15 ਜਨਵਰੀ ਨੂੰ ਲੁਧਿਆਣਾ ਵਿਖੇ ਪੰਥਕ ਜਥੇਬੰਦੀਆ ਪੰਜ ਪਿਆਰਿਆ ਦਾ ਕਰਨਗੀਆ ਸਨਮਾਨ

By January 9, 2016 0 Comments


ਸੁਖਬੀਰ ਸਿੰਘ ਬਾਦਲ ਦਾ ਬਾਈਕਾਟ ਕਰਨ ਬਾਰੇ ਕੀਤੀਆ ਵਿਚਾਰਾਂ

ਅੰਮ੍ਰਿਤਸਰ 9 ਜਨਵਰੀ (ਜਸਬੀਰ ਸਿੰਘ) ਪੰਜਾਬ ਦੀ ਹਾਕਮ ਧਿਰ ਦੇ ਵਿਰੋਧ ਵਿੱਚ ਪੰਥਕ ਜਥੇਬੰਦੀਆ ਨੇ ਪੰਜ ਪਿਆਰਿਆ ਦੀ ਅਗਵਾਈ ਤੇ ਸ੍ਰੀ ਗੁਰ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠ ਮੀਟਿੰਗ ਕਰਕੇ ਸ਼ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਦਾ ਬਾਈਕਾਟ ਕਰਨ ਦਾ ਸੱਦਾ ਦਿੰਦਿਆ ਫੈਸਲਾ ਕੀਤਾ ਕਿ 15 ਜਨਵਰੀ ਨੂੰ ਸ਼੍ਰੋਮਣੀ ਕਮੇਟੀ ਵੱਲੋ ਬਰਖਾਸਤ ਕੀਤੇ ਗਏ ਪੰਜ ਪਿਆਰਿਆ ਦਾ ਸਨਮਾਨ ਲੁਧਿਆਣਾ ਵਿਖੇ ਸ਼ਕਤੀ ਪ੍ਰਦਰਸ਼ਨ ਕਰਕੇ ਕੀਤਾ ਜਾਵੇਗਾ।
ਸਥਾਨਕ ਹੂਸੈਨਪੁਰਾ ਦੇ ਗੁਰੂਦੁਆਰਾ ਸਿੰਘ ਸਭਾ ਵਿਖੇ ਕੀਤੀ ਗਈ ਮੀਟਿੰਗ ਵਿੱਚ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਪੰਥਕ ਸਫਾਂ ਵਿੱਚ ਆਈ ਗਿਰਾਵਟ ਨੂੰ ਖਤਮ ਕਰਨ ਲਈ ਤਖਤਾਂ ਦੇ ਜਥੇਦਾਰਾਂ ਦਾ ਬਾਈਕਾਟ ਕਰਨ ਦਾ ਸੱਦਾ ਦੇਣ ਵਾਲੇ ਸ਼੍ਰੋਮਣੀ ਕਮੇਟੀ ਵੱਲੋ ਬਰਖਾਸਤ ਕੇਤੇ ਗਏ ਪੰਜ ਪਿਆਰਿਆ ਦੀ ਅਗਵਾਈ ਵਿੱਚ ਤੇ ਸ੍ਰੀ ਗਰੰਥ ਸਾਹਿਬ ਦੀ ਹਜੂਰੀ ਵਿੱਚ ਮਤਾ ਪਾਸ ਕਰਕੇ ਫੈਸਲਾ ਕੀਤਾ ਗਿਆ ਕਿ ਪੰਜ ਪਿਆਰਿਆ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾਵੇਗੀ ਅਤੇ 15 ਜਨਵਰੀ ਨੂੰ ਪੰਜਾਬ ਦੇ ਮਾਨਚੈਸਟਰ ਵਜੋਂ ਜਾਣੇ ਜਾਂਦੇ ਅਤੇ ਸ਼੍ਰੋਮਣੀ ਕਮੇਟੀ ਦੇ ਨਿੱਜੀ ਸ਼ਹਿਰ ਲੁਧਿਆਣਾ ਵਿਖੇ ਪੰਜ ਪਿਆਰਿਆ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਪੰਥਕ ਜਥੇਬੰਦੀਆ ਕਿਸੇ ਗੁਰੂਦੁਆਰੇ ਵਿੱਚ ਸਰਕਾਰ ਵਿਰੁੱਧ ਮੁਹਿੰਮ ਛੇੜਣ ਦਾ ਐਲਾਨ ਕਰਨਗੀਆ।
