ਸ਼੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰਿਆਂ ਦੀ ਸੇਵਾ ਨਿਭਾਉਂਦੇ ਚਾਰ ਮੁਲਾਜ਼ਮ ਬਰਤਰਫ਼

By January 1, 2016 0 Comments


makkarਅੰਮਿ੍ਤਸਰ, 1 ਜਨਵਰੀ -ਧਾਰਮਿਕ ਮਾਮਲਿਆਂ ‘ਚ ਸਿਆਸੀ ਦਖਲਅੰਦਾਜ਼ੀ ਦੇ ਮੁੱਦੇ ‘ਤੇ ਸਿੱਖ ਧਿਰਾਂ ‘ਚ ਉਘੜਿਆ ਵਿਵਾਦ ਅੱਜ ਨਵੇਂ ਵਰ੍ਹੇ ਦੇ ਪਹਿਲੇ ਦਿਨ ਹੋਰ ਡੂੰਘਾ ਹੁੰਦਾ ਦਿੱਸਿਆ ਜਦੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਕਾਰਨ ਸਿੰਘ ਸਾਹਿਬਾਨ ਦੀ ਸੇਵਾ ਮੁਕਤੀ ਸਬੰਧੀ ਆਦੇਸ਼ ਜਾਰੀ ਕਰਨ ਵਾਲੇ ਪੰਜ ਪਿਆਰਿਆਂ ਨੂੰ ਸ਼੍ਰੋਮਣੀ ਕਮੇਟੀ ਦੀ ਅੰਤਿ੍ੰਗ ਵੱਲੋਂ ਵਿਸ਼ੇਸ਼ ਇਕੱਤਰਤਾ ਦੌਰਾਨ ਸੇਵਾ ਨਿਯਮਾਂ ਦੀ ਅਵੱਗਿਆ, ਸਿੱਖ ਸੰਸਥਾਵਾਂ ਨੂੰ ਢਾਹ ਲਾਉਣ ਅਤੇ ਪੰਥ ਵਿਰੋਧੀ ਕਾਰਵਾਈਆਂ ਕਾਰਨ ਮੁਲਾਜ਼ਮਤ ‘ਤੋਂ ਬਰਖਾਸਤ ਕਰਨ ਦਾ ਤਿੱਖਾ ਫ਼ੈਸਲਾ ਸੁਣਾ ਦਿੱਤਾ ਗਿਆ | ਸ਼੍ਰੋਮਣੀ ਕਮੇਟੀ ਅੰਤਿ੍ੰਗ ਦੀ ਅੱਜ ਇਥੇ ਪ੍ਰਧਾਨ ਜਥੇ: ਅਵਤਾਰ ਸਿੰਘ ਦੀ ਅਗਵਾਈ ‘ਚ ਮਹਿਜ ਦੱਸ ਮਿੰਟ ਤੱਕ ਚੱਲੀ ਬੈਠਕ ਦੌਰਾਨ ਉਕਤ ਫ਼ੈਸਲੇ ਦੇ ਵਿਰੋਧ ‘ਚ ਕਾਰਜਕਾਰਨੀ ਦੇ ਦੋ ਮੈਂਬਰ ਮੰਗਲ ਸਿੰਘ ਅਤੇ ਭਜਨ ਸਿੰਘ ਸ਼ੇਰਗਿੱਲ ਬਾਈਕਾਟ ਕਰਦਿਆਂ ਬਾਹਰ ਆ ਗਏ ਜਦਕਿ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਦੀ ਗੈਰ ਹਾਜ਼ਰੀ ‘ਚ ਬਾਕੀ ਮੈਂਬਰਾਂ ਵੱਲੋਂ ਇਸ ਫ਼ੈਸਲੇ ਨੂੰ ‘ਸਹਿਮਤੀ’ ਦੇ ਦਿੱਤੀ ਗਈ |

