ਐੱਸ.ਪੀ. ਸਲਵਿੰਦਰ ਸਿੰਘ ‘ਤੇ ਧੋਖੇ ਨਾਲ ਦੂਜਾ ਵਿਆਹ ਕਰਾਉਣ ਦਾ ਦੋਸ਼

By January 8, 2016 0 Comments


salvinderਟਾਂਡਾ ਉੜਮੁੜ, 8 ਜਨਵਰੀ- ਪਠਾਨਕੋਟ ਵਿਖੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੇ ਚੁੰਗਲ ਤੋਂ ਬਚੇ ਕੇਂਦਰੀ ਏਜੰਸੀਆਂ ਦੀ ਜਾਂਚ ਦਾ ਸਾਹਮਣਾ ਕਰ ਰਹੇ ਐਸ. ਪੀ. ਸਲਵਿੰਦਰ ਸਿੰਘ ‘ਤੇ ਸਥਾਨਕ ਵਾਰਡ ਨੰ: 2 ਮੁਹੱਲਾ ਬਾਰਾਂਦਰੀ ਨਿਵਾਸੀ ਕਰਨਜੀਤ ਕੌਰ ਨੇ ਧੋਖੇ ਨਾਲ ਦੂਜਾ ਵਿਆਹ ਕਰਵਾਉਣ ਦਾ ਦੋਸ਼ ਲਾਇਆ ਹੈ | ਉਨ੍ਹਾਂ ਦੱਸਿਆ ਕਿ ਸਲਵਿੰਦਰ ਸਿੰਘ ਤੋਂ ਉਸ ਦੇ ਇੱਕ ਬੇਟਾ ਏਗਨ ਸਹਿਲਪ੍ਰੀਤ ਸਿੰਘ ਵੀ ਹੈ | ਕਰਨਜੀਤ ਕੌਰ ਨੇ ਕਿਹਾ ਕਿ ਸਲਵਿੰਦਰ ਸਿੰਘ ਨੇ ਉਸ ਨਾਲ ਕੀਤੇ ਵਿਆਹ ਦੇ ਸਾਰੇ ਸਬੂਤ ਮਿਟਾ ਦਿੱਤੇ ਤੇ ਆਪਣੇ ਪ੍ਰਭਾਵ ਕਾਰਨ ਉਸ ਦੀ ਪੁਲਿਸ ਅਧਿਕਾਰੀਆਂ ਪਾਸੋਂ ਕੋਈ ਸੁਣਵਾਈ ਨਹੀਂ ਹੋਣ ਦਿੱਤੀ | ਕਰਨਜੀਤ ਨੇ ਆਪਣੇ ਬੇਟੇ ਦਾ ਹੱਕ ਤੇ ਉਸ ਨਾਲ ਕੀਤੇ ਧੋਖੇ ਦੀ ਸਜ਼ਾ ਦੁਆਉਣ ਲਈ ਸਲਵਿੰਦਰ ਸਿੰਘ ਤੇ ਉਸ ਦੇ ਬੇਟੇ ਦਾ ਡੀ. ਐਨ. ਏ. ਟੈਸਟ ਕਰਵਾਉਣ ਲਈ ਮੁੱਖ ਮੰਤਰੀ ਤੇ ਪੁਲਿਸ ਮੁਖੀ ਤੋਂ ਮੰਗ ਕੀਤੀ ਹੈ | ਕਰਨਜੀਤ ਨੇ ਕਿਹਾ ਕਿ ਹੁਸ਼ਿਆਰਪੁਰ ‘ਚ ਆਪਣੀ ਸਹੇਲੀ ਦੇ ਜ਼ਰੀਏ 1994 ‘ਚ ਏ. ਐਸ. ਆਈ ਰਹੇ ਸਲਵਿੰਦਰ ਸਿੰਘ ਦੇ ਸੰਪਰਕ ‘ਚ ਆਈ ਸੀ ਤੇ 9 ਅਪੈ੍ਰਲ 1994 ‘ਚ ਆਪਣੇ ਮਾਤਾ ਪਿਤਾ ਦੀ ਮੌਜੂਦਗੀ ‘ਚ ਗੁਰਦੁਆਰਾ ਸ਼ਹੀਦਾਂ (ਜਲੰਧਰ) ‘ਚ ਉਸ ਨਾਲ ਵਿਆਹ ਕਰਵਾਇਆ ਸੀ | ਡਿਊਟੀ ਦੌਰਾਨ ਸਲਵਿੰਦਰ ਸਿੰਘ ਨੇ ਡੇਰਾ ਬਾਬਾ ਨਾਨਕ ਤੇ ਸ੍ਰੀ ਹਰਗੋਬਿੰਦਪੁਰ ਵਿਖੇ ਉਸ ਨੂੰ ਆਪਣੇ ਨਾਲ ਰੱਖਿਆ | ਉਹ ਅਲੱਗ-ਅਲੱਗ ਥਾਵਾਂ ਤੇ ਐੱਸ. ਐੱਚ. ਓ. ਦੇ ਅਹੁਦੇ ‘ਤੇ ਰਹਿੰਦੇ ਹੋਏ ਉਸ ਨਾਲ ਰਹਿੰਦੀ ਰਹੀ ਤੇ ਸਲਵਿੰਦਰ ਸਿੰਘ ਟਾਂਡਾ ‘ਚ ਵੀ ਲਗਾਤਾਰ ਉਸ ਨਾਲ ਰਿਹਾ | 21 ਸਤੰਬਰ 1999 ਨੂੰ ਉਸ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਤੇ ਜਦ ਉਹ 9 ਮਹੀਨੇ ਦਾ ਸੀ ਤਾਂ ਉਹ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ | ਉਸ ਸਮੇਂ ਸਲਵਿੰਦਰ ਸਿੰਘ ਨੇ ਉਸ ਦੇ ਚਾਚਾ ਨੂੰ ਫ਼ੋਨ ‘ਤੇ ਦੱਸਿਆ ਕਿ ਉਹ ਪਹਿਲਾਂ ਤੋਂ ਸ਼ਾਦੀਸ਼ੁਦਾ ਹੈ ਅਤੇ ਉਸ ਦੇ ਪਹਿਲੇ ਵਿਆਹ ਤੋਂ 2 ਬੇਟੀਆਂ ਤੇ ਇੱਕ ਬੇਟਾ ਹੈ | 2013 ‘ਚ ਉਸ ਵੱਲੋਂ ਕੀਤੀ ਸ਼ਿਕਾਇਤ ‘ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ | ਵਧੀਕ ਡਾਇਰੈਕਟਰ ਜਨਰਲ ਪੁਲਿਸ ਨੇ 26 ਅਗਸਤ 2013 ਨੂੰ ਉਸ ਸਮੇਂ ਜਦੋਂ ਸਲਵਿੰਦਰ ਸਿੰਘ ਡੀ.ਐਸ.ਪੀ. ਸੀ, ਦੇ ਿਖ਼ਲਾਫ਼ ਸ਼ਿਕਾਇਤ ਕਰਨ ‘ਤੇ ਡੀ. ਆਈ. ਜੀ. ਦਫ਼ਤਰ ਪੀ. ਏ. ਪੀ. ਜਲੰਧਰ ਬੁਲਾਇਆ ਸੀ | ਉਸ ਦੇ ਬਾਅਦ ਪੁਲਿਸ ਨੇ ਉਸ ਦੇ ਮੁਹੱਲੇ ‘ਚ ਆ ਕੇ ਤਫ਼ਤੀਸ਼ ਕਰਕੇ ਲੋਕਾਂ ਦੇ ਬਿਆਨ ਕਲਮਬੰਦ ਕੀਤੇ ਸੀ ਪਰ ਉਸ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ | ਪੁਲਿਸ ਦੇ ਸਾਹਮਣੇ ਸਲਵਿੰਦਰ ਸਿੰਘ ਉਸ ਨੂੰ ਪਤਨੀ ਮੰਨਣ ਤੋਂ ਇਨਕਾਰ ਕਰਦਾ ਰਿਹਾ ਹੈ | ਉਸ ਨੇ ਕਿਹਾ ਕਿ ਉਹ ਆਪਣੇ ਜਰਮਨ ਰਹਿੰਦੇ ਭਰਾ ਦੇ ਘਰ ‘ਚ ਰਹਿ ਰਹੀ ਹੈ | ਉਹ ਆਰਥਿਕ ਪੱਖੋਂ ਤੰਗ ਹੋਣ ਕਾਰਨ ਅਦਾਲਤ ‘ਚ ਕੇਸ ਨਹੀਂ ਕਰ ਸਕੀ ਅਤੇ ਮੁਸ਼ਕਿਲ ਨਾਲ ਆਪਣੇ ਬੇਟੇ ਨੂੰ ਪੜ੍ਹਾ ਰਹੀ ਹੈ |

