ਪੰਜ ਪਿਆਰਿਆਂ ਵੱਲੋ ਤਖਤਾਂ ਦੇ ਜਥੇਦਾਰਾਂ ਦੇ ਬਾਈਕਾਟ ਦਾ ਸਿੱਖ ਸੰਗਤਾਂ ਨੂੰ ਸੱਦਾ

By January 2, 2016 0 Comments


ਮੱਕੜ ਤੇ ਮੁੱਖ ਸਕੱਤਰ ਦੋਸ਼ੀ ਕਰਾਰ, ਸਜ਼ਾ ਦਾ ਫੈਸਲਾ ਸਿੱਖ ਸੰਗਤਾਂ ਕਰਨ
panj
ਅੰਮ੍ਰਿਤਸਰ 2 ਜਨਵਰੀ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਬੀਤੇ ਕਲ• ਬਰਖਾਸਤ ਕੀਤੇ ਗਏ ਪੰਜ ਪਿਆਰਿਆ ਨੇ ਸਿੱਖ ਸੰਗਤਾਂ ਦੇ ਨਾਮ ਆਦੇਸ਼ ਜਾਰੀ ਕਰਦਿਆ ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਪੰਜ ਤਖਤਾਂ ਦੇ ਜਥੇਦਾਰਾਂ ਦਾ ਸਮਾਜਿਕ ਬਾਈਕਾਟ ਕਰਨ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਤੇ ਮੁੱਖ ਸਕੱਤਰ ਹਰਚਰਨ ਸਿੰਘ ਨੂੰ ਪੰਥਕ ਪਰੰਪਰਾਵਾਂ ਦਾ ਹਨਨ ਕਰਨ ਦੇ ਦੋਸ਼ ਵਿੱਚ ਪੰਥ ਦੇ ਦੋਸ਼ੀ ਕਰਾਰ ਦਿੰਦਿਆ ਸਿੱਖ ਸੰਗਤਾਂ ਨੂੰ ਸੱਦਾ ਦਿੱਤਾ ਕਿ ਉਹ ਇਹਨਾਂ ਦੋਵਾਂ ਪੰਥ ਦੋਖੀਆ ਦੀ ਸਜਾ ਦਾ ਫੈਸਲਾ ਸਿੱਖ ਸੰਗਤਾਂ ਆਪਣੇ ਪੱਧਰ ‘ਤੇ ਕਰਨ।
ਸ੍ਰੀ ਅਕਾਲ ਤਖਤ ਸਾਹਿਬ ਦੇ ਵਿਵਾਦਤ ਪੰਜ ਪਿਆਰੇ ਭਾਈ ਸਤਿਨਾਮ ਸਿੰਘ ਖੰਡੇਵਾਲਾ, ਭਾਈ ਮੇਜਰ ਸਿੰਘ, ਭਾਈ ਮੰਗਲ ਸਿੰਘ ,ਭਾਈ ਤਰਲੋਕ ਸਿੰਘ ਅਤੇ ਸਤਨਾਮ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਮੀਟਿੰਗ ਕਰਨ ਤੋ ਰੋਕਣ ਲਈ ਭਾਰੀ ਗਿਣਤੀ ਵਿੱਚ ਫੋਰਸ ਤਾਇਨਾਤ ਕੀਤੀ ਗਈ ਤੇ ਸ੍ਰੀ ਦਰਬਾਰ ਸਾਹਿਬ ਦੇ ਚਾਰ ਚੁਫੇਰੇ ਇਸ ਕਦਰ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ ਜਿਵੇਂ ਕੋਈ ਵੱਡਾ ਹਮਲਾ ਕਰਨਾ ਹੋਵੇ। ਭਾਈ ਸਤਿਨਾਮ ਸਿੰਘ ਖੰਡਾ ਨੂੰ ਅੱਜ ਸਵੇਰੇ ਬੇਬੇ ਨਾਨਕੀ ਨਿਵਾਸ ਪਰਾਗਦਾਸ ਚੌਕ ਵਿਖੇ ਕਮਰਾ ਨੰਬਰ 201 ਵਿੱਚ ਪੁਲੀਸ ਨੇ ਨਜ਼ਰਬੰਦ ਕਰ ਦਿੱਤਾ ਜਿਥੋ ਮੀਡੀਆ ਕਰਮੀਆ ਨੇ ਜਾ ਕੇ ਉਹਨਾਂ ਨੂੰ ਕਰੀਬ 12 ਵਜੇ ਛੁਡਾਇਆ। ਭਾਈ ਸਤਨਾਮ ਸਿੰਘ ਖੰਡੇਵਾਲਾ ਉਥੋ ਪੈਦਲ ਹੀ ਚੱਲ ਪਏ ਤੇ ਅੱਗੇ ਜਾ ਕੇ ਇੱਕ ਮੋਟਰ ਸਾਈਕਲ ਤੇ ਬੈਠ ਕੇ ਤੰਗ ਗਲੀਆ ਵਿੱਚੋ ਦੀ ਹੁੰਦੇ ਹੋਏ ਅਲੋਪ ਹੋ ਗਏ। ਇਸ ਤੋ ਬਾਅਦ ਇਹਨਾਂ ਆਪਣੇ ਬਾਕੀ ਚਾਰ ਸਾਥੀਆ ਨਾਲ ਗੁਰੂਦੁਆਰਾ ਸ਼ਹੀਦ ਸਿੰਘਾਂ ਚਾਟੀਵਿੰਡ ਗੇਟ ਵਿਖੇ ਮੀਟਿੰਗ ਕੀਤੀ ਤੇ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋ ਇਨਕਾਰ ਕਰਦਿਆ ਕਿਹਾ ਕਿ ਉਹ ਸਿਰਫ ਲਿਖਿਆ ਹੋਇਆ ਹੀ ਪੜ• ਕੇ ਸੁਣਾਉਣਗੇ। ਜਦੋਂ ਉਹਨਾਂ ਨੂੰ ਬਰਤਰਫੀ ਬਾਰੇ ਪੁੱਛਿਆ ਗਿਆ ਤਾਂ ਇਸ ਦਾ ਉਹਨਾਂ ਨੇ ਕੋਈ ਜਵਾਬ ਨਾ ਦਿੱਤਾ ਪਰ ਇਸ ਤੋ ਪਹਿਲਾਂ ਬੇਬੇ ਨਾਨਕੀ ਨਿਵਾਸ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਭਾਈ ਸਤਿਨਾਮ ਸਿੰਘ ਖੰਡਾ ਨੇ ਕਿਹਾ ਕਿ ਉਹਨਾਂ ਨੂੰ ਬੰਦੀ ਬਣਾ ਕੇ ਸਰਕਾਰ ਨੇ ਆਪਣੀ ਕਬਰ ਖੋਦ ਲਈ ਹੈ ਅਤੇ ਮੱਕੜ ਨੇ ਪੰਜ ਪਿਆਰਿਆ ਨੂੰ ਬਰਖਾਸਤ ਕਰਕੇ ਆਪਣਾ ਜਨਾਜਾ ਆਪ ਹੀ ਕੱਢ ਲਿਆ ਹੈ। ਇਸ ਸਮੇਂ ਉਹਨਾਂ ਕਿਹਾ ਕਿ ਸਵੇਰੇ ਪੌਣੇ ਅੱਠ ਵਜੇ ਡੀ.ਸੀ.ਪੀ ਸ੍ਰ ਹਰਪ੍ਰੀਤ ਸਿੰਘ, ਏ.ਡੀ.ਸੀ ਪੀ ਸ੍ਰ ਲਖਬੀਰ ਸਿੰਘ, ਏ.ਸੀ.ਪੀ ਅਮਨਦੀਪ ਸਿੰਘ ਬਰਾੜ ਤੇ ਸੀ.ਆਈ.