ਫ਼ੈਸਲੇ ਦੀ ਤਫ਼ਸੀਲ ਦਿੰਦਿਆਂ ਪ੍ਰਧਾਨ ਜਥੇ: ਅਵਤਾਰ ਸਿੰਘ ਨੇ ਕਿਹਾ ਕਿ ਪੰਜ ਪਿਆਰਿਆਂ ‘ਚੋਂ ਭਾਈ ਸਤਨਾਮ ਸਿੰਘ ਖੰਡਾ, ਭਾਈ ਤਰਲੋਕ ਸਿੰਘ, ਭਾਈ ਮੰਗਲ ਸਿੰਘ ਅਤੇ ਭਾਈ ਸਤਿਨਾਮ ਸਿੰਘ ਨੂੰ ਸੇਵਾ ਨਿਯਮਾਂ ਦੀ ਉਲੰਘਣਾ ਕਰਨ ‘ਤੇ ਸ਼੍ਰੋਮਣੀ ਕਮੇਟੀ ‘ਚੋਂ ਫਾਰਗ ਕਰ ਦਿੱਤਾ ਗਿਆ ਹੈ, ਜਦਕਿ ਭਾਈ ਮੇਜਰ ਸਿੰਘ ਕੱਲ੍ਹ 31 ਦਸੰਬਰ ਨੂੰ ਸੇਵਾ ਮੁਕਤ ਹੋ ਚੁੱਕੇੇ ਹਨ | ਉਨ੍ਹਾਂ ਸ਼੍ਰੋਮਣੀ ਕਮੇਟੀ ਦਾ ਪੱਖ ਰੱਖਦਿਆਂ ਕਿਹਾ ਕਿ ਪੰਜ ਪਿਆਰਿਆਂ ਵੱਲੋਂ ਕੁਝ ਦਿਨਾਂ ‘ਤੋਂ ਸੰਸਥਾ ਨੂੰ ਢਾਹ ਲਾਉਣ ਵਾਲੀਆਂ ਅਨੁਸ਼ਾਸ਼ਣਹੀਣ ਕਾਰਵਾਈਆਂ ਕੀਤੀਆਂ ਜਾ ਰਹੀਆਂ ਸਨ, ਜਿਸ ਲਈ ਉਕਤ ਫ਼ੈਸਲਾ ਜ਼ਰੂਰੀ ਹੋ ਗਿਆ | ਪੰਜ ਪਿਆਰਿਆਂ ਵੱਲੋਂ 2 ਜਨਵਰੀ ਨੂੰ ਨਵੇਂ ਪ੍ਰੋਗਰਾਮ ਦੇ ਐਲਾਨ ਸਬੰਧੀ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੋਣ ਦਿੱਤਾ ਜਾਵੇਗਾ |

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਹੋਰਨਾਂ ਪ੍ਰਮੁੱਖ ਅਸਥਾਨਾਂ ‘ਤੇ ਵੀ ਪੰਜ ਪਿਆਰੇ ਹਨ, ਜਿੰਨ੍ਹਾਂ ਦੀ ਅਹਿਮ ਅਤੇ ਸਤਿਕਾਰਤ ਸੇਵਾ ਅੰਮਿ੍ਤ ਸੰਚਾਰ ਕਰਨਾ ਹੈ, ਪਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇਣ ਦੀ ਘੋਰ ਅਵੱਗਿਆ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ | ਉਕਤ ਫੈਸਲੇ ਬਾਰੇ ਜਦੋਂ ਕਿਸੇ ਸਿਆਸੀ ਦਖਲਅੰਦਾਜ਼ੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਸਨੂੰ ਸ਼੍ਰੋਮਣੀ ਕਮੇਟੀ ਦੀ ਅੰਤਿ੍ੰਗ ਦਾ ਫ਼ੈਸਲਾ ਦੱਸਿਆ | ਇਸ ਦੌਰਾਨ ਇਸ ਮੁੱਦੇ ‘ਤੇ ਪਹਿਲਾਂ ਹੀ ਤਿਆਰ ਫ਼ੈਸਲੇ ਵਾਲੀ ਸਥਿਤੀ ਦੀ ਪੁਸ਼ਟੀ ਉਦੋਂ ਹੋਈ ਜਦੋਂ ਅੰਤਿ੍ੰਗ ਨਾਲ ਬੈਠਕ ‘ਤੋਂ ਪਹਿਲਾਂ ਪ੍ਰਧਾਨ ਜਥੇ: ਅਵਤਾਰ ਸਿੰਘ ਅਤੇ ਉਪ ਪ੍ਰਧਾਨ ਸ: ਰਘੂਜੀਤ ਸਿੰਘ ਵਿਰਕ ਨੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਰਿਹਾਇਸ਼ ਵਿਖੇ ਫੈਸਲੇ ਤੋਂ ਕਰੀਬ ਇਕ ਘੰਟਾ ਪਹਿਲਾਂ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨਾਲ ਗੁਪਤ ਮੀਟਿੰਗ ਕੀਤੀ |

