ਗ਼ੋਰੇ ਮੁਗ਼ਲਾਂ ਦੀ ਧਰਤੀ- ਹੈਦਰਾਬਾਦ

By January 10, 2016 0 Comments


ਬਲਵੰਤ ਸਿੰਘ
gore
ਹੈਦਰਾਬਾਦ ਭਾਰਤ ਦੇ ਖ਼ੂਬਸੂਰਤ ਮਹਾਂਨਗਰਾਂ ਵਿੱਚੋਂ ਇੱਕ ਹੈ। ਇੱਕ ਸਮੇਂ ਇਹ ਦੇਸ਼ ਦੇ ਸਭ ਤੋਂ ਵੱਧ ਅਣਗੌਲੇ ਸ਼ਹਿਰਾਂ ਵਿੱਚ ਸ਼ੁਮਾਰ ਸੀ, ਪਰ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਇਸ ਦੀ ਕਾਰੋਬਾਰੀ ਸਮਰੱਥਾ ਨੂੰ ਪਛਾਣਦਿਆਂ ਇਸ ਦੀ ਕਾਇਆ ਪਲਟ ਕਰ ਦਿੱਤੀ। ਹੁਣ ਇਹ ਅਤਿ-ਆਧੁਨਿਕ ਮਹਾਂਨਗਰ ਹੈ ਜਿਸ ਵਿੱਚ ਪ੍ਰਾਚੀਨਤਾ ਤੇ ਆਧੁਨਿਕਤਾ ਦਾ ਸੁਮੇਲ ਵਧੀਆ ਤਸੱਵਰ ਪੇਸ਼ ਕਰਦਾ ਹੈ। ਭਾਰਤ ਦੇ ਬਟਵਾਰੇ ਤੋਂ ਪਹਿਲਾਂ ਹੈਦਰਾਬਾਦ ਰਿਆਸਤ ਸਭ ਤੋਂ ਅਮੀਰ ਰਿਆਸਤ ਸੀ। ਆਪਣੀ ਸ਼ਾਨੋ-ਸ਼ੌਕਤ ਪੱਖੋਂ ਇਹ ਪਟਿਆਲਾ ਜਾਂ ਕਈ ਰਾਜਸਥਾਨੀ ਰਿਆਸਤਾਂ ਤੋਂ ਕਿਤੇ ਅੱਗੇ ਸੀ। 1750 ਤੋਂ ਇਹ ਆਸਿਫਸ਼ਾਹੀ ਨਿਜ਼ਾਮਾਂ ਦੇ ਅਧੀਨ ਰਿਹਾ ਅਤੇ ਨਿਜ਼ਾਮਾਂ ਨੇ ਮੱਧਯੁੱਗੀ ਦੱਖਣੀ ਸਭਿਅਤਾ ਨੂੰ ਬਚਾਉਣ ਤੇ ਸੰਭਾਲਣ ਲਈ ਹਰ ਉਪਰਾਲਾ ਕੀਤਾ। ਇਹ ਸਭਿਅਤਾ ਇਰਾਨੀ (ਫ਼ਾਰਸੀ), ਅਫ਼ਗਾਨ ਅਤੇ ਉੱਤਰ ਭਾਰਤੀ ਸਭਿਅਤਾਵਾਂ ਦਾ ਮਿਲਗੋਭਾ ਸੀ ਜਿਸ ਨੂੰ ਪਾਣ ਦੱਖਣੀ ਭਾਰਤ ਦੀ ਚੜ੍ਹੀ ਹੋਈ ਸੀ।
ਦਰਅਸਲ, ਬ੍ਰਿਟਿਸ਼ ਬਸਤੀਵਾਦ ਨੇ ਬਾਕੀ ਭਾਰਤ ਵਿੱਚੋਂ ਤਾਂ ਭਾਰਤੀ ਸਭਿਅਤਾਵਾਂ ਦੀਆਂ ਪੈੜਾਂ ਮੱਧਮ ਪਾ ਦਿੱਤੀਆਂ ਅਤੇ ਭਾਰਤੀਆਂ ਦੀ ਸੋਚ ਉੱਤੇ ਬਰਤਾਨਵੀ ਪੁੱਠ ਚੜ੍ਹਾਉਣੀ ਸ਼ੁਰੂ ਕਰ ਦਿੱਤੀ, ਪਰ ਹੈਦਰਾਬਾਦ ਦੇ ਨਿਜ਼ਾਮਾਂ ਦੇ ਖੇਤਰ ਵਿੱਚ ਅਜਿਹਾ ਸਿੱਧਾ ਦਖ਼ਲ ਸੰਭਵ ਨਾ ਹੋ ਸਕਿਆ। ਕਮਾਲ ਦੀ ਗੱਲ ਇਹ ਹੈ ਕਿ ਮੁਲਕ ਦੀ ਆਜ਼ਾਦੀ ਤੋਂ ਬਾਅਦ ਵੀ ਹੈਦਰਾਬਾਦੀ ਸਭਿਅਤਾ ਦੀ ਰਵਾਇਤੀ ਸ਼ਾਨ ਬਰਕਰਾਰ ਰੱਖਣ ਦੇ ਸੰਜੀਦਾ ਯਤਨ ਹੋਏ ਅਤੇ ਹੁਣ ਵੀ ਜਾਰੀ ਹਨ।
