ਸਰਹੱਦ ਨੇੜੇ ਐਸ. ਪੀ. ਨੂੰ ਸਾਥੀਆਂ ਸਮੇਤ ਅਗ਼ਵਾ ਕਰਨ ਪਿਛੋਂ ਕੁੱਟਮਾਰ ਕਰਕੇ ਛੱਡਿਆ

By January 1, 2016 0 Comments


carਗੁਰਦਾਸਪੁਰ /ਪਠਾਨਕੋਟ, 1 ਜਨਵਰੀ -ਅੱਜ ਸਵੇਰੇ ਤੜਕਸਾਰ ਹੀ ਜ਼ਿਲ੍ਹਾ ਪਠਾਨਕੋਟ ਦੇ ਥਾਣਾ ਨਰੋਟ ਜੈਮਲ ਸਿੰਘ ਅਧੀਨ ਰਾਵੀ ਦਰਿਆ ‘ਤੇ ਬਣੇ ਕਥਲੋਰ ਪੁਲ ਨੇੜਿਓਾ ਇਕ ਡਰਾਈਵਰ ਦੀ ਲਾਸ਼ ਤੇ ਉਸ ਦੀ ਲਾਵਾਰਿਸ ਪਈ ਗੱਡੀ ਮਿਲਣ ਦੇ ਇਲਾਵਾ ਗੁਰਦਾਸਪੁਰ ਵਿਖੇ ਤਾਇਨਾਤ ਐਸ. ਪੀ. (ਹੈੱਡਕੁਆਰਟਰ) ਸਲਵਿੰਦਰ ਸਿੰਘ ਨੂੰ ਸਾਥੀਆਂ ਸਮੇਤ ਅਗ਼ਵਾ ਕੀਤੇ ਜਾਣ ਦੇ ਦੋ ਮਾਮਲਿਆਂ ਨੇ ਸਾਰਾ ਦਿਨ ਦੋਵਾਂ ਜ਼ਿਲਿ੍ਹਆਂ ਅੰਦਰ ਮਾਹੌਲ ਤਣਾਅ ਭਰਿਆ ਬਣਾਈ ਰੱਖਿਆ | ਇਸ ਤਹਿਤ ਜਿੱਥੇ ਦਿਨ ਭਰ ਪੁਲਿਸ ਵੱਖ-ਵੱਖ ਪਹਿਲੂਆਂ ‘ਤੇ ਜਾਂਚ ਵਿਚ ਜੁੱਟੀ ਰਹੀ ਉਥੇ ਪੁਲਿਸ ਵੱਲੋਂ ਥਾਂ-ਥਾਂ ‘ਤੇ ਕੀਤੀ ਨਾਕਾਬੰਦੀ ਤੇ ਅਧੂਰੀ ਜਾਣਕਾਰੀ ਦੇ ਆਧਾਰ ‘ਤੇ ਲੋਕਾਂ ਵੱਲੋਂ ਲਗਾਈਆਂ ਗਈਆਂ ਕਿਆਸ ਅਰਾਈਆਂ ਸਦਕਾ ਸਹਿਮ ਦਾ ਮਾਹੌਲ ਬਣਿਆ ਰਿਹਾ |

ਥਾਣਾ ਨਰੋਟ ਜੈਮਲ ਸਿੰਘ ਅਧੀਨ ਪੈਂਦੇ ਪਿੰਡ ਭਗਵਾਲ ਦਾ ਕਰੀਬ 35 ਸਾਲਾ ਨੌਜਵਾਨ ਇਕਾਗਰ ਸਿੰਘ ਪੁੱਤਰ ਪ੍ਰੀਤਮ ਸਿੰਘ ਆਪਣੀ ਇਨੋਵਾ ਗੱਡੀ ਟੈਕਸੀ ਵਜੋਂ ਚਲਾਉਂਦਾ ਹੈ | ਜਿਸ ਨੂੰ ਬੀਤੀ ਰਾਤ ਕਰੀਬ ਸਾਢੇ 9 ਵਜੇ ਕੁਝ ਵਿਅਕਤੀਆਂ ਨੇ ਫ਼ੋਨ ਕਰਕੇ ਉਸ ਦੀ ਗੱਡੀ ਕਿਰਾਏ ‘ਤੇ ਕਿਤੇ ਲਿਜਾਣ ਲਈ ਬੁਲਾਇਆ | ਇਹ ਨੌਜਵਾਨ ਬੀਤੀ ਰਾਤ ਤੋਂ ਹੀ ਆਪਣੀ ਗੱਡੀ ਸਮੇਤ ਘਰੋਂ ਬਾਹਰ ਸੀ ਪਰ ਅੱਜ ਸਵੇਰੇ ਤੜਕਸਾਰ ਇਸ ਦੀ ਗੱਡੀ ਅੱਡਾ ਕੋਹਲੀਆਂ ਨੇੜਿਓਾ ਲਾਵਾਰਿਸ ਹਾਲਤ ਵਿਚ ਮਿਲੀ | ਜਿਸ ਦੇ ਟਾਇਰਾਂ ਵਿਚ ਹਵਾ ਨਹੀਂ ਸੀ ਤੇ ਇਸ ਦਾ ਅਗਲਾ ਹਿੱਸਾ ਬੰਪਰ ਨੇੜਿਓਾ ਬੁਰੀ ਤਰ੍ਹਾਂ ਨੁਕਸਾਨਿਆ ਹੋਇਆ ਸੀ |

ਇੱਥੋਂ ਕੁੱਝ ਹੀ ਦੂਰੀ ‘ਤੇ ਕਥਲੋਰ ਪੁਲ ਦੇ ਨੇੜਿਓਾ ਡਰਾਈਵਰ ਇਕਾਗਰ ਸਿੰਘ ਦੀ ਲਾਸ਼ ਮਿਲੀ ਜਿਸ ‘ਤੇ ਚਾਕੂ ਨਾਲ ਕੀਤੇ ਜ਼ਖਮਾਂ ਦੇ ਨਿਸ਼ਾਨ ਸਨ | ਦੂਜੇ ਪਾਸੇ ਗੁਰਦਾਸਪੁਰ ਵਿਖੇ ਤਾਇਨਾਤ ਐਸ.ਪੀ. (ਹੈਡਕੁਆਟਰ) ਸਲਵਿੰਦਰ ਸਿੰਘ ਜਿਨ੍ਹਾਂ ਦੀ ਬਦਲੀ ਸਬੰਧੀ ਦੋ ਦਿਨ ਪਹਿਲਾਂ ਹੀ ਆਰਡਰ ਆਏ ਸਨ, ਨੇ ਵੀ ਤੜਕਸਾਰ ਗੁਲਪੁਰ ਸਿੰਬਲੀ ਵਿਚ ਪਹੁੰਚ ਕੇ ਪੁਲਿਸ ਹੈਡਕੁਆਰਟਰ ਨੂੰ ਸੂਚਿਤ ਕੀਤਾ ਕਿ ਉਹ ਆਪਣੇ ਇਕ ਲਾਂਗਰੀ ਅਤੇ ਕਰੀਬੀ ਰਾਜੇਸ਼ ਵਰਮਾ ਦੇ ਨਾਲ ਇਸ ਇਲਾਕੇ ਵਿਚ ਕਿਸੇ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਗਏ ਸਨ | ਇਸੇ ਦੌਰਾਨ ਜਦੋਂ ਉਹ ਪ੍ਰਾਈਵੇਟ ਮਹਿੰਦਰਾ ਐਕਸ.ਯੂ.ਵੀ. ਗੱਡੀ ਨੰ. ਪੀ.ਬੀ.02 ਏ.ਬੀ. 0313 ਵਿਚ ਵਾਪਸ ਆ ਰਹੇ ਸਨ ਤਾਂ ਇਸੇ ਇਲਾਕੇ ਵਿਚ ਫੌਜੀ ਵਰਦੀ ਵਿਚ ਦੋ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ |

