ਪਟਿਆਲਾ ਦੀਆਂ ਦੋ ਮੁਟਿਆਰਾਂ ਭਾਰਤੀ ਹਵਾਈ ਫ਼ੌਜ ਵਿਚ ਚੁਣੀਆਂ ਗਈਆਂ ਲੈਫਟੀਨੈਂਟ

By December 30, 2015 0 Comments


girlsਪਟਿਆਲਾ, 30 ਦਸੰਬਰ- ਪਟਿਆਲਾ ਦੀਆਂ ਦੋ ਮੁਟਿਆਰਾਂ ਏਅਰ ਫੋਰਸ ਲਈ ਲੈਫਟੀਨੈਂਟ ਚੁਣੀਆਂ ਗਈਆਂ ਹਨ | ਇਨ੍ਹਾਂ ਵਿਚੋਂ ਸਰਹਿੰਦ ਰੋਡ ਵਿਖੇ ਸਥਿਤ ਅਾਜ਼ਾਦ ਨਗਰ ਪਟਿਆਲਾ ਦੀ ਵਸਨੀਕ ਰਿਸ਼ਭਜੀਤ ਕੌਰ ਭਾਟੀਆ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਹੈ | ਜਦਕਿ ਦੂਜੀ ਮੁਟਿਆਰ ਨਵਪ੍ਰੀਤ ਕੌਰ ਸੰਧੂ ਵੀ ਸਰਹਿੰਦ ਰੋਡ ‘ਤੇ ਹੀ ਸਥਿਤ ਪਟਿਆਲਾ ਦੇ ਪੈਰਾਂ ਵਿਚ ਵਸੇ ਪਿੰਡ ਝਿੱਲ ਦੀ ਵਸਨੀਕ ਹੈ |
ਰਿਸ਼ਭਜੀਤ ਕੌਰ ਭਾਟੀਆ ਦੇ ਪਿਤਾ ਅਮਰਜੀਤ ਸਿੰਘ ਭਾਟੀਆ ਸੇਵਾ ਮੁਕਤ ਬੈਂਕ ਮੁਲਾਜਮ ਹਨ ਤੇ ਮਾਤਾ ਮਨਜੀਤ ਕੌਰ ਭਾਟੀਆ ‘ਅਕਾਲ ਅਕੈਡਮੀ ਰੀਠਖੇੜੀ’ ਵਿਖੇ ਅਧਿਆਪਕਾ ਵਜੋਂ ਕਾਰਜਸ਼ੀਲ ਹਨ | ਉਨ੍ਹਾਂ ਕਿਹਾ ਕਿ ਰਿਸ਼ਭਜੀਤ ਉਨ੍ਹਾਂ ਦੀ ਪੁੱਤਰਾਂ ਵਰਗੀ ਧੀ ਹੈ, ਜਿਸ ਨੇ ਉਨ੍ਹਾਂ ਦਾ ਮਾਣ ਵਧਾਇਆ ਹੈ | ਪੰਜਾਬ ਸਕੂਲ ਸਿੱਖਿਆ ਬੋਰਡ ਤੋਂ 12ਵੀਂ ਜਮਾਤ ਪਾਸ ਰਿਸ਼ਭਜੀਤ ਕੌਰ ਨੇ ਇਸੇ ਸਾਲ ਹੀ ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਹੈ| ਹਵਾਈ ਫੌਜ ਵਿਚ ‘ਫਲਾਇੰਗ ਅਫਸਰ’ ਵਜੋਂ ਹੋਈ ਇਸ ਚੋਣ ਦੌਰਾਨ ਉਸ ਨੇ ਭਾਰਤ ਭਰ ਵਿਚੋਂ ਦੂਸਰਾ ਸਥਾਨ ਹਾਸਲ ਕੀਤਾ ਹੈ | ਅਕਤੂਬਰ 2015 ਵਿਚ ਉਹ ਇੰਡੀਅਨ ਆਰਮੀ ਵਿਚ ਵੀ ਲੈਫਟੀਨੈਂਟ ਚੁਣੀ ਗਈ ਸੀ ਤੇ ਪਹਿਲੀ ਪੁਜੀਸ਼ਨ ਹਾਸਲ ਕੀਤੀ ਸੀ| ਰਿਸ਼ਭਜੀਤ ਕੌਰ, ਸ਼ੋਮਣੀ ਗੁਰਦਗਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਜਥੇਦਰ ਅਰਜਨ ਸਿੰਘ ਦੀ ਪੋਤੀ ਹੈ|
ਹਵਾਈ ਫੌਜ ਵਿਚ ਲੈਫਟੀਨੈਂਟ ਆਫੀਸਰ ਵਜੋਂ ਹੀ ਚੁਣੀ ਗਈ ਨਵਪ੍ਰੀਤ ਕੌਰ ਦੇ ਪਿਤਾ ਕੇਹਰ ਸਿੰਘ ਤੇ ਮਾਤਾ ਹਰਬੰਸ ਕੌਰ, ਪਟਿਆਲਾ ਦੇ ਝਿੱਲ ਪਿੰਡ ਦੇ ਜ਼ਿੰਮੀਦਾਰਾ ਪਰਿਵਾਰ ਨਾਲ ਸਬੰਧਿਤ ਹਨ | ਪਿਤਾ ਪਹਿਲਾਂ ਕੈਨੇਡਾ ਵਿਚ ਵੀ ਰਹਿੰਦੇ ਰਹੇ ਹਨ | ਨਵਪ੍ਰੀਤ ਕੌਰ ਨੇ ਮੁਢਲੀ ਪੜ੍ਹਾਈ ਡਲਹੌਜ਼ੀ ਅਤੇ ਪਟਿਆਲਾ ਦੇ ਵਾਈਪੀਐਸ ਤੋਂ ਕੀਤੀ ਤੇ ਉਚੇਰੀ ਸਿੱਖਿਆ ਲਈ ਉਹ ਅਮਰੀਕਾ ਵੀ ਗਈ, ਜਿਥੋਂ ਉਸ ਨੇ ਫੋਰੈਂਸਿਕ ਸਬੰਧੀ ਸਿੱਖਿਆ ਪ੍ਰਾਪਤ ਕੀਤੀ | ਇਸੇ ਦੌਰਾਨ ਇਸ ਚੋਣ ਉਪਰੰਤ ਪਿੰਡ ਪਰਤਣ ‘ਤੇ ਪਿੰਡ ਵਾਸੀਆਂ ਵੱਲੋਂ ਨਵਪ੍ਰੀਤ ਕੌਰ ਦਾ ਭਰਵਾਂ ਸਵਾਗਤ ਕੀਤਾ ਗਿਆ | ਸਵਾਗਤ ਕਰਨ ਵਾਲਿਆਂ ਵਿਚ ਇਸੇ ਪਿੰਡ ਦੇ ਨੌਜਵਾਨ ਆਗੂ ਅਤੇ ਪਟਿਆਲਾ ਦੇ ਐਮਸੀ ਮਾਲਵਿੰਦਰ ਸਿੰਘ ਝਿੱਲ, ਸਾਬਕਾ ਸਰਪੰਚ ਪਿੱਪਲ ਸਿੰਘ, ਜਸਵੰਤ ਸਿੰਘ ਸਰਪੰਚ, ਰਣਜੀਤ ਸਿੰਘ ਲੰਬੜਦਾਰ, ਅਮਰੀਕ ਸਿੰਘ ਤੇ ਕਾਂਗਰਸ ਆਗੂ ਕੇ.ਕੇ. ਸ਼ਰਮਾ ਆਦਿ ਦੇ ਨਾਮ ਸ਼ਾਮਲ ਹਨ |

Posted in: ਪੰਜਾਬ