ਸੰਗਰੂਰ ਵਿੱਚ ਢੀਂਡਸਾ ਦੀ ਕੋਠੀ ਅੱਗੇ ਆਤਮ ਹੱਤਿਆ ਦੀ ਕੋਸ਼ਿਸ਼

By January 5, 2016 0 Comments


dਸੰਗਰੂਰ, 5 ਜਨਵਰੀ-ਇਥੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਕੋਠੀ ਅੱਗੇ ਆਪਣੀ ਨੌਕਰੀ ਬਚਾਉਣ ਲਈ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਅਰਥ ਅਤੇ ਅੰਕੜਾ ਕੰਟਰੈਕਟ ਕਰਮਚਾਰੀ ਯੂਨੀਅਨ ਦੇ ਇੱਕ ਆਗੂ ਕੁਲੲਿੰਦਰਜੀਤ ਸਿੰਘ ਨੇ ਆਪਣੇ ਉਪਰ ਮਿੱਟੀ ਦਾ ਤੇਲ ਪਾ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਯੂਨੀਅਨ ਵਰਕਰਾਂ ਵੱਲੋਂ ਉਸ ਨੂੰ ਬਚਾਅ ਲਿਆ। ਆਤਮਦਾਹ ਦੀ ਕੋਸ਼ਿਸ਼ ਕਰਨ ਵਾਲੇ ਯੂਨੀਅਨ ਆਗੂ ਨੇ ਚਿਤਾਵਨੀ ਦਿੱਤੀ ਹੈ ਕਿ ਜੇ 10 ਜਨਵਰੀ ਤੱਕ ਯੂਨੀਅਨ ਨੂੰ ਪੈਨਲ ਮੀਟਿੰਗ ਦਾ ਸਮਾਂ ਨਾ ਦਿੱਤਾ ਤਾਂ 11 ਜਨਵਰੀ ਨੂੰ ਉਹ ਇਸੇ ਕੋਠੀ ਅੱਗੇ ਆਤਮਦਾਹ ਕਰਨਗੇ, ਜਿਸ ਦੀ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵੱਲੋਂ ਵਿੱਤ ਮੰਤਰੀ ਦਾ ਪੁਤਲਾ ਅਤੇ ਲਾਰਿਆਂ ਦੀ ਪੰਡ ਫ਼ੂਕਦਿਆਂ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿਚਕਾਰ ਕੁੱਝ ਖਿੱਚ-ਧੂਹ ਵੀ ਹੋਈ।

ਪੰਜਾਬ ਭਰ ਤੋਂ ਅਰਥ ਅਤੇ ਅੰਕੜਾ ਕੰਟਰੈਕਟ ਕਰਮਚਾਰੀ ਆਪਣੀ ਨੌਕਰੀ ਬਚਾਉਣ ਲੲੀ ਇਥੇ ਵਿੱਤ ਮੰਤਰੀ ਦੀ ਕੋਠੀ ਅੱਗੇ ਪ੍ਰਦਰਸ਼ਨ ਕਰਨ ਪੁੱਜੇ ਸਨ। ਇਥੇ ਬਨਾਸਰ ਬਾਗ ’ਚ ਇਕੱਠੇ ਹੋਣ ਮਗਰੋਂ ਜਿਉਂ ਹੀ ਪ੍ਰਦਰਸ਼ਨਕਾਰੀ ਮਾਰਚ ਕਰਦੇ ਹੋਏ ਸ੍ਰੀ ਢੀਂਡਸਾ ਦੀ ਕੋਠੀ ਨਜ਼ਦੀਕ ਪੁੱਜੇ ਤਾਂ ਪੁਲੀਸ ਨੇ ਸਖ਼ਤ ਨਾਕੇਬੰਦੀ ਕਰਕੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਇਥੇ ਮੰਤਰੀ ਦਾ ਪੁਤਲਾ ਫ਼ੂਕਣ ਮੌਕੇ ਯੂਨੀਅਨ ਦੇ ਮੀਤ ਸਕੱਤਰ ਕੁਲਇੰਦਰਜੀਤ ਸਿੰਘ ਨੇ ਆਪਣੇ ਉਪਰ ਮਿੱਟੀ ਦਾ ਤੇਲ ਪਾ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਕਿ ਉਹ ਆਪਣੇ ਆਪ ਨੂੰ ਅੱਗ ਦੇ ਹਵਾਲੇ ਕਰਦਾ ਤਾਂ ਉਸ ਦੇ ਸਾਥੀਅਾਂ ਨੇ ਉਸ ਨੂੰ ਤੁਰੰਤ ਫੜ ਲਿਆ। ਪੁਲੀਸ ਵੀ ਉਸ ਵੱਲ ਦੌੜੀ ਪਰ ਸਾਥੀਆਂ ਨੇ ਪਹਿਲਾਂ ਹੀ ਉਸ ਨੂੰ ਰੋਕ ਦਿੱੱਤਾ।