1940ਵਿਆਂ ਤਕ ਹੈਦਰਾਬਾਦ ਰਿਆਸਤ ਦਾ ਖ਼ਰਚ ਤੇ ਆਮਦਨ ਯੂਰਪੀਨ ਮੁਲਕ ਬੈਲਜੀਅਮ ਦੇ ਬਰਾਬਰ ਸੀ ਅਤੇ ਇਹ ਸੰਯੁਕਤ ਰਾਸ਼ਟਰ ਦੇ 20 ਤੋਂ ਵੱਧ ਮੈਂਬਰ ਮੁਲਕਾਂ ਦੇ ਸਾਲਾਨਾ ਬਜਟ ਨਾਲੋਂ ਵੱਧ ਸੀ। ਨਿਜ਼ਾਮ ਦਾ ਜ਼ਾਤੀ ਖ਼ਜ਼ਾਨਾ ਹੋਰ ਵੀ ਵੱਧ ਪ੍ਰਭਾਵਸ਼ਾਲੀ ਸੀ: ਇਸ ਕੋਲ 10 ਕਰੋੜ ਪੌਂਡ ਸਟਰਲਿੰਗ ਦੇ ਮੁੱਲ ਦਾ ਸੋਨਾ ਤੇ ਚਾਂਦੀ ਸੀ ਅਤੇ 40 ਕਰੋੜ ਪੌਂਡ ਸਟਰਲਿੰਗ ਦੇ ਮੁੱਲ ਦੇ ਹੀਰੇ ਤੇ ਜਵਾਹਰਾਤ ਸਨ। ਨਿਜ਼ਾਮ ਕੋਲ ਇਸਲਾਮੀ ਜਗਤ ਦਾ ਸਭ ਤੋਂ ਵੱਡਾ ਕਲਾ ਸੰਗ੍ਰਹਿ ਵੀ ਸੀ। ਉਸ ਦੇ ਮਹੱਲਾਂ ਦੀਆਂ ਲਾਇਬਰੇਰੀਆਂ ਮੁਗ਼ਲ ਤੇ ਦੱਖਣੀ ਸ਼ੈਲੀਆਂ ਦੀਆਂ ਮਿਨੀਏਚਰ ਪੇਂਟਿੰਗਜ਼ ਨਾਲ ਭਰਪੂਰ ਸਨ, ਉਨ੍ਹਾਂ ਵਿੱਚ ਹਨੇਰੇ ’ਚ ਰੌਸ਼ਨ ਹੋਣ ਵਾਲੀ ਸਿਆਹੀ ਨਾਲ ਲਿਖੇ ਕੁਰਾਨ ਸ਼ਰੀਫ਼ ਮੌਜੂਦ ਸਨ ਅਤੇ ਨਾਲ ਹੀ ਹਿੰਦ-ਇਸਲਾਮੀ ਭਾਸ਼ਾਵਾਂ ਵਿਚਲੇ ਖਰੜੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਭਾਲੇ ਹੋਏ ਸਨ। ਦਰਅਸਲ, ਫਰਵਰੀ 1937 ਵਿੱਚ ਨਿਜ਼ਾਮ ਉਸਮਾਨ ਅਲੀ ਖ਼ਾਨ ਨੂੰ ਅਮਰੀਕੀ ਹਫ਼ਤਾਵਾਰੀ ਰਸਾਲੇ ‘ਟਾਈਮ’ ਦੇ ਕਵਰ ਉੱਤੇ ਦੁਨੀਆਂ ਦੇ ਸਭ ਤੋਂ ਅਮੀਰ ਇਨਸਾਨ ਵਜੋਂ ਪੇਸ਼ ਕੀਤਾ ਗਿਆ ਸੀ। ਉਦੋਂ ਇਹ ਅਨੁਮਾਨ ਲਾਇਆ ਗਿਆ ਸੀ ਕਿ ਉਸ ਦੀ ਕੁੱਲ ਦੌਲਤ 1.4 ਅਰਬ ਡਾਲਰਾਂ ਦੇ ਬਰਾਬਰ ਹੈ।
