ਕਾਰ ਧਮਾਕਾ : ਡੈਟੋਨੇਟਰ ਬਰਾਮਦ ਕਰਨ ਗਈ ਪੁਲੀਸ ਖਾਲੀ ਹੱਥ ਪਰਤੀ

By January 4, 2016 0 Comments


ਜਲੰਧਰ 3 ਜਨਵਰੀ-ਟਿਫਨ ਬੰਬ ਕਾਂਡ ਪੁਲੀਸ ਦੇ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਪੁਲੀਸ ਨੇ ਦਾਅਵਾ ਕੀਤਾ ਸੀ ਕਿ ਸਿਰਸਾ ’ਚੋਂ ਮੁਲਜ਼ਮ ਜਗਮੋਹਣ ਸਿੰਘ ਤੋਂ ਡੈਟੋਨੇਟਰ ਬਰਾਮਦ ਕਰਵਾਉਣੇ ਹਨ ਇਸ ਲਈ ਅਦਾਲਤ ਕੋਲੋਂ ਉਸ ਦਾ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਸੀ। ਜਗਮੋਹਣ ਸਿੰਘ ਨੂੰ ਅੱਜ ਸ਼ਾਮ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਪੁਲੀਸ ਨੂੰ ਭਾਰੀ ਨਮੋਸ਼ੀ ਝੱਲਣੀ ਪਈ। ਡੈਟੋਨੇਟਰ ਲੈਣ ਗਈ ਪੁਲੀਸ ਖਾਲੀ ਹੱਥੀ ਪਰਤ ਆਈ ਤੇ ਉਸ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਆਪਣੇ ਬਿਆਨਾਂ ਤੋਂ ਮੁਕਰ ਗਿਆ ਸੀ ਇਸ ਲਈ ਉਸ ਨੂੰ ਫਗਵਾੜੇ ਤੋਂ ਹੀ ਵਾਪਸ ਲਿਆਂਦਾ। ਪੁਲੀਸ ਹੁਣ ਇਹ ਦਾਅਵਾ ਕਰਦੀ ਨਹੀਂ ਥੱਕ ਰਹੀ ਕਿ ਮੁਲਜ਼ਮ ਜਗਮੋਹਣ ਸਿੰਘ ਨੂੰ ਜਦੋਂ ਡੈਟੋਨੇਟਰ ਬਰਾਮਦ ਕਰਵਾਉਣ ਲਈ ਸਿਰਸਾ ਲਿਜਾਇਆ ਜਾ ਰਿਹਾ ਸੀ ਤਾਂ ਉਹ ਰਸਤੇ ਵਿੱਚ ਹੀ ਮੁਕਰ ਗਿਆ ਕਿ ਉਸ ਨੇ ਡੈਟੋਨੇਟਰਾਂ ਬਾਰੇ ਝੂਠ ਬੋੋਲਿਆ ਸੀ।

ਪੁਲੀਸ ਨੇ ਮੁਲਜ਼ਮ ਦਾ ਮੁੜ ਰਿਮਾਂਡ ਮੰਗਿਆ ਪਰ ਅਦਾਲਤ ਨੇ ਅੱਜ ਉਸ ਨੂੰ ਜੇਲ੍ਹ ਭੇਜ ਦਿੱਤਾ । ਜਾਣਕਾਰੀ ਅਨੁਸਾਰ ਉਸ ਦੀ ਸਿਹਤ ਠੀਕ ਨਾ ਹੋਣ ਕਾਰਨ ਉਸ ਦਾ ਹੋਰ ਰਿਮਾਂਡ ਨਹੀਂ ਦਿੱਤਾ ਗਿਆ। ਬਚਾਅ ਪੱਖ ਦੇ ਵਕੀਲ ਮਨਦੀਪ ਸਿੰਘ ਸਚਦੇਵਾ ਨੇ ਵੀ ਪੁਲੀਸ ’ਤੇ ਮਨਘੜਤ ਕਹਾਣੀਆਂ ਘੜਨ ਦੇ ਦੋਸ਼ ਲਾਏ। ਉਸ ਨੇ ਅਦਾਲਤ ਨੂੰ ਦੱਸਿਆ ਕਿ ਪੁਲੀਸ ਮਨੁੱਖੀ ਬੰਬ ਬਾਰੇ ਗੱਲਾਂ ਕਰਕੇ ਉਸ ਦੇ ਮੁਵੱਕਿਲ ਨੂੰ ਝੂਠਾ ਹੀ ਫਸਾ ਰਹੀ ਹੈ ।

ਅਦਾਲਤ ਵਿੱਚ ਵਕੀਲ ਨੇ ਪੁਲੀਸ ਦੇ ਇਨ੍ਹਾਂ ਦਾਅਵਿਆਂ ਨੂੰ ਵੀ ਚਣੌਤੀ ਦਿੱਤੀ ਜਿਸ ਵਿੱਚ ਪੁਲੀਸ ਨੇ ਦਾਅਵਾ ਕੀਤਾ ਸੀ ਕਿ ਜਗਮੋਹਣ ਸਿੰਘ ਨੇ ਮਨੁੱਖੀ ਬੰਬ ਬਣ ਕੇ ਇੱਕ ਧਾਰਮਿਕ ਆਗੂ ਨੂੰ ਮਾਰਨਾ ਸੀ। ਬਚਾਅ ਪੱਖ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਦੋ ਭਰਾਵਾਂ ਦਾ ਆਪਸੀ ਟਕਰਾਅ ਹੈ ਪਰ ਇਸ ਵਿੱਚ ਜਗਮੋਹਣ ਸਿੰਘ ਨੂੰ ਜਾਣਬੁੱਝ ਕੇ ਘਸੀਟਿਆ ਜਾ ਰਿਹਾ ਹੈ। ਇਨ੍ਹਾਂ ਵਿਚੋਂ ਇੱਕ ਨੇ ਸਿਰਸਾ ਵਿੱਚ ਆਪਣਾ ਧਾਰਮਿਕ ਡੇਰਾ ਬਣਾਇਆ ਹੋਇਆ ਹੈ। ਪੁਲੀਸ ਇਹ ਦਾਅਵਾ ਵੀ ਕਰਦੀ ਆ ਰਹੀ ਹੈ ਕਿ ਸਿਰਸਾ ਤੋਂ ਤਿੰਨ ਟਿਫਨ ਬੰਬ ਲਿਆਂਦੇ ਗਏ ਸਨ।

ਜ਼ਿਕਰਯੋਗ ਹੈ ਕਿ 4 ਦਸੰਬਰ ਨੂੰ ਦੁੱਗਰੀ ਪਿੰਡ ਦੇ ਨੇੜੇ ਹੋਏ ਕਾਰ ਬੰਬ ਧਮਾਕੇ ਵਿੱਚ ਅਜੈ ਸ਼ਰਮਾ ਨਾਂ ਦਾ ਕੱਪੜੇ ਦਾ ਵਾਪਰੀ ਮਾਰਿਆ ਗਿਆ ਸੀ ਤੇ ਜਗਮੋਹਣ ਸਿੰਘ ਜ਼ਖਮੀ ਹੋ ਗਿਆ ਸੀ। ਇਸੇ ਦੌਰਾਨ ਪੁਲੀਸ ਨੇ ਭੁਲੱਥ ਦੇ ਇੱਕ ਵਿਅਕਤੀ ਹਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਪੁਲੀਸ ਨੇ ਇਹ ਦਾਅਵਾ ਕੀਤਾ ਸੀ ਕਿ ਇਨ੍ਹਾਂ ਸਾਰਿਆਂ ਨੇ ਹੀ ਇੱਕ ਧਾਰਮਿਕ ਮੁਖੀ ਨੂੰ ਮਨੁੱਖੀ ਬੰਬ ਨਾਲ ਮਾਰਨ ਦੀ ਯੋਜਨਾ ਘੜੀ ਸੀ ਜਿਹੜੀ ਕਿ ਸਿਰੇ ਨਾ ਚੜ੍ਹ ਸਕੀ।