ਕੱਲ੍ਹ ਆਈ ‘ਆਪ’ ਸਾਡਾ ਕੀ ਮੁਕਾਬਲਾ ਕਰੂਗੀ-ਬਾਦਲ

By January 1, 2016 0 Comments


badalਅੰਮਿ੍ਤਸਰ, 1 ਜਨਵਰੀ-ਸੂਬੇ ‘ਚ ਤੀਸਰੀ ਧਿਰ ਵਜੋਂ ਉਭਰ ਰਹੀ ‘ਆਮ ਆਦਮੀ ਪਾਰਟੀ’ ਸਬੰਧੀ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ‘ਆਪ’ ਜਿਹੀ ਕੱਲ੍ਹ ਆਈ ਪਾਰਟੀ ਅਕਾਲੀਆਂ ਵੱਲੋਂ ਸੂਬੇ ਤੇ ਦੇਸ਼ ਦੇ ਹਿੱਤਾਂ ਲਈ ਕੀਤੀਆਂ ਗਈਆਂ ਕੁਰਬਾਨੀਆਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦੀ | ਮੁੱਖ ਮੰਤਰੀ ਨੇ ਆਪ ਅਤੇ ਕਾਂਗਰਸ ਦੋਵਾਂ ਨੂੰ ਅਕਾਲੀ ਦਲ ਲਈ ਕੋਈ ਖ਼ਤਰਾ ਮੰਨਣ ਤੋਂ ਨਾਂਹ ਕਰਦਿਆਂ ਕਿਹਾ ਕਿ ਲੋਕ ਅਸਲੀਅਤ ਜਾਣਦੇ ਹਨ ਤੇ ਉਨ੍ਹਾਂ ਦੇ ਹਿੱਤਾਂ ਲਈ ਢੁੱਕਵੇਂ ਆਗੂਆਂ ਦੀ ਹੀ ਚੋਣ ਕਰਨਗੇ | ਮੁੱਖ ਮੰਤਰੀ ਅੱਜ ਨਵੇਂ ਵਰ੍ਹੇ ਦੀ ਆਮਦ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ |

ਉਨ੍ਹਾਂ ਕਿਹਾ ਕਿ ਇਹ ਅਸਥਾਨ ਮਨੁੱਖਤਾ ਦੀ ਭਲਾਈ ਦਾ ਕੇਂਦਰ ਹੈ ਅਤੇ ਉਹ ਵੀ ਸਮਾਜ ਤੇ ਸੂਬੇ ਦੀ ਬੇਹਤਰੀ ਲਈ ਇੱਥੇ ਅਰਦਾਸ ਕਰਨ ਪੁੱਜੇ ਹਨ | ਮੁੱਖ ਮੰਤਰੀ ਨੇ ਸੂਬੇ ‘ਚ ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਦੇਸ਼ ਭਰ ਦਾ ਇਕੋ-ਇਕ ਧਰਮ ਨਿਰਪੱਖ ਸ਼ਾਸਨ ਦੱਸਦਿਆਂ ਕਿਹਾ ਕਿ ਭਾਈਚਾਰਕ ਸਾਂਝੀਵਾਲਤਾ ਤੇ ਵਿਕਾਸ ਹੀ ਇਸ ਸਰਕਾਰ ਦਾ ਮਨੋਰਥ ਹੈ | ਸੂਬੇ ‘ਚ ਵਿਕਾਸ ਕਾਰਜਾਂ ਲਈ ਪੈਸਿਆਂ ਦੀ ਘਾਟ ਨੂੰ ਨਕਾਰਦਿਆਂ ਉਨ੍ਹਾਂ ਕਿਹਾ ਕਿ ਅੰਮਿ੍ਤਸਰ ‘ਚ ਚੱਲ ਰਹੇ ਚਾਰ-ਚੁਫ਼ੇਰੇ ਪ੍ਰੋਜੈਕਟ ਖ਼ੁਦ ਹੀ ਇਸ ਦਾਅਵੇ ਨੂੰ ਗ਼ਲਤ ਸਾਬਤ ਕਰਦੇ ਹਨ |