ਸੁਖਬੀਰ ਦੀ ਵਾਅਦਾਖ਼ਿਲਾਫ਼ੀ ਤੋਂ ਸਨਅਤਕਾਰ ਖ਼ਫ਼ਾ

By January 9, 2016 0 Comments


sukhbirਲੁਧਿਆਣਾ, 9 ਜਨਵਰੀ-ਸੂਬੇ ਦੇ ਸਨਅਤਕਾਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਵਾਰ-ਵਾਰ ਸਨਅਤਾਂ ਨੂੰ ਬਚਾਉਣ ਖਾਤਰ ਕੀਤੇ ਜਾਣ ਵਾਲੇ ਵਾਅਦਿਆਂ ਦੇ ਪੂਰਾ ਨਾ ਹੋਣ ਕਾਰਨ ਪ੍ਰੇਸ਼ਾਨ ਹਨ। ਸਨਅਤਕਾਰਾਂ ਦਾ ਦੋਸ਼ ਹੈ ਕਿ ਪੰਜਾਬ ਦੀ ਸਨਅਤ ਨੂੰ ਮੁਸ਼ਕਲ ਦੌਰ ਵਿੱਚ ਛੱਡ ਕੇ ਉਪ ਮੁੱਖ ਮੰਤਰੀ ਵਿਦੇਸ਼ ਦੀ ਸੈਰ ’ਤੇ ਚਲੇ ਗਏ ਹਨ।

ਸਨਅਤਕਾਰਾਂ ਨੇ ਦੋਸ਼ ਲਾਏ ਕਿ ਪਿਛਲੀ 3 ਦਸੰਬਰ ਨੂੰ ਚੰਡੀਗੜ੍ਹ ਵਿੱਚ ਸੂਬੇ ਦੇ ਮੰਤਰੀਆਂ ਅਤੇ ਵਪਾਰੀਆਂ ਦੇ ਸਾਹਮਣੇ ਉਪ ਮੁੱਖ ਮੰਤਰੀ ਨੇ ਕਿਹਾ ਸੀ ਕਿ 30 ਦਿਨਾਂ ਅੰਦਰ ਉਹ ਸੂਬੇ ਦੀ ਮੌਜੂਦਾ ਇੰਡਸਟਰੀ ਨੂੰ ‘ਮੇਕ ਇਨ ਪੰਜਾਬ’ ਨੀਤੀ ਦੇਣਗੇ ਇਸ ਤੋਂ ਪਹਿਲਾਂ ਵਪਾਰ ਅਤੇ ਉਦਯੋਗ ਮੰਤਰੀ ਮਦਨ ਮੋਹਨ ਮਿੱਤਲ ਨੇ 15 ਦਸੰਬਰ ਤੱਕ ਸੂਬੇ ਦੀ ਸਥਾਈ ਇੰਡਸਟਰੀ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਸੀ ਪਰ ਸਮੇਂ ਦੇ ਨਾਲ ਉਪ ਮੁੱਖ ਮੰਤਰੀ ਅਤੇ ਵਪਾਰ ਮੰਤਰੀ ਦੇ ਐਲਾਨ ਹਵਾ ਹੋ ਗਏ।

ਫਾਸਟਨਰ ਸਪਾਲਰਸ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਰਾਜ ਕੁਮਾਰ ਸਿੰਗਲਾ ਅਨੁਸਾਰ ਸੂਬੇ ਦੀ ਇੰਡਸਟਰੀ ਵੈਟ ਰਿਫੰਡ ਦੀ ਸਮੱਸਿਆ, ਜ਼ਿਆਦਾ ਪਾਵਰ ਟੈਰਿਫ਼ ਅਤੇ ਹਵਾਈ ਅੱਡੇ ਤੋਂ ਦੂਰ ਹੋਣ ਕਾਰਨ ਲਗਾਤਾਰ ਮਾਰ ਖਾ ਰਹੀ ਹੈ। ਇਸ ਤੋਂ ਇਲਾਵਾ ਪ੍ਰਬੰਧ ਅਤੇ ਅਫ਼ਸਰਸ਼ਾਹੀ ਭਾਰੂ ਹੈ। ਇਨ੍ਹਾਂ ਸਮੱਸਿਆਵਾਂ ਨੂੰ ਸਰਕਾਰ ਦੇ ਸਾਹਮਣੇ ਲਗਾਤਾਰ ਲਿਆਂਦਾ ਜਾ ਰਿਹਾ ਹੈ ਪਰ ਸਰਕਾਰ ਨੇ ਇੰਡਸਟਰੀ ਨੂੰ ਬੇਕਾਰ ਦੇ ਇੰਡਸਟਰੀਅਲ, ਟੈਂਡਰਸ ਬੋਰਡ ਅਤੇ ਫਾਲਤੂ ਦੀਆਂ ਕਮੇਟੀਆਂ ਦੇਣ ਤੋਂ ਇਲਾਵਾ ਕੁਝ ਨਹੀਂ ਕੀਤਾ। ਪੰਜਾਬ ਸਪਿਨਰਸ ਐਸੋਸੀਏਸ਼ਨ ਦੇ ਪ੍ਰਧਾਨ ਮਦਨ ਮੋਹਨ ਵਿਆਸ ਅਨੁਸਾਰ ਸੂਬੇ ਦੀ ਇੰਡਸਟਰੀ ਵੈਟ ਦਰ ਅਤੇ ਪਾਵਰ ਟੈਰਿਫ਼ ਘੱਟ ਕਰਨ ਦੀ ਮੰਗ ਕਰ ਰਹੀ ਹੈ ਜਦਕਿ ਸਰਕਾਰ ਤੋਂ ਵਪਾਰਕ ਇਨਫ਼ਰਾਸਟਰੱਕਚਰ ਬਿਹਤਰ ਬਣਾਉਣ ਦੀ ਲਗਤਾਰ ਮੰਗ ਕੀਤੀ ਜਾ ਰਹੀ ਹੈ।

Posted in: ਪੰਜਾਬ