ਜਾਣਕਾਰੀ ਅਨੁਸਾਰ ਮੁੱਖ ਮੰਤਰੀ ਵੀ ਅੱਜ ਸਵੇਰੇ ਗੁਰੂ ਨਗਰੀ ‘ਚ ਹੀ ਸਨ ਅਤੇ ਉਹ ਇਸ ਮੁੱਦੇ ਦਾ ਕੋਈ ਨਰਮ ਹੱਲ ਕਿਆਸਦੇ ਸਨ ਪਰ ਪੰਜ ਪਿਆਰਿਆਂ ਵੱਲੋਂ ਆਪਣੇ ਪੱਖ ‘ਤੇ ਦਿ੍ੜ ਰਹਿਣ ਕਾਰਨ ਉੱਪ ਮੁੱਖ ਮੰਤਰੀ ਨੇ ਮਾਮਲੇ ਨੂੰ ਆਪਣੇ ਹੱਥਾਂ ‘ਚ ਲੈਂਦਿਆਂ ਸਖਤੀ ਕਰਨ ਦਾ ਫ਼ੈਸਲਾ ਕੀਤਾ ਅਤੇ ਇਸੇ ‘ਸਖਤੀ’ ਤਹਿਤ ਤਿਆਰ ਖਰੜੇ ਨੂੰ ਅੰਤਿ੍ੰਗ ਕਮੇਟੀ ਦੀ ਮੀਟਿੰਗ ਦੌਰਾਨ ਰਸਮੀ ਪ੍ਰਵਾਨਗੀ ਦੇ ਦਿੱਤੀ ਗਈ | ਅੰਤਿ੍ੰਗ ਮੀਟਿੰਗ ਦੌਰਾਨ ਫ਼ੈਸਲੇ ਦਾ ਵਿਰੋਧ ਕਰਨ ਵਾਲੇ ਮੈਂਬਰਾਂ ਮੰਗਲ ਸਿੰਘ ਅਤੇ ਭਜਨ ਸਿੰਘ ਸ਼ੇਰਗਿੱਲ ਨੇ ਬੈਠਕ ਤੋਂ ਵਾਕ ਆਊਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਤਾਕਤਾਂ ਆਪਣੇ ਹੰਕਾਰ ਦੀ ਪੂਰਤੀ ਲਈ ਵਰਤ ਰਹੀਆਂ ਹਨ ਅਤੇ ਇਸ ਨਾਲ ਕੌਮ ਦੇ ਹੋ ਰਹੇ ਨੁਕਸਾਨ ਦੀ ਕਿਸੇ ਨੂੰ ਚਿੰਤਾ ਨਹੀਂ |

