ਵਿੱਚ ਸੰਗਤ ਦੇ ਇਕੱਠੇ ਹੋਣ ਨਾਲ ਤਮਾਸ਼ਬੀਨ ਕੋਈ ਮਾੜੀ ਹਰਕਤ ਤੇ ਸ਼ਰੋਮਣੀ ਕਮੇਟੀ ਵਿਰੋਧੀ ਤੇ ਖਾਲਿਸਤਾਨ ਦੇ ਨਾਅਰੇ ਵੀ ਲਗਾ ਸਕਦੇ ਹਨ। ਅਜਿਹੇ ਹਾਲਾਤਾਂ ਤੋ ਬੱਚਣ ਲਈ ਸ਼੍ਰੋਮਣੀ ਕਮੇਟੀ ਚਾਹੁੰਦੀ ਸੀ ਕਿ ਸਾਰਾ ਕੰਮ ਸ਼ਾਤਮਈ ਢੰਗ ਨਾਲ ਨਿਪਟ ਜਾਵੇ ਪਰ ਸ਼੍ਰੋਮਣੀ ਕਮੇਟੀ ਨੇ ਉਸ ਵੇਲੇ ਸੁੱਖ ਦਾ ਸਾਹ ਲਿਆ ਜਦੋ ਪੰਥਕ ਜਥੇਬੰਦੀਆ ਦੇ ਵਧੇਰੇ ਕਰਕੇ ਨੁੰਮਾਇੰਦੇ ਗੈਰ ਹਾਜ਼ਰ ਪਾਏ ਗਏ। ਜਥੇਦਾਰ ਵੇਦਾਂਤੀ ਦੇ ਆਉਣ ਤੋ ਪਹਿਲਾਂ ਮੱਕੜ ਮਾਰਕਾ 250-300 ਲੱਠਮਾਰਾਂ ਦੀ ਡਿਊਟੀ ਲਗਾ ਦਿੱਤੀ ਗਈ ਸੀ ਜਿਸ ਕਾਰਨ ਮਾਹੌਲ ਪੂਰੀ ਤਰ•ਾ ਤਨਾਅ ਪੂਰਨ ਬਣਿਆ ਹੋਇਆ ਸੀ ਤੇ ਹਰ ਪੀਲੀ ਤੇ ਨੀਲੀ ਦਸਤਾਰਧਾਰੀ ਗੁਰਸਿੱਖ ਤੇ ਵਿਸ਼ੇਸ਼ ਕਰਕੇ ਅੰਮ੍ਰਿਤਧਾਰੀ ਸਿੰਘਾਂ ਤੇ ਖਾਸ ਨਿਗਾਹ ਰੱਖੀ ਜਾ ਰਹੀ ਸੀ ਤੇ ਲੱਠਮਾਰ ਉਹਨਾਂ ਦੇ ਪਿੱਛੇ ਪਿੱਛੇ ਘੁੰਮਦੇ ਵੇਖੇ ਗਏ ਜਦ ਕਿ ਸ਼੍ਰੋਮਣੀ ਕਮੇਟੀ ਦੇ ਇਸ ਵਰਤਾਰੇ ਤੋ ਸੰਗਤਾਂ ਹੈਰਾਨ ਸਨ । ਅੱਜ ਐਤਵਾਰ ਦਾ ਦਿਨ ਹੋਣ ਕਰਕੇ ਸ੍ਰੀ ਦਰਬਾਰ ਵਿਖੇ ਵੈਸੇ ਵੀ ਕਾਫੀ ਭੀੜ ਸੀ ਤੇ ਮੱਥਾ ਟੇਕਣ ਵਾਲਿਆ ਦੀ ਲੰਮੀ ਲਾਈਨ ਸ੍ਰੀ ਅਕਾਲ ਤਖਤ ਸਾਹਿਬ ਤੱਕ ਲੱਗੀ ਹੋਈ ਸੀ।
ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਆਪਣੇ ਸਾਥੀਆ ਨਾਲ ਸ੍ਰੀ ਅਕਾਲ ਤਖਤ ਦੇ ਸਾਹਮਣੇ ਬੈਠ ਕੇ ਪਹਿਲਾਂ ਪੰਜ ਬਾਣੀਆ ਦਾ ਪਾਠ ਕੀਤਾ ਤੇ ਫਿਰ ਗੁਰੂ ਸਾਹਿਬ ਅੱਗੇ ਅਰਦਾਸ ਜੋਦੜੀ ਕਰਦਿਆ ਕਿਹਾ ਕਿ ਮੌਜੂਦਾ ਸੰਕਟ ਵਿੱਚੋ ਗੁਰੂ ਸਾਹਿਬ ਖੁਦ ਸਹਾਈ ਹੋ ਤੇ ਪੰਥ ਨੂੰ ਸੰਕਟਮਈ ਸਥਿਤੀ ਵਿੱਚੋ ਕੱਢਣ ਅਤੇ ਪੰਥਕ ਮਰਿਆਦਾ ਕਾਇਮ ਰੱਖਣ ਦਾ ਬਲ ਬਖਸ਼ਣ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਥੇਦਾਰ ਵੇਦਾਂਤੀ ਨੇ ਕਿਹਾ ਕਿ ਪੰਜ ਪਿਆਰਿਆ ਦੇ ਫੈਸਲੇ ਨੂੰ ਕੋਈ ਚੁਨੌਤੀ ਨਹੀ ਦਿੱਤੀ ਜਾ ਸਕਦੀ। ਉਹਨਾਂ ਕਿਹਾ ਕਿ ਪੰਜ ਪਿਆਰਿਆ ਦਾ ਫੈਸਲਾ ਦਰੁਸਤ ਹੈ ਤੇ ਪੰਥ ਨੂੰ ਇਸ ਫੈਸਲੇ ਤੇ ਪਹਿਰਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜ ਪਿਆਰਿਆ ਦੇ ਫੈਸਲੇ ਨੂੰ ਕਿਸੇ ਵੀ ਰੂਪ ਵਿੱਚ ਚੁਨੌਤੀ ਨਹੀ ਦਿੱਤੀ ਜਾ ਸਕਦੀ ਅਤੇ ਉਹਨਾਂ ਵੱਲੋ ਬਾਈਕਾਟ ਦੇ ਦਿੱਤੇ ਫੈਸਲੇ ਦੀ ਉਹ ਹਮਾਇਤ ਕਰਦੇ ਹਨ ਭਾਂਵੇ ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਜਥੇਦਾਰਾਂ ਦਾ ਹੋਵੇ ਜਾਂ ਫਿਰ ਕਿਸੇ ਹੋਰ ਦਾ ਹੋਵੇ। ਉਹਨਾਂ ਕਿਹਾ ਕਿ ਪੰਜ ਪਿਆਰਿਆ ਦੀ ਪਰੰਪਰਾ ਗੁਰੂ ਸਾਹਿਬ ਦੇ ਸਮੇਂ ਤੋ ਸ਼ੁਰੂ ਕੀਤੀ ਗਈ ਸੀ ਤੇ ਜਿਸਦਾ ਸਨਮਾਨ ਬਹਾਲ ਰੱਖਿਆ ਜਾਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਛੇਵੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧਰਮ ਤੇ ਸਿਆਸਤ ਨੂੰ ਇਕੱਠਿਆ ਜਰੂਰ ਕੀਤਾ ਪਰ ਧਰਮ ਦਾ ਕੁੰਡਾ ਸਿਆਸਤ ਤੇ ਰੱਖਿਆ ਸੀ ਪਰ ਅੱਜ ਸਾਡੇ ਸੁਆਰਥ ਆਗੂਆਂ ਕਾਰਨ ਧਰਮ ਦੀ ਹੀਣਤ ਹੋ ਰਹੀ ਹੈ ਤੇ ਧਰਮ ਤੇ ਸਿਆਸਤ ਭਾਰੂ ਹੋ ਜਾਣ ਨਾਲ ਧਰਮ ਦੀਆ ਕਦਰਾਂ ਕੀਮਤਾਂ ਵਿੱਚ ਗਿਰਾਵਟ ਆ ਰਹੀ ਹੈ। ਉਹਨਾਂ ਕਿਹਾ ਕਿ ਇਸ ਪੰਥਕ ਸੰਕਟ ਦੇ ਹੱਲ ਲਈ ਭਵਿੱਖ ਬਾਰੇ ਵੀ ਯੋਜਨਾਵਾਂ ਤਿਆਰ ਕੀਤੀਆ ਜਾ ਰਹੀਆ ਹਨ ਅਤੇ ਬੁੱਧੀਜੀਵੀ ਵਰਗ ਦੀ ਵੀ ਰਾਇ ਲੈ ਕੇ ਅਗਲੀ ਰਣਨੀਤੀ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਸੰਘਰਸ਼ ਕਰ ਰਹੀਆ ਪੰਥਕ ਜਥੇਬੰਦੀਆ ਵਿੱਚ ਇੱਕਜੁੱਟਤਾ ਪੈਦਾ ਕਰਨ ਦੇ ਵੀ ਯਤਨ ਕੀਤੇ ਜਾਣਗੇ। ਉਹਨਾਂ ਕਿਹਾ ਕਿ ਪੰਜ ਪਿਆਰਿਆ ਵੱਲੋ ਧਰਮ ਪ੍ਰਚਾਰ ਜਾਰੀ ਰੱਖਣ ਦਾ ਲਿਆ ਗਿਆ ਫੈਸਲਾ ਸ਼ਲਾਘਾਯੋਗ ਹੈ ਤੇ ਸੰਗਤਾਂ ਨੂੰ ਚਾਹੀਦਾ ਹੈ ਕਿ ਇਸ ਫੈਸਲੇ ਨੂੰ ਲਾਗੂ ਕਰਾਉਣ ਲਈ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਜਾਵੇ। ਇਹ ਪੁੱਛੇ ਜਾਣ ‘ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਦਾ ਸਾਥ ਦੇਣ ਲਈ ਜਥੇਬੰਦੀਆ ਘੱਟ ਕਿਉ ਆਈਆ ਹਨ? ਉਹਨਾਂ ਕਿਹਾ ਕਿ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਨਹੀ ਆ ਸਕਦੇ ਉਹ ਜਿਥੇ ਵੀ ਹੋਣ ਉਥੇ ਹੀ ਅਰਦਾਸ ਕਰਨ। ਇਸ ਸਮੇਂ ਉਹਨਾਂ ਦੇ ਨਾਲ ਉਹਨਾਂ ਦੇ ਨਿੱਜੀ ਸਹਾਇਕ ਸ੍ਰ ਪ੍ਰਿਥੀਪਾਲ ਸਿੰਘ ਸੰਧੂ, ਸਾਬਕਾ ਗਰੰਥੀ ਗਿਆਨੀ ਚਰਨ ਸਿੰਘ, ਸਾਬਕਾ ਫੈਡਰੇਸ਼ਨ ਆਗੂ ਮਧੂਪਾਲ ਸਿੰਘ ਤੇ ਹੋਰ ਸੰਗਤ ਸੀ।