ਬਾਕੀ ਭਾਰਤ ਦੇ ਰਿਆਸਤੀ ਹਾਕਮਾਂ ਅਤੇ ਨਿਜ਼ਾਮ ਦਰਮਿਆਨ ਫ਼ਰਕ ਇਹ ਰਿਹਾ ਕਿ ਬਾਕੀ ਹਾਕਮਾਂ ਨੇ ਹਵਾ ਦਾ ਰੁਖ਼ ਪਛਾਣ ਕੇ ਆਪਣੀ ਨਿੱਜੀ ਧਨ ਦੌਲਤ ਦਾ ਸਹੀ ਢੰਗ ਨਾਲ ਨਿਵੇਸ਼ ਕਰ ਦਿੱਤਾ ਜਦੋਂਕਿ ਨਿਜ਼ਾਮ ਹੈਦਰਾਬਾਦ ਨੇ ਅਜਿਹਾ ਨਹੀਂ ਕੀਤਾ। ਆਖ਼ਰੀ ਨਿਜ਼ਾਮ ਮੁਕੱਰਮ ਜਾਹ ਨੇ ਸਮੇਂ ਅਨੁਸਾਰ ਬਦਲਣ ਦੀ ਥਾਂ ਆਪਣੇ ਜ਼ਾਤੀ ਅਮਲੇ ਵਿੱਚ 14,718 ਨੌਕਰ-ਚਾਕਰ ਸ਼ਾਮਲ ਰੱਖੇ। ਇਨ੍ਹਾਂ ਤੋਂ ਇਲਾਵਾ ਉਸ ਦੇ ਦਾਦੇ ਦੀਆਂ 42 ਰਖੇਲਾਂ ਅਤੇ ਉਨ੍ਹਾਂ ਦੀ ਅੌਲਾਦ ਦੇ 100 ਤੋਂ ਵੱਧ ਜੀਅ ਸ਼ਾਮਲ ਸਨ। ਇੰਨੀ ਵੱਡੀ ‘ਫ਼ੌਜ’ ਨੇ ਉਸ ਦੇ ਖ਼ਜ਼ਾਨੇ ਨੂੰ ਖ਼ੂਬ ਖੋਰਾ ਲਾਇਆ। ਇਕੱਲੇ ਚੌਮਹੱਲਾ ਮਹੱਲ ਵਿੱਚ ਹੀ ਛੇ ਹਜ਼ਾਰ ਮੁਲਾਜ਼ਮ ਤਾਇਨਾਤ ਸਨ ਜਿਨ੍ਹਾਂ ਵਿੱਚ 3,000 ਅਰਬ ਸਕਿੳੁਰਿਟੀ ਗਾਰਡ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ 28 ਮਾਸ਼ਕੀ ਅਤੇ 38 ਹੋਰ ਮੁਲਾਜ਼ਮ ਫਾਨੂਸ ਸਾਫ਼ ਕਰਨ ਲਈ ਸਨ।
ਬਾਅਦ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਕਿ ਨਿਜ਼ਾਮ ਦੇ ਗੈਰੇਜਾਂ ਵਿੱਚ ਭਾਵੇਂ 60 ਕਾਰਾਂ ਸਨ, ਪਰ ਇਨ੍ਹਾਂ ਵਿੱਚੋਂ ਸਿਰਫ਼ ਚਾਰ ਚਲਦੀ ਹਾਲਤ ਸੀ। ਇਨ੍ਹਾਂ ਨੂੰ ਚਲਾਉਣ ਲੲੀ 45 ਹਜ਼ਾਰ ਪੌਂਡ ਦਾ ਪੈਟਰੋਲ ਹਰ ਸਾਲ ਖ਼ਰੀਦਿਆ ਜਾਂਦਾ ਸੀ। ਅਧਿਕਾਰਤ ਤੌਰ ’ਤੇ ਹਰ ਰੋਜ਼ ਦੋ ਹਜ਼ਾਰ ਲੋਕ ਨਿਜ਼ਾਮ ਦੀ ਰਸੋਈ ਵਿੱਚੋਂ ਖਾਣਾ ਖਾਂਦੇ ਸਨ, ਪਰ ਬਾਅਦ ਵਿੱਚ ਇਹ ਤੱਥ ਸਾਹਮਣੇ ਆਇਆ ਕਿ ਹੈਦਰਾਬਾਦ ਦੇ ਕਈ ਰੇਸਤਰਾਵਾਂ ਵਿੱਚ ਮੁਗ਼ਲਈ ਖ਼ੁਰਾਕ ਨਿਜ਼ਾਮ ਦੇ ਮਹੱਲ ਤੋਂ ਜਾਂਦੀ ਸੀ। ਨਿਜ਼ਾਮ ਨੇ ਆਪਣੀ ਇਹ ਸ਼ਾਨੋ ਸ਼ੌਕਤ ਬਰਕਰਾਰ ਰੱਖਣ ਦਾ ਭਰਪੂਰ ਯਤਨ ਕੀਤਾ, ਪਰ ਵੱਸ ਨਾ ਚੱਲਦਾ ਦੇਖ ਕੇ 1973 ਵਿੱਚ ਭਾਰਤ ’ਚੋਂ ਖਿਸਕ ਗਿਆ ਅਤੇ ਪਰਥ (ਆਸਟਰੇਲੀਆ) ਵਿੱਚ ਭੇਡਾਂ ਦਾ ਫਾਰਮ ਖੋਲ੍ਹ ਲਿਆ।
ਨਿਜ਼ਾਮ ਦੀ ਗ਼ੈਰਹਾਜ਼ਰੀ ਵਿੱਚ ਨੌਕਰਾਂ-ਚਾਕਰਾਂ ਅਤੇ ਸਕੇ-ਸਬੰਧੀਆਂ ਨੇ ਨਿਜ਼ਾਮ ਦੀ ਜਾਇਦਾਦ ਲੁੱਟ ਲਈ। ਵੱਖ-ਵੱਖ ਅਦਾਲਤਾਂ ਦੇ ਹੁਕਮਾਂ ’ਤੇ ਬਹੁਤੇ ਮਹੱਲ ਤੇ ਹੋਰ ਇਮਾਰਤਾਂ ਸੀਲ ਕਰ ਦਿੱਤੀਆਂ ਗਈਆਂ। ਜਿਹੜੀਆਂ ਚੋਰੀ ਛੁਪੀ ਵੇਚੀਆਂ ਨਹੀਂ ਸੀ ਜਾ ਸਕੀਆਂ, ਉਨ੍ਹਾਂ ਉੱਪਰ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਦੇਖੀ ਗਈ। ਚੌਮਹੱਲਾ ਮਹੱਲ ਦਾ ਕੁੱਲ ਰਕਬਾ 54 ਏਕੜ ਸੀ। ਇਹ ਸੁੰਗੜ ਕੇ 12 ਏਕੜ ਰਹਿ ਗਿਆ।
ਵੀਹ ਸਾਲ ਪਹਿਲਾਂ ਹੈਦਰਾਬਾਦ ਦਾ ਦੌਰਾ ਕਰਦਿਆਂ ਬਹੁਤੀਆਂ ਪ੍ਰਾਚੀਨ ਇਮਾਰਤਾਂ ਛੇਤੀ ਕਿਤੇ ਲੱਭਦੀਆਂ ਹੀ ਨਹੀਂ ਸਨ। ਜਿਹੜੀਆਂ ਮੌਜੂਦ ਸਨ, ਉਨ੍ਹਾਂ ਦੇ ਅੱਗੇ ਅਤੇ ਆਸ-ਪਾਸ ਅਪਾਰਟਮੈਂਟ ਬਲਾਕ ਜਾਂ ਕਾਰੋਬਾਰੀ ਇਮਾਰਤਾਂ ਉਸਾਰੀਆਂ ਹੋਈਆਂ ਸਨ। ਹੌਲੀ-ਹੌਲੀ ਇਹ ਇਮਾਰਤਾਂ ਅਤੇ ਇਨ੍ਹਾਂ ਦਾ ਇਤਿਹਾਸ ਨਵੀਂ ਪੀੜ੍ਹੀ ਦੇ ਸਾਹਮਣੇ ਉਜਾਗਰ ਹੋਣਾ ਸ਼ੁਰੂ ਹੋਇਆ। ਫਿਰ, ਚੰਦਰਬਾਬੂ ਨਾਇਡੂ ਸਰਕਾਰ ਨੇ ਇਨ੍ਹਾਂ ਦੁਆਲਿਓਂ ਨਾਜਾਇਜ਼ ਕਬਜ਼ੇ ਹਟਾਉਣ ਅਤੇ ਇਨ੍ਹਾਂ ਦੀ ਸ਼ਾਨ ਬਹਾਲ ਕਰਨ ਦੇ ਯਤਨ ਆਰੰਭੇ ਜਿਨ੍ਹਾਂ ਦੇ ਸੁਖਾਵੇਂ ਨਤੀਜੇ ਸਾਹਮਣੇ ਆਏ। ਉਂਜ, ਅਜੇ ਵੀ ਬਹੁਤ ਸਾਰੀਆਂ ਇਮਾਰਤਾਂ ਵੱਖ-ਵੱਖ ਗਲੀਆਂ ਬਾਜ਼ਾਰਾਂ ਵਿੱਚ ਛੁਪੀਆਂ ਪਈਆਂ ਹਨ। ਮਸਲਨ, ਆਬਿਦ’ਜ਼ ਖੇਤਰ ਵਿੱਚ ਫਰਨਾਡੇਜ਼ ਹਸਪਤਾਲ ਦੀ ਕੰਧ ਨਾਲ ਇੱਕ ਹਵੇਲੀ ਦੀ ਕੰਧ ਲੱਗਦੀ ਹੈ। ਇਸ ਹਵੇਲੀ ਨੂੰ ਹੌਲੀ-ਹੌਲੀ ਢਾਹਿਆ ਜਾ ਰਿਹਾ ਹੈ ਅਤੇ ਇਸ ਦੇ ਦਾਲਾਨ ਨੂੰ ਪਹਿਲਾਂ ਹੀ ਪੇਡ ਕਾਰ ਪਾਰਕਿੰਗ ਵਜੋਂ ਵਰਤਿਆ ਜਾ ਰਿਹਾ ਹੈ। ਇਹ 175 ਸਾਲ ਪੁਰਾਣੀ ਹਵੇਲੀ ਜਿਸ ਢੰਗ ਨਾਲ ਢਾਹੀ ਜਾ ਰਹੀ ਹੈ, ਉਸ ਨੂੰ ਦੇਖ ਕੇ ਅਫ਼ਸੋਸ ਹੋਣਾ ਸੁਭਾਵਿਕ ਹੀ ਹੈ।
ਓਸਮਾਨੀਆ ਵਿਮੈਨ’ਜ਼ ਕਾਲਜ ਦੇ ਅਹਾਤੇ ਵਿੱਚ ਪੁਰਾਣੀ ਬ੍ਰਿਟਿਸ਼ ਰੈਜ਼ੀਡੈਂਸੀ ਦੀ ਇਮਾਰਤ ਅਜੇ ਵੀ ਮੌਜੂਦ ਹੈ। ਇਸ ਦਾ ਇਮਾਰਤੀ ਨਕਸ਼ਾ ਵਾਸ਼ਿੰਗਟਨ ਵਿੱਚ ਅਮਰੀਕੀ ਰਾਸ਼ਟਰਪਤੀ ਦੇ ਨਿਵਾਸ- ਵਾਈਟ ਹਾਊਸ ਨਾਲ ਮਿਲਦਾ-ਜੁਲਦਾ ਹੈ। ਇਹ ਇਮਾਰਤ ਪੁਰਾਣੇ ਹੈਦਰਾਬਾਦ ਵਿੱਚ ਦਰਿਆ ਮੂਸੀ ਦੇ ਕੰਢੇ ਸਥਿਤ ਇੱਕ ਬਾਗ਼ ਵਿੱਚ ਉਸਾਰੀ ਗਈ ਸੀ। ਇਸ ਇਮਾਰਤ ਵਿੱਚ ਕਾਲਜ ਦੀਆਂ ਕੁਝ ਕਲਾਸਾਂ ਪਹਿਲਾਂ ਲਾਈਆਂ ਜਾਂਦੀਆਂ ਸਨ, ਪਰ ਹੁਣ ਇਸ ਨੂੰ ਅਸੁਰੱਖਿਅਤ ਮੰਨਿਆ ਜਾਂਦਾ ਹੈ। ਇਸ ਦੀ ਉਸਾਰੀ ਬ੍ਰਿਟਿਸ਼ ਰੈਜ਼ੀਡੈਂਟ ਕਰਨਲ ਜੇਮਜ਼ ਏ. ਕਿਰਕਪੈਟਰਿਕ ਨੇ ਕਰਵਾਈ ਸੀ। ਉਹ ਇੱਕ ਹੈਦਰਾਬਾਦੀ ਨਵਾਬਜ਼ਾਦੀ ਖ਼ੈਰ-ਉਨ-ਨਿਸਾ ਉੱਪਰ ਅਜਿਹਾ ਮੋਹਿਤ ਹੋਇਆ ਕਿ ਉਸ ਨਾਲ ਵਿਆਹ ਕਰਵਾ ਲਿਆ। ਖ਼ੈਰ-ਉਨ-ਨਿਸਾ ਦੀ ਮੰਗ ’ਤੇ ਉਸ ਨੇ ਮੁਸਲਿਮ ਪਹਿਰਾਵਾ ਅਪਣਾ ਲਿਆ ਅਤੇ ਗ਼ੋਰੇ ਮੁਗ਼ਲ ਵਾਂਗ ਪੇਸ਼ ਆਉਣ ਲੱਗਾ। ਦਰਅਸਲ, ਭਾਰਤ ਵਿੱਚ ਗ਼ੋਰੇ ਮੁਗ਼ਲ ਸ਼ਬਦ ਦਾ ਮੁੱਢ ਕਿਰਕਪੈਟਰਿਕ ਤੋਂ ਬੱਝਾ। ਉਂਜ, ਉਸ ਤੋਂ ਪਹਿਲਾਂ ਵੀ ਈਸਟ ਇੰਡੀਆ ਕੰਪਨੀ ਦੇ ਕਈ ਉੱਚ ਅਹਿਲਕਾਰਾਂ ਨਾਲ ਇਹ ਵਰਤਾਰਾ ਵਾਪਰ ਚੁੰਕਿਆ ਸੀ ਅਤੇ ਉਨ੍ਹਾਂ ਨੇ ਆਪਣੀਆਂ ਭਾਰਤੀ ‘ਮੇਮਸਾਹਿਬਾਂ’ ਦੀ ਖ਼ੁਸ਼ੀ ਲਈ ਭਾਰਤੀ, ਖ਼ਾਸ ਕਰਕੇ ਮੁਗ਼ਲਈ ਤੌਰ-ਤਰੀਕੇ ਅਤੇ ਤਰਜ਼-ਏ-ਜ਼ਿੰਦਗੀ ਅਪਣਾ ਲਈ ਸੀ।