ਸਬੰਧਿਤ ਇਕ ਔਰਤ ਵੱਲੋਂ ਐਸ.ਪੀ. ਸਲਵਿੰਦਰ ਸਿੰਘ ‘ਤੇ ਲਗਾਏ ਗਏ ਦੋਸ਼ਾਂ ਦੇ ਸਬੰਧ ‘ਚ ਐਸ.ਪੀ. ਸਲਵਿੰਦਰ ਸਿੰਘ ਨੇ ਕਿਹਾ ਕਿ ਇਹ ਔਰਤ ਪਹਿਲਾਂ ਵੀ ਉਸ ਦੇ ਅਕਸ ਨੂੰ ਖਰਾਬ ਕਰਨ ਲਈ ਬੇਬੁਨਿਆਦ ਦੋਸ਼ ਲਗਾ ਚੁੱਕੀ ਹੈ | ਇਸ ਔਰਤ ਵੱਲੋਂ ਕੀਤੀ ਗਈ ਸ਼ਿਕਾਇਤ ਦੀ ਜਾਂਚ ਉਚ ਅਧਿਕਾਰੀਆਂ ਨੇ ਕੀਤੀ ਸੀ | ਜਿਸ ‘ਚ ਇਹ ਔਰਤ ਖ਼ੁਦ ਝੂਠੀ ਪਾਈ ਗਈ ਸੀ | ਹੁਣ ਮੁੜ ਮੇਰੇ ਨਾਲ ਵਾਪਰੀ ਵੱਡੀ ਘਟਨਾ ਅਤੇ ਕੁੱਝ ਲੋਕਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਦਾ ਫਾਇਦਾ ਲੈਣ ਲਈ ਇਸ ਔਰਤ ਨੇ ਦੁਬਾਰਾ ਸਾਜਿਸ਼ ਰਚਣੀ ਸ਼ੁਰੂ ਕਰ ਦਿੱਤੀ ਹੈ | ਪਰ ਉਹ ਅਜਿਹੀਆਂ ਅਫਵਾਹਾਂ ਫੈਲਾਉਣ ਵਾਲੇ ਅਤੇ ਇਸ ਔਰਤ ਖਿਲਾਫ ਅਦਾਲਤ ‘ਚ ਮਾਣਹਾਨੀ ਦਾ ਕੇਸ ਦਾਇਰ ਕਰਨਗੇ |