ਆਟਾ-ਦਾਲ ਤੋਂ ਗ਼ਰੀਬ ਹੋਏ ਵਾਂਝੇ; ਹਾਕਮ ਚਹੇਤਿਆਂ ਦੇ ਪੱਖ ਪੂਰਨ ’ਚ ਉਲਝੇ

By January 9, 2016 0 Comments


ਜਗਰਾਉਂ, 9 ਜਨਵਰੀ-ਨੀਲੇ ਕਾਰਡ ਧਾਰਕਾਂ ਲਈ ਸ਼ੁਰੂ ਕੀਤੀ ਗਈ ਕਣਕ ਤੇ ਦਾਲ ਸਕੀਮ ਤਹਿਤ ਸ਼ਹਿਰ ਦੇ ਕੁਝ ਹਿੱਸਿਆਂ ’ਚ ਸਪਲਾਈ ਬੰਦ ਹੋਣ ਦੇ ਵਿਰੋਧ ਵਿੱਚ ਅੱਜ ਇਥੇ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਲਾਭਪਾਤਰੀਆਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਯੂਨੀਅਨ ਵੱਲੋਂ ਵਿੱਢੇ ਸੰਘਰਸ਼ ਤੋਂ ਬਾਅਦ ਕਣਕ ਤੇ ਦਾਲ ਦੀ ਲਗਭਗ ਇੱਕ ਸਾਲ ਤੋਂ ਬੰਦ ਸਪਲਾਈ ਮੁੜ ਸ਼ੁਰੂ ਕਰ ਦਿੱਤੀ ਗਈ ਸੀ ਪਰ ਜਗਰਾਉਂ ਸ਼ਹਿਰ ਦੇ ਅਗਵਾੜ ਡਾਲਾ, ਫਿਲੀ ਗੇਟ ਤੇ ਰਾਣੀ ਵਾਲਾ ਖੂਹ ਦੇ ਲਾਭਪਾਤਰੀ ਇਸ ਤੋਂ ਅਜੇ ਵੀ ਵਾਂਝੇ ਹਨ।

ਇਸੇ ਕਾਰਨ ਅੱਜ ਇਨ੍ਹਾਂ ਅਗਵਾੜਾਂ ਦੇ ਲੋੜਵੰਦ ਲੋਕਾਂ ਨੇ ਜਥੇਬੰਦੀ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ 51 ਫ਼ੀਸਦੀ ਜਾਇਦਾਦ ’ਤੇ ਸਿਰਫ਼ 1 ਫ਼ੀਸਦੀ ਲੋਕ ਕਾਬਜ਼ ਹਨ। ਇਸ ਆਰਥਿਕ ਪਾੜੇ ਕਾਰਨ ਦੇਸ਼ ਦੇ 80 ਫ਼ੀਸਦੀ ਲੋਕ 20 ਰੁਪਏ ਵਿੱਚ ਗੁਜ਼ਾਰਾ ਕਰਨ ਲਈ ਮਜਬੂਰ ਹਨ। ਦੇਸ਼ ਦੇ ਦਲਾਲ ਹਾਕਮ ਇਨ੍ਹਾਂ ਗਰੀਬ ਲੋਕਾਂ ਨੂੰ ਆਰਥਿਕ ਤੇ ਸਮਾਜਿਕ ਤੌਰ ’ਤੇ ਉੱਚਾ ਚੁੱਕਣ ਦੀ ਬਜਾਏ ਡੰਗ ਟਪਾਉਣ ਦੇ ਲਾਰੇ ਦੀ ਨੀਤੀ ’ਤੇ ਚੱਲ ਰਹੇ ਹਨ। ਇਸ ਮੌਕੇ ਮਜ਼ਦੂਰ ਆਗੂ ਪ੍ਰੀਤਮ ਸਿੰਘ ਤੇ ਜਗਸੀਰ ਸਿੰਘ ਨੇ ਦੱਸਿਆ ਕਿ ੲਿਨ੍ਹਾਂ ਅਗਵਾੜਾਂ ਨਾਲ ਸਬੰਧਤ ਡਿੱਪੂ ਹੋਲਡਰਾਂ ਦਾ ਕਣਕ ਘਪਲੇ ਨਾਲ ਸਬੰਧਤ ਹੋਣ ਕਾਰਨ ਰਾਸ਼ਨ ਸਪਲਾਈ ’ਤੇ ਰੋਕ ਸੀ।

ਜਥੇਬੰਦੀ ਦੇ ਦਖਲ ਤੋਂ ਬਾਅਦ ਹੋਰ ਡਿੱਪੂ ਹੋਲਡਰਾਂ ਨੂੰ ਰਾਸ਼ਨ ਵੰਡਣ ਦੀ ਡਿਊਟੀ ਦਿੱਤੀ ਗਈ ਸੀ ਪਰ ਸੱਤਾਧਾਰੀ ਅਕਾਲੀ ਦਲ ਦੇ ਆਗੂ ਆਪੋ ਆਪਣੇ ਚਹੇਤੇ ਡਿੱਪੂ ਹੋਲਡਰਾਂ ਨੂੰ ਇਹ ਸਪਲਾਈ ਦੇਣਾ ਚਾਹੁੰਦੇ ਸਨ ਜਿਸ ਕਾਰਨ ਰਾਸ਼ਨ ਵੰਡਣ ਦਾ ਅਮਲ ਰੋਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਕਮਾਂ ਦੀ ਆਪਸੀ ਖਹਿਬਾਜ਼ੀ ਦਾ ਖਮਿਆਜ਼ਾ ਗਰੀਬ ਲੋਕ ਭੁਗਤ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਆਗੂਆਂ ਦੀਆਂ ਛਤਰ ਛਾਇਆ ਹੇਠ ਡਿੱਪੂ ਹੋਲਡਰ 50 ਕਿਲੋ ਕਣਕ ਦੇ ਗੱਟੇ ਪਿੱਛੇ 700 ਗ੍ਰਾਮ ਦੀ ਕਾਟ ਕੱਟ ਰਹੇ ਹਨ ਅਤੇ ਬਾਰਦਾਨਾ ਨਾ ਜਮ੍ਹਾਂ ਕਰਵਾਉਣ ’ਤੇ 10 ਰੁਪਏ ਪ੍ਰਤੀ ਬੋਰੀ ਕੱਟ ਰਹੇ ਹਨ। ਜਥੇਬੰਦੀ ਅਤੇ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਦੋ ਦਿਨਾਂ ਦੇ ਅੰਦਰ ਰਾਸ਼ਨ ਦੀ ਸਪਲਾਈ ਚਾਲੂ ਨਾ ਕੀਤੀ ਗਈ ਤਾਂ ਉਹ ਫੂਡ ਸਪਲਾਈ ਦਫ਼ਤਰ ਦਾ ਘਿਰਾਓ ਕਰਨਗੇ। ਇਸ ਰੋਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਅੌਰਤਾਂ ਵੀ ਸ਼ਾਮਲ ਹੋਈਆਂ।

Posted in: ਪੰਜਾਬ