ਕੈਸ਼ ਵੈਨ ਲੁੱਟਣ ਲਈ ਕੀਤੀ ਗਈ ਗੋਲੀਬਾਰੀ ਦੌਰਾਨ ਤਿੰਨ ਜ਼ਖ਼ਮੀ

By December 28, 2015 0 Comments


acccc
ਕੈਸ਼ ਵੈਨ ਦੇ ਡਰਾਈਵਰ ਦੀ ਹੁਸ਼ਿਆਰੀ ਨਾਲ ਲੁੱਟ ਤੋਂ ਹੋਇਆ ਬਚਾਅ

ਤਲਵੰਡੀ ਭਾਈ/ਫ਼ਿਰੋਜ਼ਸ਼ਾਹ, 28 ਦਸੰਬਰ – ਅੱਜ ਸਵੇਰੇ ਫ਼ਿਰੋਜ਼ਪੁਰ-ਮੋਗਾ ਰੋਡ ‘ਤੇ ਜੋੜੀਆਂ ਨਹਿਰਾਂ ਨੇੜੇ ਸਥਿਤ ਐਕਸਲ ਬੈਂਕ ਦੀ ਹਕੂਮਤ ਸਿੰਘ ਵਾਲਾ ਬਰਾਂਚ ਸਾਹਮਣੇ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਵੱਲੋਂ ਐਕਸਿਸ ਬੈਂਕ ਦੀ ਕੈਸ਼ ਵੈਨ ਨੂੰ ਲੁੱਟਣ ਨੂੰ ਦੀ ਕੋਸ਼ਿਸ਼ ਕੀਤੀ ਗਈ। ਲੁਟੇਰਿਆਂ ਵੱਲੋਂ ਕੈਸ਼ ਵੈਨ ਲੁੱਟਣ ਲਈ ਕੀਤੀ ਗਈ ਗੋਲੀਬਾਰੀ ਦੌਰਾਨ ਕੈਸ਼ ਵੈਨ ਦੇ ਅਮਲੇ ‘ਚ ਸ਼ਾਮਿਲ ਤਿੰਨ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਲਿਜਾਇਆ ਗਿਆ ਹੈ।

ਜਦਕਿ ਕੈਸ਼ ਵੈਨ ਦਾ ਡਰਾਈਵਰ ਹੁਸ਼ਿਆਰੀ ਵਰਤਦਿਆਂ ਕੈਸ਼ ਵੈਨ ਨੂੰ ਭਜਾ ਕੇ ਘੱਲ ਖ਼ੁਰਦ ਥਾਣੇ ਲੈ ਜਾਣ ‘ਚ ਸਫਲ ਹੋ ਗਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 10:15 ਵਜੇ ਐਕਸਿਸ ਬੈਂਕ ਦੀਆਂ ਵੱਖ-ਵੱਖ ਬਰਾਂਚਾਂ ਨੂੰ ਕੈਸ਼ ਦੇਣ ਵਾਲੀ ਵੈਨ ਜਿਉਂ ਹੀ ਫ਼ਿਰੋਜ਼ਪੁਰ-ਮੋਗਾ ਰੋਡ ‘ਤੇ ਐਕਸਿਸ ਬੈਂਕ ਦੀ ਹਕੂਮਤ ਸਿੰਘ ਵਾਲਾ ਬਰਾਂਚ ਦੇ ਸਾਹਮਣੇ ਪੁੱਜੀ ਤਾਂ ਕੈਸ਼ ਵੈਨ ਦੇ ਸੁਰੱਖਿਆ ਕਰਮੀਆਂ ਅਤੇ ਹੋਰ ਅਮਲੇ ਨੇ ਬੈਂਕ ਬਰਾਂਚ ‘ਚ ਨਗਦੀ ਲਿਜਾਉਣ ਲਈ ਅਜੇ ਕੈਸ਼ ਵੈਨ ਦਾ ਦਰਵਾਜ਼ਾ ਖੋਲ੍ਹਿਆ ਹੀ ਸੀ ਕਿ ਉੱਥੇ ਆਈ ਚਿੱਟੇ ਰੰਗ ਦੀ ਸਕਾਰਪੀਓ ਵਿਚ ਸਵਾਰ ਵਿਅਕਤੀਆਂ ਨੇ ਕੈਸ਼ ਵੈਨ ਦੇ ਅਮਲੇ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸਦੇ ਚੱਲਦਿਆਂ ਵੈਨ ਵਿਚੋਂ ਕੈਸ਼ ਕੱਢਣ ਲਈ ਖੜ੍ਹੇ ਤਿੰਨ ਵਿਅਕਤੀਆਂ ਦੇ ਗੋਲੀਆਂ ਲੱਗ ਗਈਆਂ, ਜੋ ਜ਼ਖ਼ਮੀ ਹੋ ਕੇ ਘਟਨਾ ਸਥਾਨ ‘ਤੇ ਹੀ ਡਿਗ ਪਏ।

ਕੈਸ਼ ਵੈਨ ਲੁੱਟਣ ਲਈ ਹੋਏ ਹਮਲੇ ਬਾਰੇ ਪਤਾ ਲੱਗਦਿਆਂ ਹੀ ਕੈਸ਼ ਵੈਨ ਦੇ ਡਰਾਈਵਰ ਨੇ ਉੱਥੋਂ ਕੈਸ਼ ਵੈਨ ਭਜਾ ਲਈ ਕੈਸ਼ ਵੈਨ ਨੂੰ ਘਟਨਾ ਸਥਾਨ ਤੋਂ ਅੱਧਾ ਕਿੱਲੋਮੀਟਰ ਦੂਰ ਘੱਲ ਖ਼ੁਰਦ ਥਾਣੇ ਤੱਕ ਲਿਜਾਉਣ ‘ਚ ਸਫਲ ਹੋ ਗਿਆ, ਜਿਸਦੇ ਚੱਲਦਿਆਂ ਵੱਡੀ ਲੁੱਟ ਤੋਂ ਬਚਾਅ ਹੋ ਗਿਆ।ਐਕਸਿਸ ਬੈਂਕ ਦੀ ਕੈਸ਼ ਵੈਨ ‘ਤੇ ਹਮਲਾ ਕਰਨ ਉਪਰੰਤ ਫ਼ਰਾਰ ਹੋਏ ਅਣਪਛਾਤੇ ਲੁਟੇਰਿਆਂ ਨੇ ਘਟਨਾ ਸਥਾਨ ਤੋਂ ਕਰੀਬ 8 ਕਿੱਲੋਮੀਟਰ ਦੂਰ ਪਿੰਡ ਪਤਲੀ ਨੇੜੇ ਪੁੱਜ ਕੇ ਇੱਕ ਕੱਸੀ ਦੀ ਪਟੜੀ ‘ਤੇ ਆਪਣੀ ਸਕਾਰਪੀਓ ਨੂੰ ਅੱਗ ਲਗਾ ਦਿੱਤੀ ਅਤੇ ਉੱਥੋਂ ਕਿਸੇ ਹੋਰ ਵਾਹਨ ‘ਤੇ ਸਵਾਰ ਹੋ ਕੇ ਫ਼ਰਾਰ ਹੋ ਗਏ।