ਗੋਦ ਲਏ ਪਿੰਡਾਂ ਨੂੰ ਪਾਲਣ ਲਈ ਗਰਾਂਟਾਂ ਮੰਗਣਗੇ ਸੰਸਦ ਮੈਂਬਰ

By January 5, 2016 0 Comments


dhindsaਚੰਡੀਗੜ੍ਹ, 5 ਜਨਵਰੀ – ਕੇਂਦਰੀ ਪੰਚਾਇਤ ਤੇ ਪੇਂਡੂ ਵਿਕਾਸ ਮੰਤਰੀ ਚੌਧਰੀ ਬੀਰੇਂਦਰ ਸਿੰਘ ਨੇ ਸੰਸਦੀ ਮੈਂਬਰਾਂ ਵੱਲੋਂ ਗੋਦ ਲਏ ਪਿੰਡਾਂ ਦੇ ਵਿਕਾਸ ਬਾਰੇ ਵਿਚਾਰ ਵਟਾਂਦਰੇ ਲਈ ਉੱਤਰੀ ਭਾਰਤ ਦੇ ਪੰਜ ਸੂਬਿਆਂ ਦੇ ਸੰਸਦੀ ਮੈਂਬਰਾਂ ਨਾਲ ਸੱਤ ਜਨਵਰੀ ਨੂੰ ਮੀਟਿੰਗ ਸੱਦ ਲਈ ਹੈ। ਇਸ ਬੈਠਕ ਵਿੱਚ ਸੰਸਦ ਮੈਂਬਰ ਗੋਦ ਲਏ ਪਿੰਡਾਂ ਦੇ ਵਿਕਾਸ ਲਈ ਕੇਂਦਰ ਸਰਕਾਰ ਨੂੰ ਹੋਰ ਪੈਸੇ ਦੇਣ ਜਾਂ ਵੱਖਰੇ ਤੌਰ ’ਤੇ ਗਰਾਂਟ ਦਾ ਪ੍ਰਬੰਧ ਕਰਨ ਲਈ ਕਹਿਣਗੇ। ਜਾਣਕਾਰੀ ਅੁਨਸਾਰ ਕੇਂਦਰੀ ਮੰਤਰੀ ਨੇ ਦੇਹਰਾਦੂੁਨ ਵਿੱਚ ਪੰਜਾਬ, ਹਰਿਆਣਾ, ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਸੱਦੀ ਹੈ।ਜਾਣਕਾਰੀ ਅਨੁਸਾਰ ਗੋਦ ਲਏ ਪਿੰਡਾਂ ਦੇ ਵਿਕਾਸ ’ਤੇ ਹੁਣ ਤਕ ਸੰਸਦ ਮੈਂਬਰ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਖ਼ਰਚ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਪਿੰਡਾਂ ਦੇ ਵਿਕਾਸ ਲਈ ਵੱਖਰੇ ਤੌਰ ’ਤੇ ਕੋਈ ਪੈਸਾ ਨਹੀਂ ਦਿੱਤਾ ਜਾ ਰਿਹਾ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਮੀਟਿੰਗ ਵਿੱਚ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਪਿੰਡਾਂ ਲਈ ਇਹ ਯੋਜਨਾ ਤਾਂ ਸ਼ੁਰੂ ਕਰ ਦਿੱਤੀ ਹੈ ਪਰ ਇਸ ਲਈ ਵੱਖਰੇ ਤੌਰ ’ਤੇ ਕੋਈ ਪੈਸਾ ਨਹੀਂ ਦਿੱਤਾ। ਇਕ ਪਾਰਲੀਮੈਂਟ ਹਲਕੇ ਵਿੱਚ ਨੌਂ ਵਿਧਾਨ ਸਭਾ ਹਲਕੇ ਪੈਂਦੇ ਹਨ ਅਤੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਸੌ ਜਾਂ ਵੱਧ ਪਿੰਡ ਹੁੰਦੇ ਹਨ।

ਇਸ ਲਈ ਸੰਸਦ ਮੈਂਬਰ ਨੇ ਹਲਕੇ ਦੇ ਵਿਕਾਸ ਲਈ ਮਿਲਦਾ ਪੈਸਾ ਬਹੁਤ ਸਾਰੇ ਪਿੰਡਾਂ ਨੂੰ ਦੇਣਾ ਹੁੰਦਾ ਹੈ। ਕੇਂਦਰ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰਾਲੇ ਕੋਲ ਕਾਫ਼ੀ ਪੈਸਾ ਹੁੰਦਾ ਹੈ ਅਤੇ ਉਹ ਮੀਟਿੰਗ ਵਿੱਚ ਮੁੱਦਾ ਉਠਾਉਣਗੇ ਕਿ ਇਸ ਸਕੀਮ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਵੱਖਰੇ ਤੌਰ ’ਤੇ ਫੰਡਾਂ ਦਾ ਪ੍ਰਬੰਧ ਕੀਤਾ ਜਾਵੇ। ਜੇਕਰ ਕੇਂਦਰ ਸਰਕਾਰ ਵੱਖਰੇ ਪੈਸੇ ਦਾ ਪ੍ਰਬੰਧ ਕਰ ਦਿੰਦੀ ਹੈ ਤਾਂ ਪਿੰਡਾਂ ਦਾ ਵਿਕਾਸ ਤੇਜ਼ੀ ਨਾਲ ਕਰਨ ਵਿੱਚ ਮਦਦ ਮਿਲੇਗੀ। ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ ਦਾ ਸਬੰਧ ਵੀ ਪਿੰਡ ਨਾਲ ਹੈ। ਇਸ ਲਈ ਆਸ ਹੈ ਕਿ ਉਹ ਗੋਦ ਲਏ ਪਿੰਡਾਂ ਲਈ ਵੱਖਰੇ ਤੌਰ ’ਤੇ ਗਰਾਂਟ ਦੇਣ ਦੀ ਸਕੀਮ ਲਈ ਹਾਮੀ ਭਰ ਸਕਦੇ ਹਨ।

Posted in: ਪੰਜਾਬ