ਸਮਾਗਮ ਨੂੰ ਸੰਬੋਧਨ ਕਰਦਿਆ ਖਾੜਕੂ ਸੁਰ ਰੱਖਣ ਵਾਲੀ ਸ਼੍ਰੋਮਣੀ ਕਮੇਟੀ ਮੈਬਰ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਪੰਜ ਪਿਆਰਿਆ ਦੀ ਬਰਖਾਸਤਗੀ ਸਾਰੇ ਅਸੂਲ ਤੇ ਨਿਯਮ ਛਿੱਕੇ ਟੰਗ ਕੇ ਕੀਤੀ ਗਈ ਹੈ ਜਦ ਕਿ ਪੰਜ ਪਿਆਰਿਆ ਨੇ ਉਸ ਵੇਲੇ ਹਾਅ ਦਾ ਨਾਅਰਾ ਮਾਰਿਆ ਜਦੋਂ ਸਾਰੇ ਪੰਜਾਬ ਵਿੱਚ ਅਫਰਾ ਤਫਰੀ ਫੈਲੀ ਹੋਈ ਸੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ ਤੇ ਬੇਅਦਬੀ ਹੋ ਰਹੀ ਸੀ। ਉਹਨਾਂ ਕਿਹਾ ਕਿ ਉਹ ਪੰਜ ਪਿਆਰਿਆ ਦੀ ਬਰਖਾਸਤਗੀ ਦੀ ਮੁਜ਼ੱਮਤ ਕਰਦੇ ਹਨ ਤੇ ਪੰਜ ਪਿਆਰਿਆ ਨੂੰ ਆਪਣੀ ਰਾਇ ਦਿੰਦੇ ਹਨ ਕਿ ਉਹਨਾਂ ਨੂੰ ਅਦਾਲਤ ਦਾ ਦਰਵਾਜਾ ਖੜਕਾ ਕੇ ਆਪਣੀ ਬਹਾਲੀ ਕਰਵਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇਕਰ ਪੰਜ ਪਿਆਰੇ ਬਹਾਲ ਹੋ ਜਾਂਦੇ ਹਨ ਤੇ ਇਹਨਾਂ ਦੀ ਬਰਖਾਸਤਗੀ ਕਰਨ ਤੇ ਕਰਾਉਣ ਵਾਲਿਆ ਦੇ ਧੋਤੇ ਮੂੰਹ ਤੇ ਚਪੇੜ ਆਪਣੇ ਆਪ ਹੀ ਵੱਜ ਜਾਵੇਗੀ।
ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਪੰਜ ਪਿਆਰਿਆ ਦੀ ਬਰਖਾਸਤਗੀ ਪੂਰੀ ਤਰ•ਾ ਕਾਇਦੇ ਕਨੂੰਨਾਂ ਦੀ ਉਲੰਘਣਾ ਕਰਕੇ ਕੀਤੀ ਗਈ ਹੈ ਜਿਸ ਨੂੰ ਲੈ ਕੇ ਦੁਨੀਆ ਭਰ ਦੇ ਸਿੱਖਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿਹੜੀਆ ਸੰਸਥਾਵਾਂ ਜਾਂ ਜਥੇਬੰਦੀਆ ਗੁਰਮਤਿ ਸਮਾਗਮਾਂ ਦੌਰਾਨ ਅੰਮ੍ਰਿਤ ਸੰਚਾਰ ਲਈ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੋ ਪੰਜ ਪਿਆਰੇ ਬੁਲਾਉਦੀਆ ਸਨ ਹੁਣ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਬਰਖਾਸਤ ਕੀਤੇ ਪੰਜ ਪਿਆਰਿਆ ਨੂੰ ਹੀ ਬੁਲਾਉਣ। ਉਹਨਾਂ ਕਿਹਾ ਕਿ ਸਰਕਾਰ ਤੇ ਨਿਜ਼ਾਮ ਵਿਰੋਧੀ ਜਥੇਬੰਦੀਆ ਜੇਕਰ ਇੱਕ ਹੋ ਜਾਣ ਤਾਂ ਨਿਜ਼ਾਮ ਨੂੰ ਬਦਲਣਾ ਕੋਈ ਔਖਾ ਨਹੀ ਹੈ।
ਹਾਲ ਵਿੱਚ ਬਰਖਾਸਤ ਕੀਤੇ ਗਏ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ• ਨੇ ਸਮੂਹ ਪੰਥਕ ਜਥੇਬੰਦੀਆ ਨੂੰ ਸੱਦਾ ਦਿੰਦਿਆ ਕਿਹਾ ਕਿ ਉਹਨਾਂ ਦੇ ਸਾਹਮਣੇ ਦੋ ਵੱਡੀਆ ਚੁਨੌਤੀਆ ਹਨ ਜਿਹਨਾਂ ਨੂੰ ਹੱਲ ਕਰਨ ਲਈ ਏਕਤਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਅਕਾਲੀ ਸਰਕਾਰ ਪੰਥਕ ਸਰਕਾਰ ਨਹੀ ਸਗੋ ਪੰਥ ਵਿਰੋਧੀ ਸਰਕਾਰ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਜਿੰਨਾ ਚਿਰ ਤੱਕ ਬਾਦਲਾਂ ਦਾ ਬੋਰੀਆ ਬਿਸਤਰਾ ਸ਼੍ਰੋਮਣੀ ਕਮੇਟੀ ਤੇ ਪੰਜਾਬ ਸਰਕਾਰ ਵਿੱਚੋ ਗੋਲ ਨਹੀ ਕੀਤਾ ਜਾਂਦਾ ਉਨਾ ਚਿਰ ਤੱਕ ਕੌਮ ਦੀ ਭਲਾਈ ਦੀ ਕੋਈ ਆਸ ਨਹੀ ਰੱਖੀ ਜਾਣੀ ਚਾਹੀਦੀ। ਉਹਨਾਂ ਕਿਹਾ ਕਿ ਉਹਨਾਂ ਦੀ ਰਾਇ ਹੈ ਕਿ ਪੰਜ ਪਿਆਰਿਆ ਨੇ ਜਿਸ ਤਰੀਕੇ ਨਾਲ ਤਖਤਾਂ ਦੇ ਗੁਲਾਮ ਜਥੇਦਾਰਾਂ, ਮੱਕੜ ਤੇ ਮੁੱਖ ਸਕੱਤਰ ਦੇ ਬਾਈਕਾਟ ਦਾ ਸੱਦਾ ਕੌਮ ਨੂੰ ਦਿੱਤਾ ਹੈ ਉਸੇ ਤਰ•ਾ ਹੀ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੇ ਬਾਦਲ ਪਰਿਵਾਰ ਦੇ ਬਾਈਕਾਟ ਦਾ ਵੀ ਸੱਦਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਪੰਥਕ ਕਦਰਾਂ ਕੀਮਤਾਂ ਦੀ ਬਹਾਲੀ ਲਈ ਪੰਥਕ ਧਿਰਾਂ ਨੂੰ ਵੱਡੀ ਪੱਧਰ ਤੇ ਮੁਹਿੰਮ ਵਿੱਢਣੀ ਪਵੇਗੀ।
ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਦੇ ਮੈਂਬਰ ਸ੍ਰ ਮੰਗਲ ਸਿੰਘ ਸੰਧੂ ਨੇ ਕਿਹਾ ਕਿ ਉਹਨਾਂ ਨੇ ਪਹਿਲੀ ਜਨਵਰੀ ਵਾਲੇ ਦਿਨ ਜਦੋ ਪੰਜ ਪਿਆਰਿਆ ਨੂੰ ਬਰਖਾਸਤ ਕਰਨ ਦਾ ਫੈਸਲਾ ਲਿਆ ਜਾ ਰਿਹਾ ਸੀ ਤਾਂ ਉਹਨਾਂ ਨੇ ਆਪਣੇ ਸਾਥੀ ਸ੍ਰ ਭਜਨ ਸਿੰਘ ਸ਼ੇਰਗਿੱਲ ਨਾਲ ਮਿਲ ਤੇ ਪੰਜ ਪਿਆਰਿਆ ਦੀ ਬਰਖਾਸਤਗੀ ਦਾ ਵਿਰੋਧ ਕੀਤਾ ਸੀ ਤੇ ਮੀਟਿੰਗ ਵਿੱਚ ਕਿਹਾ ਸੀ ਕਿ ਇਹ ਫੈਸਲਾ ਕਾਰਜਕਰਨੀ ਕਮੇਟੀ ਦਾ ਨਹੀ ਸਗੋਂ ਸੁਖਬੀਰ ਸਿੰਘ ਬਾਦਲ ਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਪੰਥ ਨੂੰ ਅਜ਼ਾਦ ਕਰਾਉਣ ਪੰਜਾਬ ਵਿੱਚੋ ਬਾਦਲ ਮਾਰਕਾ ਅਖੌਤੀ ਅਕਾਲੀ ਦਲ ਖਤਮ ਕਰਨਾ ਪਵੇਗਾ। ਉਹਨਾਂ ਕਿਹਾ ਕਿ ਲੋਕ ਤਾਂ ਸਿਰਫ 2017 ਵੱਲ ਹੀ ਵੇਖ ਰਹੇ ਤੇ ਬਾਦਲਾਂ ਲਈ ਵਿਧਾਨ ਸਭਾ ਚੋਣਾਂ ਫੈਸਲਾਕੁੰਨ ਹੋਣਗੀਆ।
