ਪੰਜ ਪਿਆਰਿਆ ਵੱਲੋ ਜਥੇਦਾਰਾਂ, ਮੱਕੜ ਤੇ ਮੁੱਖ ਸਕੱਤਰ ਦੇ ਬਾਈਕਾਟ ਦੀ ਵੱਖ ਵੱਖ ਸ਼ਖਸ਼ੀਅਤਾਂ ਵੱਲੋ ਹਮਾਇਤ

By January 2, 2016 0 Comments


ਪੰਜ ਪਿਆਰਿਆ ਦਾ ਫੈਸਲਾ ਸੁਆਗਤਯੋਗ- ਸਰਨਾ
ਮੱਕੜ ਤੇ ਜਥੇਦਾਰ ਨੂੰ ਕਿਸੇ ਵੀ ਸਟੇਜ ਤੋ ਬੋਲਣ ਨਹੀ ਦਿੱਤਾ ਜਾਵੇਗਾ- ਹਰਬੀਰ ਸਿੰਘ ਸੰਧੂ
ਪੰਜ ਪਿਆਰਿਆ ਨੂੰ ਹਰ ਪ੍ਰਕਾਰ ਦੀ ਸਹਿਯੋਗ ਦਿੱਤਾ ਜਾਵੇਗਾ – ਸਿਰਸਾ
ਅੰਮ੍ਰਿਤਸਰ 2 ਜਨਵਰੀ (ਜਸਬੀਰ ਸਿੰਘ) ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜ ਪਿਆਰਿਆ ਵੱਲੋ ਜਥੇਦਾਰਾਂ ਦਾ ਸਮਾਜਿਕ ਬਾਈਕਾਟ ਕਰਨ ਤੇ ਮੱਕੜ ਤੇ ਮੁੱਖ ਸਕੱਤਰ ਨੂੰ ਪੰਥਕ ਪਰੰਪਰਾ ਦਾ ਹਨਨ ਕਰਨ ਦੇ ਦੋਸ਼ੀ ਠਹਿਰਾਉਣ ਦਾ ਸੁਆਗਤ ਕਰਦਿਆ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਸੌਦਾ ਸਾਧ ਨੂੰ ਮੁਆਫੀ ਦੇ ਕੇ ਬੱਜਰ ਗਲਤੀ ਕਰਨ ਵਾਲੇ ਜਥੇਦਾਰਾਂ ਨੂੰ ਕਿਸੇ ਵੀ ਜਨਤਕ ਸਮਾਗਮ ਵਿੱਚ ਬੋਲਣ ਨਾ ਦਿੱਤਾ ਜਾਵੇ ਅਤੇ ਜਿਥੇ ਵੀ ਇਹ ਜਾਣ ਇਹਨਾਂ ਦਾ ਡੱਟ ਕੇ ਵਿਰੋਧ ਕੀਤਾ ਜਾਵੇ।
ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜਥੇਦਾਰ ਨਹੀ ਸਗੋ ਬਾਦਲਾਂ ਤੇ ਮੱਕੜ ਦਾ ਸਰਬਰਾਹ ਹੈ। ਤਖਤ ਸ੍ਰੀ ਪਟਨਾ ਸਾਹਿਬ ਦੇ ਸਿੱਖ ਸੰਗਤਾਂ ਵੱਲੋ ਦੁਰਕਾਰੇ ਗਏ ਅਗਿਆਨੀ ਇਕਬਾਲ ਸਿੰਘ ਨੂੰ ਵੀ ਕੋਈ ਅਧਿਕਾਰ ਨਹੀ ਕਿ ਉਹ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਬੈਠ ਕੇ ਪੰਥਕ ਫੈਸਲੇ ਲਵੇ। ਉਹਨਾਂ ਕਿਹਾ ਕਿ ਗਿਆਨੀ ਗੁਰਮੁੱਖ ਸਿੰਘ ਤੇ ਗਿਆਨੀ ਮੱਲ ਸਿੰਘ ਵੀ ਇਸ ਵੇਲੇ ਬਾਦਲ ਪਰਿਵਾਰ ਦੇ ਕਾਰਸੇਵਕ ਬਣ ਚੁੱਕੇ ਹਨ ਤੇ ਇਹਨਾਂ ਨੂੰ ਜਥੇਦਾਰ ਅਖਵਾਉਣ ਦਾ ਕੋਈ ਅਧਿਕਾਰ ਨਹੀ ਹੈ। ਉਹਨਾਂ ਕਿਹਾ ਕਿ ਉਹ ਗੁਰੂ ਸਾਹਿਬ ਵੱਲੋ ਸ਼ੁਰੂ ਕੀਤੀ ਗਈ ਪੰਜ ਪ੍ਰਧਾਨੀ ਮਰਿਆਦਾ ਦੀ ਹਮਾਇਤ ਕਰਦੇ ਹਨ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਕਈ ਲੱਖ ਤਨਖਾਹ ਲੈਣ ਵਾਲੇ ਮੁੱਖ ਸਕੱਤਰ ਹਰਚਰਨ ਸਿੰਘ ਨੂੰ ਪੰਜ ਪਿਆਰਿਆ ਨੂੰ ਬਰਖਸਾਤ ਕਰਨ ਦੀ ਘਿਨਾਉਣੀ ਕਾਰਵਾਈ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਨ ਕਿ ਪੰਜ ਪਿਆਰਿਆ ਵੱਲੋ ਦੋਸ਼ੀ ਗਰਦਾਨੇ ਗਏ ਇਹਨਾਂ ਦੋ ਮਹਾਂ ਦੋਸ਼ੀਆ ਦਾ ਵੀ ਬਾਈਕਾਟ ਕੀਤਾ ਜਾਵੇ ਅਤੇ ਫਤਹਿਗੜ• ਸਾਹਿਬ ਵਾਂਗ ਮੱਕੜ ਵਰਗਿਆ ਕਿਸੇ ਵੀ ਹੋਰ ਸਟੇਜ ਤੋ ਵੀ ਬੋਲਣ ਨਾ ਦਿੱਤਾ ਜਾਵੇ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਸ੍ਰ ਹਰਬੀਰ ਸਿੰਘ ਸੰਧੂ ਨੇ ਕਿਹਾ ਕਿ ਪੰਜ ਪਿਆਰਿਆ ਦਾ ਫੈਸਲਾ ਅਤੀ ਸ਼ਲਾਘਾਯੋਗ ਹੈ ਤੇ ਇਹ ਫੈਸਲਾ ਪੰਜ ਪਿਆਰਿਆ ਨੂੰ ਬਹੁਤ ਪਹਿਲਾਂ ਲੈ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਫੈਸਲੇ ਦੀ ਹਮਾਇਕਤ ਕਰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਥੇਦਾਰਾਂ ਤੇ ਮੱਕੜ ਨੂੰ ਕਿਸੇ ਵੀ ਸਟੇਜ ਤੋ ਬੋਲਣ ਨਹੀ ਦੇਵੇਗਾ। ਸ੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਹ ਪੰਜ ਪਿਆਰਿਆ ਦੀ ਹਰ ਪ੍ਰਕਾਰ ਨਾਲ ਹਮਾਇਤ ਕਰਦੇ ਹਨ ਅਤੇ ਸਰਕਾਰੀ ਜਥੇਦਾਰਾਂ ਦਾ ਸਿੱਖ ਸੰਗਤਾਂ ਨੂੰ ਬਾਈਕਾਟ ਦਾ ਸੱਦਾ ਦਿੰਦੇ ਹਨ। ਉਹਨਾਂ ਕਿਹਾ ਕਿ ਮੱਕੜ ਨੇ ਜਿੰਨਾ ਨੁਕਸਾਨ ਇਸ ਵੇਲੇ ਸਿੱਖ ਕੌਮ ਦਾ ਕੀਤਾ ਹੈ ਇੰਨਾ ਤਾਂ ਅੰਗਰੇਜ਼ ਆਪਣੇ ਸਰਬਰਾਹ ਰੂੜ ਸਿੰਘ ਕੋਲੋ ਵੀ ਨਹੀ ਕਰਵਾ ਸਕੇ ਸਨ। ਉਹਨਾਂ ਕਿਹਾ ਕਿ ਉਹ ਪੰਜ ਪਿਆਰਿਆ ਨੂੰ ਹਰ ਪ੍ਰਕਾਰ ਦੀ ਹਮਾਇਤ ਦੇਣ ਲਈ ਵਚਨਬੱਧ ਹਨ ਤੇ ਉਹਨਾਂ ਦੀ ਬਹਾਲੀ ਲਈ ਜੇਕਰ ਅਦਾਲਤ ਵਿੱਚ ਜਾਣ ਦੀ ਲੋੜ ਪਈ ਤਾਂ ਉਹ ਪਹਿਲਕਦਮੀ ਕਰਨਗੇ।

Posted in: ਪੰਜਾਬ