ਗੱਡੀ ਰੋਕਣ ਦੇ ਐਨ ਬਾਅਦ ਤਿੰਨ ਵਿਅਕਤੀ ਹੋਰ ਆ ਗਏ ਜਿਸ ਦੇ ਬਾਅਦ ਇਨ੍ਹਾਂ ਵਿਅਕਤੀਆਂ ਨੇ ਖਤਰਨਾਕ ਹਥਿਆਰਾਂ ਦੀ ਨੋਕ ‘ਤੇ ਉਨ੍ਹਾਂ ਨੂੰ ਅਗਵਾ ਕਰ ਲਿਆ | ਇਸ ਦੌਰਾਨ ਕੁੱਝ ਹੀ ਦੂਰੀ ‘ਤੇ ਉਕਤ ਵਿਅਕਤੀਆਂ ਨੇ ਐਸ.ਪੀ. ਸਲਵਿੰਦਰ ਸਿੰਘ ਅਤੇ ਉਸ ਦੇ ਲਾਂਗਰੀ ਨੂੰ ਮਾਰ-ਕੁਟਾਈ ਕਰਕੇ ਗੁਲਪੁਰ ਸਿੰਬਲੀ ਨੇੜੇ ਗੱਡੀ ਵਿਚ ਉਤਾਰ ਦਿੱਤਾ | ਜਦੋਂਕਿ ਰਾਜੇਸ਼ ਵਰਮਾ ਨੂੰ ਆਪਣੇ ਨਾਲ ਹੀ ਲੈ ਗਏ | ਇਸ ਸਥਾਨ ਤੋਂ ਥੋੜੀ ਦੂਰ ਜਾ ਕੇ ਇਨ੍ਹਾਂ ਵਿਅਕਤੀਆਂ ਨੇ ਰਾਜੇਸ਼ ਵਰਮਾ ਨੂੰ ਵੀ ਜ਼ਖਮੀ ਕਰਕੇ ਸੜਕ ਵਿਚ ਸੁੱਟ ਦਿੱਤਾ | ਇਨ੍ਹਾਂ ਵਾਰਦਾਤਾਂ ਦੇ ਬਾਅਦ ਪੁਲਿਸ ਨੂੰ ਸੂਚਨਾ ਮਿਲਣ ‘ਤੇ ਪਠਾਨਕੋਟ ਤੇ ਗੁਰਦਾਸਪੁਰ ਅੰਦਰ ਪੁਲਿਸ ਨੇ ਰੈਡ ਅਲਰਟ ਜਾਰੀ ਕਰਕੇ ਚਾਰੇ ਪਾਸੇ ਸਖ਼ਤ ਨਾਕਾਬੰਦੀ ਕਰ ਦਿੱਤੀ ਤੇ ਰਾਜੇਸ਼ ਵਰਮਾ ਨੂੰ ਹਸਪਤਾਲ ਦਾਖਲ ਕਰਵਾਇਆ |

ਇਸ ਦੌਰਾਨ ਪੁਲਿਸ ਵੱਲੋਂ ਕੀਤੀ ਚੈਕਿੰਗ ਦੌਰਾਨ ਪਠਾਨਕੋਟ ਦੇ ਪਿੰਡ ਅਕਾਲਗੜ੍ਹ ਨੇੜਿਓਾ ਐਸ.ਪੀ. ਨਾਲ ਸਬੰਧਿਤ ਐਕਸ.ਯੂ.ਵੀ. ਗੱਡੀ ਸੁੰਨਸਾਨ ਜਗ੍ਹਾ ਵਿਚੋਂ ਬਰਾਮਦ ਹੋ ਗਈ | ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ, ਐਸ.ਐਸ.ਪੀ. ਪਠਾਨਕੋਟ ਆਰ.ਕੇ. ਬਖਸ਼ੀ ਅਤੇ ਐਸ.ਐਸ.ਪੀ. ਗੁਰਦਾਸਪੁਰ ਗੁਰਪ੍ਰੀਤ ਸਿੰਘ ਤੂਰ ਨੇ ਵੀ ਪੂਰੀ ਸਥਿਤੀ ਦਾ ਜਾਇਜ਼ਾ ਲਿਆ | ਜਿਸ ਉਪਰੰਤ ਥਾਣਾ ਨਰੋਟ ਜੈਮਲ ਸਿੰਘ ਵਿਚ ਇਨੋਵਾ ਚਾਲਕ ਦੀ ਹੱਤਿਆ ਨਾਲ ਸਬੰਧਿਤ ਮਾਮਲਾ ਦਰਜ ਕੀਤਾ ਗਿਆ ਹੈ | ਜਦੋਂ ਕਿ ਥਾਣਾ ਸਦਰ ਗੁਰਦਾਸਪੁਰ ਵਿਚ ਐਸ.ਪੀ. ਨੂੰ ਅਗਵਾ ਕਰਨ ਤੇ ਇਸ ਸਮੁੱਚੇ ਘਟਨਾਕ੍ਰਮ ਦਾ ਮਾਮਲਾ ਦਰਜ ਕਰਕੇ ਪੁਲਿਸ ਜਾਂਚ ਕਰ ਰਹੀ ਹੈ | ਇਸ ਮਾਮਲੇ ਵਿਚ ਦੇਰ ਸ਼ਾਮ ਤੱਕ ਪੁਲਿਸ ਕਿਸੇ ਵੀ ਠੋਸ ਨਤੀਜੇ ‘ਤੇ ਨਹੀਂ ਪਹੁੰਚ ਸਕੀ ਪਰ ਸੂਤਰਾਂ ਅਨੁਸਾਰ ਇਸ ਘਟਨਾ ਨੂੰ ਅੱਤਵਾਦੀਆਂ ਦੀ ਕਾਰਵਾਈ ਜਾਂ ਅਗਵਾ ਦੀ ਕੋਸ਼ਿਸ਼ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ |

ਦੋਵਾਂ ਘਟਨਾਵਾਂ ਨੂੰ ਅੱਤਵਾਦੀਆਂ ਨੇ ਦਿੱਤਾ ਅੰਜਾਮ-ਡੀ. ਆਈ. ਜੀ. ਜ਼ਿਲ੍ਹਾ ਪਠਾਨਕੋਟ ‘ਚ ਵਾਪਰੀਆਂ ਦੋਵਾਂ ਘਟਨਾਵਾਂ ਦਾ ਜਾਇਜ਼ਾ ਲੈਣ ਉਪਰੰਤ ਡੀ.ਆਈ.ਜੀ. ਬਾਰਡਰ ਰੇਂਜ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਘਟਨਾ ਸਬੰਧੀ ਜਾਂਚ ਵਿਚ ਤੱਥ ਸਾਹਮਣੇ ਆਏ ਹਨ ਕਿ ਉਕਤ ਘਟਨਾ ਅੱਤਵਾਦੀਆਂ ਨਾਲ ਸੰਬੰਧਿਤ ਹੈ ਕਿਉਂਕਿ ਐਸ.ਪੀ.ਦੇ ਅਗਵਾ ਵਾਲੇ ਸਥਾਨ ਤੋਂ ਕੁਝ ਹੀ ਦੂਰੀ ਤੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਅੱਤਵਾਦੀ ਪਾਕਿਸਤਾਨ ਨਾਲ ਸਬੰਧਿਤ ਹੋ ਸਕਦੇ ਹਨ | ਡੀ.ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਸਖ਼ਤ ਮੁਹਿੰਮ ਚਲਾਈ ਜਾ ਰਹੀ ਹੈ

Posted in: ਪੰਜਾਬ