ਮਨਪ੍ਰੀਤ ਬਾਦਲ ਵੱਲੋਂ ਪਾਰਟੀ ਰਣਨੀਤੀ ਦਾ ਖ਼ੁਲਾਸਾ 13 ਨੂੰ

By January 9, 2016 0 Comments


manpreet badalਸ੍ਰੀ ਮੁਕਤਸਰ ਸਾਹਿਬ, 9 ਜਨਵਰੀ-ਮਨਪ੍ਰੀਤ ਬਾਦਲ ਦੇ ਆਮ ਆਦਮੀ ਪਾਰਟੀ ਤੇ ਕਾਂਗਰਸ ਵਿੱਚ ਜਾਣ ਦੀਆਂ ਕਨਸੋਆਂ ਦਾ ਜਵਾਬ 13 ਜਨਵਰੀ ਨੂੰ ਸ੍ਰੀ ਬਾਦਲ ਖ਼ੁਦ ਮੁਕਤਸਰ ਵਿਖੇ ਦੇਣਗੇ। ਉਨ੍ਹਾਂ ਨੇ ਇਸ ਸਬੰਧੀ ਮੁਕਤਸਰ ਵਿਖੇ ਆਪਣੇ ਰਿਸ਼ਤੇਦਾਰ ਅਤੇ ਪੀਪੀਪੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਹਨੀ ਫੱਤਣਵਾਲਾ ਦੇ ਘਰ ਪਾਰਟੀ ਵਰਕਰਾਂ ਦੀ ਮੀਟਿੰਗ ਸੱਦੀ ਹੈ। ਸੂਤਰਾਂ ਅਨੁਸਾਰ ਇਸ ਮੌਕੇ ਉਹ ਆਪਣੀ ਭਵਿੱਖ ਦੀ ਸਿਆਸੀ ਯੋਜਨਾ ਬਾਰੇ ਸਲਾਹ ਕਰ ਕੇ ਫ਼ੈਸਲਾ ਲੈਣਗੇ, ਜਿਸ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਵੀ ਰਣਨੀਤੀ ਤੈਅ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਮਾਘੀ ਮੇਲੇ ਹੋਣ ਵਾਲੀਆਂ ਕਾਨਫ਼ਰੰਸਾਂ ਸਬੰਧੀ ਹਾਲੇ ਤੱਕ ਪੀਪੀਪੀ ਵੱਲੋਂ ਕੋਈ ਫ਼ੈਸਲਾ ਨਹੀਂ ਲਿਆ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਪਾਰਟੀ ਖ਼ੁਦ ਕਾਨਫ਼ਰੰਸ ਕਰਦੀ ਰਹੀ ਹੈ। ਜ਼ਿਕਰਯੋਗ ਹੈ ਕਿ ਪੀਪੀਪੀ ਦੇ ਬਹੁਤੇ ਵਰਕਰ ਤੇ ਕਈ ਆਗੂ ਮੁਕਤਸਰ ਵਿਖੇ ਹੋਣ ਵਾਲੀਆਂ ਕਾਂਗਰਸ ਪਾਰਟੀ ਦੀਆਂ ਅਹਿਮ ਮੀਟਿੰਗਾਂ ਵਿੱਚ ਸ਼ਾਮਲ ਵੀ ਹੁੰਦੇ ਰਹੇ ਹਨ।

ਪਾਰਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਨੀ ਫੱਤਣਵਾਲਾ ਨੇ ਦੱਸਿਆ ਕਿ 13 ਜਨਵਰੀ ਦੀ ਮੀਟਿੰਗ ਵਿੱਚ ਪਾਰਟੀ ਦੀ ਯੋਜਨਾ ਦਾ ਖ਼ੁਲਾਸਾ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮੀਟਿੰਗ ਵਿੱਚ ਕਾਨਫ਼ਰੰਸ ਵਰਗਾ ਹੀ ਇਕੱਠ ਹੋਵੇਗਾ। ਮੀਟਿੰਗ ਲੲੀ ਪਾਰਟੀ ਵਰਕਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਇਸ ਮੌਕੇ ਬੋਹੜ ਸਿੰਘ ਹਰਾਜ, ਪ੍ਰੀਤਪਾਲ ਉਦੇਕਰਨ, ਗੁਰਜਿੰਦਰ ਸਿੰਘ ਬਰਾੜ, ਰੋਬੀ ਬਰਾੜ, ਖੜਕ ਸਿੰਘ, ਅਮਰਦੀਪ ਸਿੰਘ, ਪੰਮਾ ਗਿੱਲ, ਪਰਮਜੀਤ ਸਿੰਘ ਗਿੱਲ ਆਦਿ ਮੌਜੂਦ ਸਨ।

Posted in: ਪੰਜਾਬ