ਭਾਈ ਮੋਹਕਮ ਸਿੰਘ ਫਿਰ ਗ੍ਰਿਫਤਾਰ

By January 10, 2016 0 Comments


Bhai-Mohkam-Singhਅੰਮਿ੍ਤਸਰ, 9 ਜਨਵਰੀ – ਅੰਮਿ੍ਤਸਰ ਨੇੜੇ ਪਿੰਡ ਚੱਬਾ ਵਿਖੇ ਪਿਛਲੇ ਸਾਲ 10 ਨਵੰਬਰ ਨੂੰ ਹੋਏ ਸਰਬੱਤ ²ਖ਼ਾਲਸਾ ਦੇ ਮੁੱਖ ਪ੍ਰਬੰਧਕ ਤੇ ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੂੰ ਪੰਜਾਬ ਹਰਿਆਣਾ ਹਾਈਕੋਰਟ ਤੋਂ ਜਮਾਨਤ ਮਿਲਣ ਦੇ ਬਾਵਜੂਦ ਇਕ ਹੋਰ ਮਾਮਲੇ ‘ਚ ਗਿ੍ਫ਼ਤਾਰ ਕਰ ਲਿਆ ਗਿਆ ਹੈ | ਉਨ੍ਹਾਂ ਦੀ ਗਿ੍ਫ਼ਤਾਰੀ ਨਾਲ ਰਿਹਾਈ ਦੀਆਂ ਸੰਭਾਵਨਾਵਾਂ ਕਾਫ਼ੀ ਘਟ ਗਈਆਂ ਹਨ | ਅਦਾਲਤ ਨੇ ਵੀ ਇਸਤਗਾਸਾ ਪੱਖ ਦੀ ਬਹਿਸ ਸੁਣਨ ਤੋਂ ਬਾਅਦ ਭਾਈ ਮੋਹਕਮ ਸਿੰਘ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ | ਭਾਈ ਮੋਹਕਮ ਸਿੰਘ ਨੂੰ ਅੱਜ ਅੰਮਿ੍ਤਸਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ |

ਅੰਮਿ੍ਤਸਰ ਪੁਲਿਸ ਸ਼ਨੀਵਾਰ ਭਾਈ ਮੋਹਕਮ ਸਿੰਘ ਲੁਧਿਆਣਾ ਜੇਲ੍ਹ ‘ਚੋਂ ਪ੍ਰੋਡੈਕਸ਼ਨ ਵਾਰੰਟ ‘ਤੇ ਲੈ ਕੇ ਆਈ ਸੀ | ਅਦਾਲਤ ‘ਚ ਸਰਕਾਰੀ ਵਕੀਲ ਦਾ ਕਹਿਣਾ ਸੀ ਕਿ ਇਹ ਮਾਮਲਾ ਥਾਣਾ ਕੋਤਵਾਲੀ ‘ਚ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਸੀ ਤੇ ਇਸ ਮਾਮਲੇ ‘ਚ ਭਾਈ ਮੋਹਕਮ ਸਿੰਘ ਦੀ ਗਿ੍ਫ਼ਤਾਰੀ ਨਹੀਂ ਸੀ ਹੋਈ ਜਦਕਿ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਪੁਲਿਸ ਨੇ ਭਾਈ ਮੋਹਕਮ ਸਿੰਘ ਨੂੰ ਸਰਬੱਤ ਖ਼ਾਲਸਾ ਖਤਮ ਹੋਣ ਤੋਂ ਬਾਅਦ 10 ਨਵੰਬਰ ਦੀ ਰਾਤ ਹਿਰਾਸਤ ‘ਚ ਲੈ ਲਿਆ ਸੀ ਜਦਕਿ ਦੀਵਾਲੀ ਉਸ ਤੋਂ ਅਗਲੇ ਦਿਨ 11 ਨਵੰਬਰ ਨੂੰ ਸੀ |

ਜੇਕਰ 10 ਨਵੰਬਰ ਨੂੰ ਉਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਸੀ ਤਾਂ ਉਹ 11 ਨਵੰਬਰ ਦੀ ਸ਼ਾਮ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਵੇਂ ਚਲੇ ਗਏ | ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਭਾਈ ਮੋਹਕਮ ਸਿੰਘ ਨੂੰ ਦੇਸ਼ ਧਰੋਹ ਦੇ ਜਿਸ ਮਾਮਲੇ ‘ਚ ਨਾਮਜ਼ਦ ਕੀਤਾ ਸੀ, ਉਸ ‘ਚੋਂ ਉਨ੍ਹਾਂ ਨੂੰ ਬੀਤੇ ਦਿਨੀਂ ਹਾਈਕੋਰਟ ਵੱਲੋਂ ²ਜਮਾਨਤ ਮਿਲ ਚੁੱਕੀ ਹੈ | ਨਿਆਇਕ ਮੈਜਿਸਟ੍ਰੇਟ ਨਵਦੀਪ ਗਿੱਲ ਦੀ ਅਦਾਲਤ ਨੇ ਦੋਵਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਭਾਈ ਮੋਹਕਮ ਸਿੰਘ ਨੂੰ ਦੋ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ | ਭਾਈ ਗੁਰਦੀਪ ਸਿੰਘ ਬਠਿੰਡਾ ਦੇ ਮੁਚਲਕੇ ਨਹੀਂ ਭਰੇ ਜਾ ਸਕੇ¸ਹਾਈਕੋਰਟ ਨੇ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਵੀ ਦੇਸ਼ਧ੍ਰੋਹ ਮਾਮਲੇ ‘ਚ ਜ਼ਮਾਨਤ ਪ੍ਰਦਾਨ ਕੀਤੀ ਹੋਈ ਹੈ | ਉਨ੍ਹਾਂ ਦੇ ਜਮਾਨਤੀ ਮੁਚਲਕੇ ਭਰਨ ਲਈ ਭਾਈ ਜਸਬੀਰ ਸਿੰਘ ਮੰਡਿਆਲਾ ਅਦਾਲਤ ਪਹੁੰਚੇ ਹੋਏ ਸਨ, ਪਰ ਕਿਸੇ ਕਾਰਨ ਕਰਕੇ ਉਨ੍ਹਾਂ ਦੇ ਜਮਾਨਤੀ ਮੁਚਲਕੇ ਨਹੀਂ ਭਰੇ ਜਾ ਸਕੇ | ਮੁਚਲਕੇ ਨਾ ਭਰੇ ਜਾਣ ਕਾਰਨ ਭਾਈ ਗੁਰਦੀਪ ਸਿੰਘ ਬਠਿੰਡਾ ਦੀ ਰਿਹਾਈ ਫਿਲਹਾਲ ਸੰਭਵ ਨਹੀਂ |