ਏ ਦਾ ਇੰਸਪੈਕਟਰ ਗੁਰਵਿੰਦਰ ਸਿੰਘ ਭਾਰੀ ਫੋਰਸ ਸਮੇਤ ਉਹਨਾਂ ਕੋਲ ਆਏ ਤੇੋ ਕਿਹਾ ਕਿ ਉਹ ਇਥੋ ਨਹੀ ਜਾ ਸਕਦੇ ਹਨ। ਉਹਨਾਂ ਕਿਹਾ ਕਿ ਅਜਿਹਾ ਕਰਕੇ ਸਰਕਾਰ ਨੇ ਜਿਥੇ ਮਨੁੱਖੀ ਅਧਿਕਾਰ ਦੀ ਉਲੰਘਣਾ ਕੀਤੀ ਹੈ ਉਥੇ ਸਿੱਖਾਂ ਦੇ ਧਾਰਮਿਕ ਮਾਮਲਿਆ ਵਿੱਚ ਦਖਲ ਅੰਦਾਜੀ ਕਰਕੇ ਦਰਸਾ ਦਿੱਤਾ ਹੈ ਕਿ ਪੰਜਾਬ ਵਿੱਚ ਬਾਦਲ ਨਹੀ ਸਗੋ ਬਾਬਰ ਦੀ ਸਰਕਾਰ ਹੈ।
ਪੰਜ ਪਿਆਰਿਆ ਵਿੱਚ ਸ਼ਾਮਲ ਭਾਈ ਮੇਜਰ ਸਿੰਘ ਨੂੰ ਜਦੋਂ ਪੁੱਛਿਆ ਗਿਆ ਕਿ ਉਹਨਾਂ ਦਾ ਅਗਲਾ ਪ੍ਰੋਗਰਾਮ ਕੀ ਹੋਵੇਗਾ ਤਾਂ ਉਹਨਾਂ ਨੇ ਪਹਿਲਾਂ ਤਾਂ ਕਿਹਾ ਕਿ ਸਮਾਂ ਆਉਣ ਤੇ ਦੱੇਸਿਆ ਜਾਵੇਗਾ ਪਰ ਜਦੋਂ ਦੁਬਾਰਾ ਪੁੱਛਿਆ ਗਿਆ ਤੇ ਅਗਲੀ ਮੀਟਿੰਗ ਕਦੋ ਹੇੋਵੇਗੀ ਤਾਂ ਉਹਨਾਂ ਕਿਹਾ ਕਿ ਬੁੱਧੀਜੀਵੀਆ ਨਾਲ ਮੀਟਿੰਗ ਕਰਕੇ ਜਲਦੀ ਹੀ ਅਗਲੀ ਮੀਟਿੰਗ ਵੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜ ਪਿਆਰਿਆ ਦੀ ਪਰੰਪਰਾ ਕੋਈ ਨਵੀ ਨਹੀ ਸਗੋ ਗੁਰੂਕਾਲ ਤੋ ਚੱਲੀ ਆ ਰਹੀ ਹੈ ਤੇ ਇਸ ਨੂੰ ਖਤਮ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀ ਹੈ ਅਤੇ ਜਿਹੜੇ ਲੋਕ ਪੰਜ ਪਿਆਰਿਆ ਦੀ ਪਰੰਪਰਾ ਨੂੰ ਖਤਮ ਕਰਨ ਦੀਆ ਬਾਤਾਂ ਪਾ ਰਹੇ ਹਨ ਉਹਨਾਂ ਨੂੰ ਗੁਰੂ ਪੰਥ ਕੋਲੋ ਮੂੰਹ ਦੀ ਖਾਣੀ ਪਵੇਗੀ।
ਬੀਤੇ ਦਿਨੀ ਜਦੋਂ ਪੰਜ ਪਿਆਰਿਆ ਨੇ ਐਲਾਨ ਕੀਤਾ ਸੀ ਕਿ 2 ਜਨਵਰੀ ਤੋ ਪਹਿਲਾਂ ਪਹਿਲਾਂ ਜੇਕਰ ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਤਖਤਾਂ ਦੇ ਜਥੇਦਾਰਾਂ ਨੂੰ ਲਾਂਭੇ ਨਾ ਕੀਤਾ ਗਿਆ ਤਾਂ ਪੰਜ ਪਿਆਰੇ ਕੋਈ ਵੱਡਾ ਐਕਸ਼ਨ ਕਰ ਸਕਦੇ ਹਨ ਅਤੇ ਉਮੀਦ ਕੀਤੀ ਜਾਂਦੀ ਸੀ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਸਮੁੱਚੀ ਕਾਰਜਕਾਰਨੀ ਕਮੇਟੀ ਨੂੰ ਤਲਬ ਕੀਤਾ ਜਾਵੇਗਾ ਜਾਂ ਫਿਰ ਤਨਖਾਹੀਆ ਕਰਾਰ ਦਿੱਤਾ ਜਾਵੇਗਾ ਪਰ ਅਜਿਹਾ ਨਹੀ ਹੋਇਆ ਜਿਸ ਤੋ ਜਾਪਦਾ ਹੈ ਕਿ ਪੰਜ ਪਿਆਰੇ ਵੀ ਕਿਸੇ ਸਿਆਸੀ ਦਬਾ ਹੇਠਾ ਆ ਚੁੱਕੇ ਹਨ।
ਪੰਜ ਪਿਆਰਿਆ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਆਉਣ ਤੋ ਰੋਕਣ ਲਈ ਬੀਤੀ ਰਾਤ ਤੋ ਹੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਭਾਰੀ ਗਿਣਤੀ ਵਿੱਚ ਫੋਰਸ ਲਗਾ ਦਿੱਤੀ ਗਈ ਸੀ ਤੇ ਟਾਸਕ ਫੋਰਸ ਤੇ ਮੱਕੜ ਮਾਰਕਾ ਲੱਠਮਾਰਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਨਾਲ ਲੱਗਦੇ ਕਮਰਿਆ ਵਿੱਚ ਡਾਂਗਾ ਸੋਟੇ ਰੱਖ ਲਏ ਸਨ ਤਾਂ ਕਿ ਲੋੜ ਪੈਣ ਤੇ ਇਹਨਾਂ ਦੀ ਵਰਤੋ ਕੀਤੀ ਜਾ ਸਕੇ। ਸ੍ਰੀ ਦਰਬਾਰ ਦੇ ਘੇਰੇ ਘੇਰੇ ਭਾਰੀ ਗਿਣਤੀ ਵਿੱਚ ਪੁਲੀਸ ਤਾਇਨਾਤ ਕੀਤੀ ਗਈ ਸੀ ਤੇ ਦੰਗਾ ਵਿਰੋਧੀ ਗੱਡੀਆ ਵੀ ਖੜੀਆ ਕੀਤੀਆ ਗਈਆ ਸਨ । ਇਸ ਸਾਰੇ ਆਪਰੇਸ਼ਨ ਦੀ ਨਿਗਰਾਨੀ ਡੀ.ਸੀ.ਪੀ ਸ੍ਰ ਹਰਪ੍ਰੀਤ ਸਿੰਘ ਖੁਦ ਕਰ ਰਹੇ ਸਨ। ਜਦੋ ਸੁਰੱਖਿਆ ਦੇ ਕੜੇ ਪ੍ਰਬੰਧਾਂ ਬਾਰੇ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਪੰਜ ਪਿਆਰਿਆ ਦੇ ਮਾਮਲੇ ਤੋ ਟਾਲਾ ਵੱਟਦਿਆ ਬੜੀ ਹੁਸ਼ਿਆਰੀ ਨਾਲ ਜਵਾਬ ਦਿੱਤਾ ਕਿ ਪਠਾਨਕੋਟ ਵਿਖੇ ਹੋਏ ਹਮਲੇ ਤੋ ਬਾਅਦ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਬੰਧ ਕੀਤੇ ਗਏ ਹਨ ਅਤੇ ਪੰਜ ਪਿਆਰਿਆ ਦਾ ਮਾਮਲਾ ਧਾਰਮਿਕ ਹੈ ਜਿਸ ਵਿੱਚ ਸਰਕਾਰ ਤੇ ਪ੍ਰਸ਼ਾਸ਼ਨ ਦੀ ਕੋਈ ਦਖਲ ਅੰਦਾਜੀ ਨਹੀ ਹੈ। ਉਹਨਾਂ ਸਪੱਸ਼ਟ ਕੀਤਾ ਕਿ ਭਾਈ ਸਤਿਨਾਮ ਸਿੰਘ ਖੰਡਾ ਨੂੰ ਨਜ਼ਰਬੰਦ ਨਹੀ ਕੀਤਾ ਗਿਆ ਸੀ ਸਗੋ ਪੁਲੀਸ ਨੇ ਕਿਸੇ ਵੀ ਅਣਸੁਖਾਵੀ ਘਟਨਾ ਦੇ ਵਾਪਰਨ ਤੋ ਰੋਕਣ ਲਈ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਹਨ। ਉਹਨਾਂ ਕਿਹਾ ਕਿ ਹਰੇਕ ਨਾਗਰਿਕ ਦੀ ਸੁਰੱਖਿਆ ਕਰਨਾ ਪੁਲੀਸ ਦੀ ਜਿੰਮੇਵਾਰੀ ਹੈ।
ਇਸ ਸਬੰਧੀ ਜਦੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ੍ਰ ਹਰਚਰਨ ਸਿੰਘ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕੋਈ ਵੀ ਜਾਣਕਾਰੀ ਹੋਣ ਤੋ ਇਨਕਾਰ ਕਰ ਦਿੱਤਾ। ਜਦੋਂ ਉਹਨਾਂ ਨੂੰ ਸਾਰਾ ਪ੍ਰੈਸ ਨੋਟ ਪੜ• ਕੇ ਸੁਣਾਇਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਇਸ ਦੇ ਉਪਰ ਕੋਈ ਵੀ ਟਿੱਪਣੀ ਕਰਨੀ ਮੁਨਾਸਿਬ ਨਹੀ ਸਮਝਦੇ ਤੇ ਫੈਸਲਾ ਪੰਥ ਦੀ ਕਚਿਹਰੀ ਵਿੱਚ ਹੀ ਹੋਵੇਗਾ। ਉਹਨਾਂ ਕਿਹਾ ਕਿ ਗੁਰ ਮਰਿਆਦਾ ਅਨੁਸਾਰ ਹਰੇਕ ਸਿੱਖ ਨੂੰ ਅਰਦਾਸ ਵਿੱਚ ਦਿੱਤੇ ਗਏ ਸੰਕਲਪ ਸਿੱਖਾਂ ਦਾ ਮਨ ਨੀਵਾਂ ਮੱਤ ਅਨੁਸਾਰ ਹੀ ਨਿਮਾਣੇ ਹੋ ਕੇ ਚੱਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਨਿਮਾਣੇ ਸਿੱਖ ਬਣ ਕੇ ਗੁਰੂ ਘਰ ਦੀ ਸੇਵਾ ਕਰਨ ਲਈ ਆਏ ਹਨ ਤੇ ਨਿਮਾਣੇ ਬਣ ਕੇ ਹੀ ਕਰਨਗੇ। ਇਸ ਸਬੰਧੀ ਜਦੋ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਆਪਣਾ ਫੋਨ ਉਠਾਉਣ ਦੀ ਜ਼ਹਿਮਤ ਨਹੀ ਕੀਤੀ ਅਤੇ ਉਹਨਾਂ ਦੇ ਓ.ਐਸ.ਡੀ ਸ੍ਰੀ ਦਲਜੀਤ ਸਿੰਘ ਬੇਦੀ ਨੇ ਵੀ ਫੋਨ ਨਹੀ ਚੁੱਕਿਆ।