ਪੰਜਾਬ ਵਿੱਚੋ ਪਤਿਤਪੁਣਾ ਖਤਮ ਕਰਨ ਦੇ ਮੱਗਰਮੱਛ ਦੇ ਹੰਝੂ ਵਹਾਉਣ ਦੀ ਬਜਾਏ ਸੁਖਬੀਰ ਤੁਰੰਤ ਅਸਤੀਫਾ ਦੇਵੇ- ਸਰਨਾ

By December 28, 2015 0 Comments


ਅੰਮ੍ਰਿਤਸਰ 28 ਦਸੰਬਰ (ਜਸਬੀਰ ਸਿੰਘ) ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵੱਲੋ ਪੰਜਾਬ ਵਿੱਚ ਵੱਧ ਰਹੇ ਪਤਿਤਪੁਣੇ ਤੋ ਰੋਕ ਲਗਾਉਣ ਲਈ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਅਪੀਲ ਕਰਨ ਨੂੰ ਹਾਸੋਹੀਣਾ ਕਰਾਰ ਦਿੰਦਿਆ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸ਼ੋਮਣੀ ਕਮੇਟੀ ਤੇ ਪਿਛਲੇ 30 ਸਾਲਾ ਤੋ ਅਤੇ 15 ਸਾਲ ਪੰਜਾਬ ਸਰਕਾਰ ਕੇ ਅਕਾਲੀ ਦਲ ਬਾਦਲ ਦਾ ਹੀ ਕਬਜ਼ਾ ਰਿਹਾ ਹੈ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਪਤਿਤਪੁਣੇ ਅਤੇ ਨਸ਼ਿਆ ਦੀ ਦਲਦਲ ਵਿੱਚ ਧੱਕਣ ਵਾਲਾ ਲਈ ਸ਼੍ਰੋਮਣੀ ਅਕਾਲੀ ਦਲ , ਸ਼੍ਰੋਮਣੀ ਕਮੇਟੀ ਤੇ ਸਰਕਾਰ ਬਰਾਬਰ ਦੇ ਜਿੰਮੇਵਾਰ ਹਨ, ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਨਈਆ ਡੱਬਦੀ ਵੇਖ ਕੇ ਹੁਣ ਪੰਜਾਬ ਦੀ ਤਰਸਯੋਗ ਹਾਲਤ ਲਈ ਮੱਗਰਮੱਛ ਦੇ ਹੰਝੂ ਨਹੀ ਵਹਾਉਣੇ ਚਾਹੀਦੇ ਸਗੋ ਪੰਜਾਬ ਦੀ ਬਰਬਾਦੀ ਲਈ ਆਪਣੀ ਜਿੰਮੇਵਾਰੀ ਕਬੂਲ ਕੇ ਤੁਰੰਤ ਆਹੁਦੇ ਤੋ ਅਸਤੀਫੇ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ 90 ਫੀਸਦੀ ਤੋ ਵੀ ਉਪਰ ਪੰਜਾਬ ਦੇ ਨੌਜਵਾਨ ਅਕਾਲੀ ਸਰਕਾਰ ਦੀਆ ਗਲਤ ਨੀਤੀਆ ਤੇ ਅਕਾਲੀ ਸਰਕਾਰ ਵਿੱਚ ਸ਼ਾਮਲ ਮੰਤਰੀਆ ਸੰਤਰੀਆ ਵੱਲੋ ਕੀਤੇ ਜਾਂਦੇ ਨਸ਼ੀਲੇ ਪਦਾਰਥਾਂ ਦੇ ਧੰਦੇ ਕਾਰਨ ਪਤਿਤਪੁਣੇ ਅਤੇ ਨਸ਼ੀਲੇ ਪਦਾਰਥਾਂ ਦੀ ਦਲਦਲ ਫਸ ਚੁੱਕੇ ਹਨ। ਉਹਨਾਂ ਕਿਹਾ ਕਿ ਅੱਜ ਪੰਜਾਬ ਦੇ ਹਰ ਘਰ ਵਿੱਚ ਕੋਈ ਨਾ ਕੋਈ ਵਿਅਕਤੀ ਨਸ਼ਿਆ ਦੀ ਲਪੇਟ ਵਿੱਚ ਆਇਆ ਹੋਇਆ ਹੈ ਤੇ ਸ਼੍ਰੋਮਣੀ ਕਮੇਟੀ ਅਧੀਨ ਕਈ ਇਤਿਹਾਸਕ ਅਸਥਾਨ ਜਿਹੜੇ ਖੰਡਰ ਬਣਦੇ ਜਾ ਰਹੇ ਹਨ ਨਸ਼ੇ ਕਰਨ ਵਾਲੇ ਨੌਜਵਾਨਾਂ ਦੇ ਕੇਂਦਰ ਬਣੇ ਹੋਏ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਇੱਕ ਪਾਸੇ 429 ਸਕੂਲ ਬੰਦ ਕਰਕੇ 1500 ਨਵੇਂ ਠੇਕੇ ਖੋਹਲ ਦਿੱਤੇ ਹਨ ਤੇ ਦੂਜੇ ਪਾਸੇ ਪੰਜਾਬ ਵਿੱਚ ਨਸ਼ਾਬੰਦੀ ਦੀਆ ਬਾਤਾਂ ਪਾਈਆ ਜਾ ਰਹੀਆ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੁੱਠੇ ਰਾਹ ਪਾ ਕੇ ਹੁਣ ਸੁਖਬੀਰ ਸਿੰਘ ਬਾਦਲ ਜਾਂ ਅਵਤਾਰ ਸਿੰਘ ਮੱਕੜ ਹੀ ਵਾਪਸ ਨਹੀ ਲਿਆ ਸਕਦੇ ਸਗੋ ਇਹਨਾਂ ਨੂੰ ਆਪਣੇ ਆਹੁਦੇ ਛੱਡ ਕੇ ਕੀਤੇ ਪਾਪਾਂ ‘ਤੇ ਪਸ਼ਚਾਤਾਪ ਕਰਨਾ ਚਾਹੀਦਾ ਹੈ । ਉਹਨਾਂ ਕਿਹਾ ਕਿ ਅੱਜ ਅਕਾਲੀ ਸਰਕਾਰ ਦੇ ਮੰਤਰੀ ਨਸ਼ੀਲੇ ਪਦਾਰਥਾਂ ਦੇ ਕੇਸਾਂ ਨੂੰ ਲੈ ਕੇ ਕੇਂਦਰੀ ਜਾਂਚ ਏਜੰਸੀ ਈ.ਡੀ ਕੋਲ ਜੇਬ ਕੱਤਰਿਆ ਵਾਂਗ ਤਰੀਕਾ ਭੁਗਤ ਰਹੇ ਹਨ ਅਤੇ ਪੇਸ਼ੀ ਦੀ ਆਪਣੀ ਵਾਰੀ ਦੀ ਉਡੀਕ ਕਰਦੇ ਵੇਖੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ਦਾ ਬੇੜਾ ਗਰਕ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਤੇ ਹੁਣ ਆਪਣੀ ਨਈਆ ਡੁੱਬਦੀ ਵੇਖ ਕੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਵਿੱਚਲਾ ਪਤਿਤਪੁਣਾ ਯਾਦ ਆ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਵੋਟਾਂ ਪੰਥਕ ਸਰਕਰ ਸਮਝ ਕੇ ਪਾਈਆ ਸਨ ਪਰ ਬਾਦਲਾਂ ਦੀ ਸਰਕਾਰ ਤਾਂ ਬਾਬਰਾਂ ਜਾਬਰਾ ਤੋ ਮਾੜੀ ਸਾਬਤ ਹੋਈ ਹੈ ਜਿਸ ਕਾਰਨ ਅੱਜ ਪੰਜਾਬ ਦਾ ਹਰ ਵਰਗ ਦੁੱਖੀ ਹੈ ਤੇ ਉਹ ਬਦਲਾ ਚਾਹੁੰਦਾ ਹੈ।
ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਤਿੰਨ ਸਾਲਾ ਵਿੱਚ ਜੋ ਬਾਦਲ ਮਾਰਕਾ ਦਿੱਲੀ ਕਮੇਟੀ ‘ਤੇ ਕਾਬਜ਼ ਧਿਰ ਨੇ ਕੀਤਾ ਹੈ ਉਹ ਵੀ ਦਿੱਲੀ ਸਿੱਖਾਂ ਦੇ ਧਿਆਨ ਵਿੱਚ ਹੈ ਅਤੇ ਇਹਨਾਂ ਕਬਜਾਧਾਰੀਆ ਨੇ ਸਿਰਫ ਗੋਲਕ ਨੂੰ ਹੀ ਨਹੀ ਲੁੱਟਿਆ ਸਗੋ ਜਿਹੜੀਆ 98 ਕਰੋੜ ਦੀਆ ਐਫ.ਡੀ.ਆਰਜ਼ ਉਹਨਾਂ ਨੇ ਆਪਣੇ ਸੇਵਾ ਕਾਰਜਕਾਲ ਦੌਰਾਨ ਇਕੱਠੀਆ ਕੀਤੀਆ ਸਨ ਉਹ ਵੀ ਛੱਕ ਗਏ ਹਨ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਅੱਜ ਚਰਿੱਤਰਹੀਣਤਾ ਤੇ ਲੁੱਟੇਰਿਆ ਦਾ ਅੱਡਾ ਬਣ ਚੁੱਕੀ ਹੈ ਤੇ ਸਮਾਂ ਆਉਣ ਤੇ ਦਿੱਲੀ ਦੀ ਸਿੱਖ ਸੰਗਤ ਇਹਨਾਂ ਕੋਲੋ ਹਿਸਾਬ ਜਰੂਰ ਲਵੇਗੀ।

Posted in: ਪੰਜਾਬ