ਬੰਦੀ ਸਿੰਘ ਭਾਈ ਹਰਦੀਪ ਸਿੰਘ 20 ਸਾਲ ਤੋਂ ਜ਼ਿਆਦਾ ਜੇਲ ਕੱਟਣ ਤੋਂ ਬਾਅਦ ਰਿਹਾਅ

By January 8, 2016 0 Comments


hardeep singhਅੰਮਿ੍ਤਸਰ 8 ਜਨਵਰੀ – ਪੰਜਾਬ ‘ਚ ਖਾੜਕੂਵਾਦ ਦੌਰਾਨ ਲੱਗੇ ਟਾਡਾ ਐਕਟ ਤਹਿਤ ਆਪਣੀ ਜਵਾਨੀ ਦੇ 20 ਵਰ੍ਹੇ ਤੋਂ ਵੱਧ ਕੇਂਦਰੀ ਜ਼ੇਲ੍ਹ ‘ਚ ਬਿਤਾਅ ਚੁੱਕੇ ਸਾਬਕਾ ਖਾੜਕੂ ਭਾਈ ਹਰਦੀਪ ਸਿੰਘ ਪੱਟੀ ਨੂੰ ਅੱਜ ਸ਼ਾਮ ਇਥੇ ਕੇਂਦਰੀ ਜ਼ੇਲ੍ਹ ਗੁੰਮਟਾਲਾ ਤੋਂ ਰਿਹਾਅ ਕਰ ਦਿੱਤਾ ਗਿਆ | ਦੱਸਣਯੋਗ ਹੈ ਕਰੀਬ 22 ਵਰੇ ਪਹਿਲਾਂ ਹਰਦੀਪ ਸਿੰਘ ਪੁੱਤਰ ਸ: ਪਵਿੱਤਰ ਸਿੰਘ ਨੂੰ ਟਾਡਾ ਐਕਟ ਤਹਿਤ ਪੁਲਿਸ ਵੱਲੋਂ ਫੜ੍ਹਦਿਆਂ 1993 ‘ਚ ਜੇਲ੍ਹ ਬੰਦ ਕਰ ਦਿੱਤਾ ਸੀ | ਇਸੇ ਦੌਰਾਨ ਚੱਲੇ ਮੁਕੱਦਮੇ ‘ਚ ਉਨ੍ਹਾਂ ਨੂੰ ਅਦਾਲਤ ਵੱਲੋਂ 1997 ‘ਚ ਉਮਰ ਕੈਦ ਦੀ ਸਜਾ ਸੁਣਾਈ ਸੀ | ਭਾਈ ਹਰਦੀਪ ਸਿੰਘ ਦੀ ਸਜਾ ਮੁਕਤੀ ਦਾ ਮਾਮਲਾ ਸਿੱਖ ਕੈਦੀਆਂ ਦੀ ਰਿਹਾਈ ਲਈ ਜਾਰੀ ਸੰਘਰਸ਼ ਤਹਿਤ ਬਣੀ 118 ਸਿੱਖ ਕੈਦੀਆਂ ਦੀ ਸੂਚੀ ‘ਚ ਸ਼ਾਮਲ ਸੀ ਅਤੇ ਕਰੀਬ 22 ਵਰਿ੍ਹਆਂ ਤੋਂ ਬਾਅਦ ਇਨ੍ਹਾਂ ਦੀ ਰਿਹਾਈ ਹੋਈ ਹੈ | ਕੈਦ ਦੌਰਾਨ ਭਾਈ ਹਰਦੀਪ ਸਿੰਘ ਆਪਣਾ ਮਾਂ-ਬਾਪ ਗੁਆ ਚੁਕੇ ਹਨ ਅਤੇ ਉਨ੍ਹਾਂ ਦੀ ਪਤਨੀ ਦੋ ਪੁੱਤਰਾਂ ਨਾਲ ਔਖਿਆਈ ਭਰਿਆ ਜੀਵਨ ਬਤੀਤ ਕਰ ਰਹੀ ਹੈ | ਜੇਲ੍ਹ ਦੀ ਬੈਰਕ ਨੰਬਰ ਪੰਜ ਦੀ ਤਿੰਨ ‘ਚ ਬੰਦ ਭਾਈ ਹਰਦੀਪ ਸਿੰਘ ਪੈਰੋਲ ‘ਤੇ 28 ਦਿਨਾਂ ਦੀ ਛੁੱਟੀ ‘ਤੇ ਸੀ, ਜੋ ਅੱਜ ਛੁੱਟੀ ਕੱਟ ਕੇ ਜਿਉਂ ਹੀ ਕੇਂਦਰੀ ਜੇਲ੍ਹ ਪੁੱਜੇ ਤਾਂ ਅਧਿਕਾਰੀਆਂ ਵੱਲੋਂ ਉਨ੍ਹਾਂ ਸਬੰਧਿਤ ਲੋੜੀਂਦੀ ਕਾਰਵਾਈ ਪੂਰੀ ਹੋਣ ‘ਤੇ ਸ਼ਾਮ ਪੰਜ ਵਜੇ ਦੇ ਕਰੀਬ ਜੇਲ੍ਹ ਤੋਂ ਰਿਹਾਅ ਕਰ ਦਿੱਤਾ | ਇਸ ਦੀ ਪੁਸ਼ਟੀ ਜੇਲ੍ਹ ਸੁਪਰਡੈਂਟ ਸ੍ਰੀ ਐਸ. ਕੇ. ਸ਼ਰਮਾ ਵੱਲੋਂ ਕੀਤੀ ਗਈ |