ਉਨ੍ਹਾਂ ਵੱਲੋਂ ਜਿਥੇ ਫ਼ੈਸਲੇ ਨੂੰ ਸਿੱਧੀ ਅਸਹਿਮਤੀ ਦਿੱਤੀ ਗਈ, ਉਥੇ ਮੈਂਬਰ ਕਰਨੈਲ ਸਿੰਘ ਪੰਜੌਲੀ ਨੇ ਪੰਜ ਪਿਆਰਿਆਂ ‘ਤੇ ਕਾਰਵਾਈ ਦੇ ਨਾਲ ਹੀ ਸਿੰਘ ਸਾਹਿਬਾਨ ਖਿਲਾਫ਼ ਵੀ ਕਾਰਵਾਈ ਦਾ ਮੁੱਦਾ ਬੈਠਕ ‘ਚ ਉਠਾਇਆ, ਜਿਸਨੂੰ ਬਾਕੀ ਮੈਂਬਰਾਂ ਵੱਲੋਂ ਅਹਿਮੀਅਤ ਨਹੀਂ ਦਿੱਤੀ ਗਈ | ਮੀਟਿੰਗ ‘ਚ ਸ: ਕੇਵਲ ਸਿੰਘ ਬਾਦਲ, ਭਾਈ ਰਜਿੰਦਰ ਸਿੰਘ ਮਹਿਤਾ, ਸ: ਦਿਆਲ ਸਿੰਘ ਕੋਲਿਆਂ ਵਾਲੀ, ਸ: ਗੁਰਬਚਨ ਸਿੰਘ ਕਰਮੂਵਾਲਾ, ਸ: ਸੁਰਜੀਤ ਸਿੰਘ ਗੜ੍ਹੀ, ਸ: ਰਾਮਪਾਲ ਸਿੰਘ ਬਹਿਣੀਵਾਲ, ਸ: ਨਿਰਮੈਲ ਸਿੰਘ ਜੌਲਾਂ, ਸ: ਮੋਹਨ ਸਿੰਘ ਬੰਗੀ ਅੰਤਿ੍ੰਗ ਮੈਂਬਰ ਸ਼ਾਮਿਲ ਸਨ |

ਉਕਤ ਫ਼ੈਸਲੇ ਬਾਰੇ ਪੰਜ ਪਿਆਰਿਆਂ ਦਾ ਪੱਖ ਪੇਸ਼ ਕਰਦਿਆਂ ਭਾਈ ਸਤਨਾਮ ਸਿੰਘ ਖੰਡਾ ਨੇ ਕਿਹਾ ਕਿ ਪੰਜ ਪਿਆਰੇ ਸਿੱਖ ਇਤਿਹਾਸ ਮੁਤਾਬਿਕ ਕਿਸੇ ਵੀ ਸੰਸਥਾ ਤੋਂ ਉੱਚਾ ਰੁਤਬਾ ਰੱਖਦੇ ਹਨ ਅਤੇ ਸ਼੍ਰੋਮਣੀ ਕਮੇਟੀ ਸਮੇਤ ਕੋਈ ਵੀ ਸੰਸਥਾ ਇਸ ਅਹੁਦੇ ਨੂੰ ਬਰਖਾਸਤ ਕਰਨ ਦੀ ਹੈਸੀਅਤ ਨਹੀਂ ਰੱਖਦੀ | ਉਨ੍ਹਾਂ ਕਿਹਾ ਕਿ ਕੱਲ੍ਹ ਦੇ ਦਿੱਤੇ ਪ੍ਰੋਗਰਾਮ ‘ਤੇ ਉਹ ਦਿ੍ੜ ਹਨ ਅਤੇ ਸਿੱਖ ਸਿਧਾਂਤਾਂ ਦੀ ਰੌਸ਼ਨੀ ‘ਚ ਅਗਲੇ ਆਦੇਸ਼ ਜਾਰੀ ਕੀਤੇ ਜਾਣਗੇ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਅਸਫ਼ਲ ਰਹੀ ਹੈ, ਜਿਸਨੇ ਸਿਆਸੀ ਪੱਖਪਾਤ ਕਰਦਿਆਂ ਪੰਥਕ ਰਵਾਇਤਾਂ ਨਾਲ ਧ੍ਰੋਹ ਕਮਾਇਆ ਹੈ |

Posted in: ਪੰਜਾਬ