1780ਵਿਆਂ ਵਿੱਚ ਇੱਕ ਸਮਾਂ ਤਾਂ ਅਜਿਹਾ ਆ ਗਿਆ ਸੀ ਜਦੋਂ ਭਾਰਤ ਵਿੱਚ ਤਾਇਨਾਤ ਬ੍ਰਿਟਿਸ਼ ਅਫ਼ਸਰਾਂ ਵਿੱਚੋਂ ਇੱਕ-ਤਿਹਾਈ ਦੀਆਂ ਜਾਂ ਤਾਂ ਭਾਰਤੀ ਬੀਵੀਆਂ ਸਨ ਅਤੇ ਜਾਂ ਫਿਰ ਉਹ ਭਾਰਤੀ ਅੌਰਤਾਂ ਨਾਲ ਰਹਿ ਰਹੇ ਸਨ। ਇਹ ਰੁਝਾਨ ਸਾਹਮਣੇ ਆਉਣ ’ਤੇ ਈਸਟ ਇੰਡੀਆ ਕੰਪਨੀ ਦੇ ਡਾਇਰੈਕਟਰ ਘਬਰਾ ਗਏ ਸਨ ਅਤੇ ਉਨ੍ਹਾਂ ਨੇ ਕੰਪਨੀ ਦੇ ਅਹਿਲਕਾਰਾਂ ਵੱਲੋਂ ਭਾਰਤੀ ਅੌਰਤਾਂ ਨਾਲ ਵਿਆਹਾਂ ਉੱਪਰ ਪਾਬੰਦੀ ਲਾਉਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ।
ਜੈੱਨਜ਼ ਨਿਕਲਸਨ ਤੋਂ ਕੈਪਟਨ ਨਿਕਲ ਸਿੰਘ

ਬ੍ਰਿਟਿਸ਼ ੲੀਸਟ ਇੰਡੀਆ ਕੰਪਨੀ ਦੇ ਅਹਿਲਕਾਰ ਸਿਰਫ਼ ਗ਼ੋਰੇ ਮੁਗ਼ਲਾਂ ਵਾਂਗ ਹੀ ਪੇਸ਼ ਨਹੀਂ ਆਏ ਸਗੋਂ ਹੋਰ ਹਿੰਦੋਸਤਾਨੀ ਧਰਮਾਂ ਦੀਆਂ ਰਹੁ-ਰੀਤਾਂ ਤੋਂ ਵੀ ਪ੍ਰਭਾਵਿਤ ਹੋਏ। 1850 ਵਿੱਚ ਪੰਜਾਬ ਦੇ ਹਜ਼ਾਰਾ ਜ਼ਿਲ੍ਹੇ (ਹੁਣ ਪਾਕਿਸਤਾਨ ਦੇ ਖ਼ੈਬਰ-ਪਖ਼ਤੂਨਖਵਾ ਸੂਬੇ ਦਾ ਹਿੱਸਾ) ਦਾ ਡਿਪਟੀ ਕਮਿਸ਼ਨਰ ਜੈੱਨਜ਼ ਨਿਕਲਸਨ ਪਠਾਣਾਂ ੳੁੱਪਰ ਸਿੱਖਾਂ ਦੇ ਦਬਦਬੇ ਤੋਂ ਪ੍ਰਭਾਵਿਤ ਹੋ ਕੇ ਸਿੱਖਾਂ ਵਾਂਗ ਪੱਗ ਬੰਨ੍ਹਣ ਲੱਗਾ ਅਤੇ ਦਾਡ਼੍ਹੀ ਵਧਾ ਲੲੀ। ੳੁਹ ਬਹੁਤ ਜਾਂਬਾਜ਼ ਅਫਸਰ ਸੀ। ਇਤਿਹਾਸਕਾਰ ਚਾਰਲਸ ਐਲਨ ਅਨੁਸਾਰ ਨਿਕਲਸਨ ਸਿੱਖਾਂ ਦੀ ਹਾਜ਼ਰੀ ਵਿੱਚ ਤੰਬਾਕੂ ਪੀਣ ਤੋਂ ਵੀ ਗੁਰੇਜ਼ ਕਰਦਾ ਸੀ। ਇਸ ਲੲੀ ਸਿੱਖ ੳੁਸ ਨੂੰ ਨਿਕਲ ਸਿੰਘ ਕਹਿਣ ਲੱਗੇ। ੳੁਹ 1857 ਦੇ ਸੰਗਰਾਮ ਸਮੇਂ ਸਿੱਖ ਫ਼ੌਜੀ ਦਸਤੇ ਦੀ ਅਗਵਾੲੀ ਕਰਦਿਆਂ ਲੋਡ਼ੋਂ ਵੱਧ ਜਾਂਬਾਜ਼ੀ ਦਿਖਾਉਂਦਿਆਂ ਸਖ਼ਤ ਜ਼ਖ਼ਮੀ ਹੋ ਗਿਆ ਅਤੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋਡ਼ ਗਿਆ। ੳੁਦੋਂ ੳੁਸ ਦਾ ਰੈਂਕ ਕਰਨਲ ਦਾ ਸੀ। ੳੁਸ ਦੀ ਕਬਰ ਪਹਾਡ਼ਗੰਜ ਸਥਿਤ ੲੀਸਾੲੀ ਕਬਰਿਸਤਾਨ ’ਚ ਮੌਜੂਦ ਹੈ।

ਗ਼ੋਰੇ ਮੁਗ਼ਲਾਂ ਨਾਲ ਜਾਣ-ਪਛਾਣ

ਹੈਦਰਾਬਾਦ ਵਿੱਚ ਬ੍ਰਿਟਿਸ਼ ਰੈਜ਼ੀਡੈਂਟ ਕਮਿਸ਼ਨਰ ਜੇਮਜ਼ ਕਿਰਕਪੈਟਰਿਕ ਤੋਂ ਇਲਾਵਾ 18ਵੀਂ ਸਦੀ ਦੌਰਾਨ ੲੀਸਟ ਇੰਡੀਆ ਕੰਪਨੀ ਦੇ ਜਿਨ੍ਹਾਂ ਹੋਰ ਅਫਸਰਾਂ ਨੇ ਮੁਸਲਿਮ ਘਰਾਣਿਆਂ ਵਿੱਚ ਵਿਆਹ ਕਰਵਾਏ ਅਤੇ ਮੁਗ਼ਲਾਂ ਵਰਗਾ ਜੀਵਨ ਗੁਜ਼ਾਰਨਾ ਚੁਣਿਆ, ੳੁਨ੍ਹਾਂ ਵਿੱਚ ਜਨਰਲ ਵਿਲੀਅਮ ਪਾਮਰ, ਸਰ ਸੈਮੂਅਲ ਰਸੈੱਲ ਅਤੇ ਟੌਮਸ ਕਾਰਲਾੲੀਲ ਸ਼ਾਮਲ ਸਨ। ਜਨਰਲ ਪਾਮਰ ਗਵਰਨਰ ਜਨਰਲ ਵਾਰੈੱਨ ਹੇਸਟਿੰਗਜ਼ ਦਾ ਨਿੱਜੀ ਮਿੱਤਰ ਸੀ, ਪਰ ੳੁਸ ਨੇ ਹੇਸਟਿੰਗਜ਼ ਵੱਲੋਂ ਅਵਧ ਦੀਆਂ ਬੇਗ਼ਮਾਂ ਤੋਂ ਕੀਤੀਆਂ ਨਾਜਾਇਜ਼ ਵਸੂਲੀਆਂ ਦਾ ਵਿਰੋਧ ਕੀਤਾ। ੳੁਸ ਵੱਲੋਂ ਕੲੀ ਵਾਰ ਭਾਰਤੀਆਂ ਦਾ ਪੱਖ ਲਏ ਜਾਣ ਤੋਂ ਨਾਖ਼ੁਸ਼ ਗਵਰਨਰ ਜਨਰਲ ਲਾਰਡ ਵੈੱਲਜ਼ਲੀ ਨੇ ੳੁਸ ਨੂੰ ਪੂਨਾ ਦੇ ਰੈਜ਼ੀਡੈਂਟ ਕਮਿਸ਼ਨਰ ਦੇ ਅਹੁਦੇ ਤੋਂ ਬਰਤਰਫ਼ ਕਰ ਦਿੱਤਾ। ਪਾਮਰ ਨੇ ਅਵਧ ਦੀ ਫ਼ੈਜ਼ੀ ਬਖ਼ਸ਼ ਬੇਗ਼ਮ ਨਾਲ ਵਿਆਹ ਕੀਤਾ। ਇਸ ਵਿਆਹ ਤੋਂ ੳੁਨ੍ਹਾਂ ਦੇ ਚਾਰ ਮੁੰਡੇ ਤੇ ਦੋ ਕੁਡ਼ੀਆਂ ਹੋੲੀਆਂ। ਮੁੰਡਿਆਂ ਵਿੱਚੋਂ ਵਿਲੀਅਮ ਪਾਮਰ ਬੈਂਕਰ ਸੀ ਜੋ ਹੈਦਰਾਬਾਦ ਵਿੱਚ ਜਾ ਵਸਿਆ। ਫ਼ੈਜ਼ੀ ਬੇਗ਼ਮ ੳੁਸ ਕੋਲ ਰਹਿੰਦੀ ਰਹੀ। ਹੈਦਰਾਬਾਦ ਦੇ ੳੁਚੇਰੇ ਹਲਕਿਆਂ ਵਿੱਚ ੳੁਹ ਜੇਮਜ਼ ਕਿਰਕਪੈਟਰਿਕ ਦੀ ਪਤਨੀ ਖ਼ੈਰ-ੳੁਨ-ਨਿੱਸਾ ਬੇਗ਼ਮ ਦੀ ਸਭ ਤੋਂ ਕਰੀਬੀ ਸਹੇਲੀ ਵਜੋਂ ਜਾਣੀ ਜਾਂਦੀ ਸੀ।
ਸਰ ਸੈਮੂਅਲ ਰਸੈੱਲ ੳੁੱਘੇ ਬ੍ਰਿਟਿਸ਼ ਅਕਾਦਮੀਸ਼ਨ ਜੌਹਨ ਰਸੈੱਲ ਦਾ ਪੁੱਤਰ ਸੀ। ੳੁਹ ਨਿਜ਼ਾਮ ਦੇ ਦਰਬਾਰ ਵਿੱਚ ਇੰਜਨੀਅਰ ਵਜੋਂ ਆਇਆ ਅਤੇ ਨਿਜ਼ਾਮ ਦੇ ਦਰਬਾਰੀ ਅਤਾ-ੳੁੱਲ-ਖ਼ਾਨ ਦੀ ਬੇਟੀ ਫ਼ਰਜ਼ਾਨਾ ’ਤੇ ਮੁਗਧ ਹੋ ਗਿਆ। ਪਤਾ ਲੱਗਣ ’ਤੇ ਨਿਜ਼ਾਮ ਨੇ ੳੁਸ ਦੇ ਵਿਆਹ ਲੲੀ ਸ਼ਰਤ ਰੱਖੀ ਕਿ ਇਸਲਾਮ ਧਾਰਨ ਕਰ ਲਵੇ। ਸੈਮੂਅਲ ਨੇ ਅਜਿਹਾ ਹੀ ਕੀਤਾ ਅਤੇ ਸ਼ਮਸ਼ੂਦੀਨ ਬਣ ਗਿਆ।
ਟੌਮਸ ਕਾਰਲਾੲੀਲ ਕਲਕੱਤਾ ਵਿੱਚ ਚਾਰਲਸ ਬਿੳੂਲਰ ਦੇ ਬੱਚਿਆਂ ਦੇ ਟਿੳੂਟਰ ਵਜੋਂ ਆਇਆ। ਬਿੳੂਲਰ ੳੁਸ ਸਮੇਂ ਗਵਰਨਰ ਜਨਰਲ ਦੇ ਦਫ਼ਤਰ ਵਿੱਚ ੳੁੱਚ ਅਹਿਲਕਾਰ ਸੀ (ਬਾਅਦ ਵਿੱਚ ੳੁਹ ਬ੍ਰਿਟਿਸ਼ ਪਾਰਲੀਮੈਂਟ ਦਾ ਮੈਂਬਰ ਵੀ ਬਣਿਆ)। ਕਾਰਲਾੲੀਲ, ਬਿੳੂਲਰ ਦੀ ਇੱਕ ਨੌਕਰਾਣੀ ਜ਼ੇਬੂਨਿਸਾ ੳੁੱਤੇ ਫ਼ਿਦਾ ਹੋ ਗਿਆ ਅਤੇ ੳੁਸ ਨਾਲ ਚੋਰੀ ਛਿਪੇ ਵਿਆਹ ਕਰ ਲਿਆ। ਵਿਆਹ ਦੀ ਅਸਲੀਅਤ ਸਾਹਮਣੇ ਆੳੁਣ ’ਤੇ ੳੁਸ ਨੂੰ ਟਿੳੂਟਰਸ਼ਿਪ ਤੋਂ ਹਟਾ ਦਿੱਤਾ ਗਿਆ, ਪਰ ਬਿੳੂਲਰ ਨੇ ੳੁਸ ’ਤੇ ਤਰਸ ਖਾਂਦਿਆਂ ੳੁਸ ਨੂੰ ਜੇਮਜ਼ ਕਿਰਕਪੈਟਰਿਕ ਕੋਲ ਹੈਦਰਾਬਾਦ ਭੇਜ ਦਿੱਤਾ। ਹੈਦਰਾਬਾਦ ਵਿੱਚ ਕਾਰਲਾੲੀਲ ਕਿਰਕਪੈਟਰਿਕ ਦੇ ਸਹਾਇਕ ਵਜੋਂ ਕੰਮ ਕਰਦਾ ਰਿਹਾ।

(ਵਿਲੀਅਮ ਡੈਲਰਿੰਪਲ ਦੀ ਕਿਤਾਬ ‘ਵਾੲੀਟ ਮੁਗ਼ਲਜ਼’ ਵਿੱਚੋਂ)

Posted in: ਰਾਸ਼ਟਰੀ