ਪੰਜ ਪਿਆਰਿਆਂ ਵੱਲੋਂ ‘ਸਰਬੱਤ ਖਾਲਸਾ’ ਸੰਸਥਾ ਨੂੰ ਪੁਨਰ ਸੁਰਜੀਤ ਕਰਨ ਦਾ ਸੱਦਾ

By January 7, 2016 0 Comments


ਅੰਮਿ੍ਤਸਰ, 7 ਜਨਵਰੀ : ਪੰਥਕ ਵਿਵਾਦਾਂ ਦੇ ਚੱਲਦਿਆਂ ਬੀਤੀ 2 ਜਨਵਰੀ ਨੂੰ ਤਖਤ ਸਾਹਿਬਾਨ ਦੇ ਜਥੇਦਾਰਾਂ ਨਾਲ ਸਮਾਜਿਕ ਅਲਿਹਦਗੀ ਦਾ ਸੱਦਾ ਦੇਣ ਮਗਰੋਂ ਰੂਪੋਸ਼ ਹੋ ਗਏ ਪੰਜ ਪਿਆਰਿਆਂ ਵੱਲੋਂ ਅੱਜ ਮੁੜ ਵਾਪਸੀ ਕਰਦਿਆਂ ਜਿਥੇ ਵੱਖ-ਵੱਖ ਸਿੱਖ ਧਿਰਾਂ ਵੱਲੋਂ ਉਨ੍ਹਾਂ ਦੇ ਆਦੇਸ਼ ਨੂੰ ਮਿਲੇ ਸਹਿਯੋਗ ਦਾ ਧੰਨਵਾਦ ਕੀਤਾ ਉਥੇ ਪੰਜਾਂ ਦੇ ਹਸਤਾਖਰਾਂ ਹੇਠ ਇਕ ਹੋਰ ਗੁਰਮੱਤਾ ਜਾਰੀ ਕਰਦਿਆਂ ਸਿੱਖ ਕੌਮ ਨੂੰ ਪੰਥ ਦੇ ਵਡੇਰੇ ਹਿੱਤਾਂ ਖਾਤਰ ‘ਸਰਬੱਤ ਖਾਲਸਾ’ ਦੀ ਪ੍ਰੰਪਰਾ ਮੁੜ ਬਹਾਲ ਕਰਨ ਦਾ ਸੱਦਾ ਦਿੱਤਾ |

ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਮੰਗਲ ਸਿੰਘ, ਭਾਈ ਤਰਲੋਕ ਸਿੰਘ, ਭਾਈ ਸਤਿਨਾਮ ਸਿੰਘ, ਭਾਈ ਮੇਜਰ ਸਿੰਘ ਨੇ ਜਾਰੀ ਬਿਆਨ ਰਾਹੀਂ ਕਿਹਾ ਕਿ ਮੌਜੂਦਾ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰਦੁਆਰਾ ਸਾਹਿਬਾਨ ਨੂੰ ਰਾਜਨੀਤਿਕ ਪ੍ਰਭਾਵ ‘ਚੋਂ ਕੱਢਣਾਂ ਬਹੁਤ ਜਰੂਰੀ ਹੈ | ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲੇ ਲੈਣ ਦੀ ਜੁਗਤ ਬਾਰੇ ਸਰਬੱਤ ਖਾਲਸਾ ਸੰਸਥਾ ਦੀ ਮੁੜ ਸੁਰਜੀਤੀ ਦਾ ਸੱਦਾ ਦਿੱਤਾ, ਪਰ ਇਸ ਸੰਸਥਾ ਦੀ ਬਣਤਰ ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ ਤੇ ਸਿੱਖਾਂ ਦੀ ਨੁਮਾਇੰਦਗੀ ਤਹਿਤ ਹੋਣੀ ਲਾਜ਼ਮੀ ਦੱਸੀ | ਪੰਜ ਪਿਆਰਿਆਂ ਨੇ ਕਿਹਾ ਕਿ ਉਹ ਸਮੁੱਚੀ ਸਿੱਖ ਕੌਮ ਦੇ ਸੇਵਾਦਾਰ ਹਨ ਤੇ ਕਿਸੇ ਖਾਸ ਸੰਪਰਦਾ, ਸੰਸਥਾ, ਜਥੇ ਜਾਂ ਰਾਜਸੀ ਧਿਰ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ | ਪੰਜ ਪਿਆਰਿਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਤੇ ਸਿੱਖ ਰਹਿਤ ਮਰਿਆਦਾ ਅਧੀਨ ਸ਼ਬਦ ਗੁਰੂ ਪ੍ਰਚਾਰ ਤੇ ਅੰਮਿ੍ਤ ਸੰਚਾਰ ਜਾਰੀ ਰੱਖਿਆ ਜਾਵੇਗਾ |