ਅਕਾਲੀ ਦਲ1920 ਦੇ ਸੀਨੀਅਰ ਮੀਤ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਸ੍ਰ ਰਘਬੀਰ ਸਿੰਘ ਰਾਜਾਸਾਂਸੀ ਨੇ ਕਿਹਾ ਕਿ ਪੰਜ ਪਿਆਰਿਆ ਨੂੰ ਕਿਸੇ ਇੱਕ ਧੜੇ ਨਾਲ ਸਬੰਧਿਤ ਹੋਣ ਦੀ ਬਜਾਏ ਸਮੁੱਚੀ ਕੌਮ ਦੀ ਅਗਵਾਈ ਕਰਨੀ ਪਵੇਗੀ। ਉਹਨਾਂ ਕਿਹਾ ਕਿ ਇਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੂੰ ਅਜਾਦ ਕਰਾਉਣ ਤੇ ਪੰਥਕ ਸਿਧਾਂਤ ਬਹਾਲ ਕਰਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਮੇਤ ਬਾਦਲ ਪਰਿਵਾਰ ਦੇ ਬਾਈਕਾਟ ਦਾ ਸੱਦਾ ਦੇਣ ਦੇ ਨਾਲ ਨਾਲ ਉਹਨਾਂ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਦੇ ਮੈਂਬਰਾਂ ਦਾ ਵੀ ਬਾਈਕਾਟ ਕੀਤਾ ਜਾਵੇ ਜਿਹਨਾਂ ਨੇ ਪੰਜ ਪਿਆਰਿਆ ਨੂੰ ਬਰਖਾਸਤ ਕਰਨ ਲਈ ਸਰਕਾਰੀ ਹੁਕਮਾਂ ਦੀ ਤਾਮੀਲ ਕੀਤੀ ਹੈ।
ਇਸੇ ਤਰ•ਾ ਬਾਕੀ ਬੁਲਾਰਿਆ ਨੇ ਪੰਜ ਪਿਆਰਿਆ ਦੀ ਰੋਟੀ ਰੋਜ਼ੀ ਦੀ ਬਾਰੇ ਦੇ ਬੰਦੋਬਸਤ ਕਰਨ ਬਾਰੇ ਵੀ ਆਪਣੀ ਰਾਇ ਦਿੱਤੀ ਪਰ ਪੰਜ ਪਿਆਰਿਆ ਭਾਈ ਸਤਿਨਾਮ ਸਿੰਘ ਖੰਡਾ, ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ ਝਿੰਜੀਆ, ਭਾਈ ਤਰਲੋਕ ਸਿੰਘ ਤੇ ਭਾਈ ਮੰਦਲ ਸਿੰਘ ਨੇ ਕਿਹਾ ਕਿ ਉਹਨਾਂ ਨੇ ਜਿਹੜਾ ਵੀ ਫੈਸਲਾ ਵੀ ਲਿਆ ਹੈ ਕਿਸੇ ਵੀ ਦਬਾਅ ਹੇਠ ਨਹੀ ਸਗੋ ਗੁਰਮਤਿ ਸਿਧਾਂਤ ਤੇ ਪੰਥਕ ਪੀੜਾ ਨੂੰ ਮੁੱਖ ਰੱਖ ਕੇ ਲਿਆ ਹੈ। ਪੰਜ ਪਿਆਰਿਆ ਨੇ ਭਰੋਸਾ ਦਿੱਤਾ ਕਿ ਉਹ ਸਮੁੱਚੀ ਕੌਮ ਨੂੰ ਇੱਕਮੁੱਠ ਕਰਨ ਲਈ ਹਰ ਪ੍ਰਕਾਰ ਦੇ ਯਤਨ ਕਰਨਗੇ। ਮੀਟਿੰਗ ਨੂੰ ਅਕਾਲ ਪੁਰਖ ਕੀ ਫੌਜ ਦੀ ਮੁੱਖ ਸੇਵਾਦਾਰ ਤੇ ਚੀਫ ਖਾਲਸਾ ਦੀਵਾਨ ਦੇ ਮੈਂਬਰ ਐਡਵੋਕੇਟ ਜਸਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।