ਯੂਨੀਅਨ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਫ਼ਾਜ਼ਿਲਕਾ ਨੇ ਕਿਹਾ ਕਿ ਅਰਥ ਅਤੇ ਅੰਕੜਾ ਕੰਟਰੈਕਟ ਕਰਮਚਾਰੀ ਚਾਰ ਸਾਲਾਂ ਤੋਂ ਸੇਵਾਵਾਂ ਨਿਭਾਅ ਰਹੇ ਹਨ ਪਰ ਹੁਣ ਸਰਕਾਰ ਵੱਲੋਂ ਫੰਡ ਨਾ ਹੋਣ ਦਾ ਬਹਾਨਾ ਬਣਾ ਕੇ 29 ਫਰਵਰੀ ਤੋਂ ਨੌਕਰੀ ਤੋਂ ਕੱਢਣ ਦਾ ਫੈਸਲਾ ਕਰ ਲਿਆ ਹੈ। ਉਨ੍ਹਾਂ ਸੁਅਾਲ ਕੀਤਾ ਕਿ ਜਦੋਂ ਸਿਰਫ਼ 106 ਕਰਮਚਾਰੀਆਂ ਲਈ ਸਰਕਾਰ ਕੋਲ ਫੰਡ ਨਹੀਂ ਤਾਂ ਇੱਕ ਲੱਖ ਵੀਹ ਹਜ਼ਾਰ ਨਵੀਂ ਭਰਤੀ ਲਈ ਫੰਡ ਕਿੱਥੋਂ ਆਵੇਗਾ ? ਉਨ੍ਹਾਂ ਦੱਸਿਆ ਕਿ 27 ਅਗਸਤ 2015 ਨੂੰ ਵਿੱਤ ਮੰਤਰੀ ਨੇ ੳੁਨ੍ਹਾਂ ਨੂੰ ਪੱਕੇ ਕਰਨ ਦਾ ਭਰੋਸਾ ਦਿੱਤਾ ਸੀ ਪਰ ਵਿਭਾਗ ਨੇ ਆਊਟ ਸੋਰਸਿੰਗ ਰਾਹੀਂ 41 ਕਰਮਚਾਰੀ ਭਰਤੀ ਕਰ ਲਏ ਹਨ। ਉਨ੍ਹਾਂ ਦੱਸਿਆ ਕਿ 27 ਨਵੰਬਰ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ 5 ਦਸੰਬਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਭਵਨ ਵਿੱਚ ਹੋਈ ਮੀਟਿੰਗ ਦੌਰਾਨ ਭਰੋਸਾ ਦਿੱਤਾ ਸੀ ਕਿ ੳੁਨ੍ਹਾਂ ਨੂੰ ਨੌਕਰੀ ਤੋਂ ਨਹੀਂ ਕੱਢਿਆ ਜਾਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ, ਨਵਪ੍ਰੀਤ ਕੌਰ, ਹਰਵਿੰਦਰ ਸਿੰਘ ਤੇ ਹਰਸ਼ ਕੁਮਾਰ ਨੇ ਵੀ ਸੰਬੋਧਨ ਕੀਤਾ।

Posted in: ਪੰਜਾਬ