ਅਕਾਲੀ ਦਲ ਤੋਂ ਬਾਅਦ ਕਾਂਗਰਸ ਵੀ ਗੱਠਜੋੜ ਦੇ ਰਾਹ ਪੈਣ ਲਈ ਮਜਬੂਰ

By December 27, 2015 0 Comments


amarinderਚੰਡੀਗੜ੍ਹ, 27 ਦਸੰਬਰ- ਪੰਜਾਬ ਦੀ ਸਿਆਸਤ ਵਿੱਚ ਵੀ ਹੁਣ ਗੱਠਜੋਡ਼ ਮਜਬੂਰੀ ਬਣਨ ਲੱਗੇ ਹਨ ਅਤੇ ਕੋਈ ਵੀ ਸਿਆਸੀ ਪਾਰਟੀ ਆਪਣੇ ਪੱਧਰ ’ਤੇ ਸਰਕਾਰ ਬਣਾਉਣ ਦੇ ਸਮਰੱਥ ਨਹੀਂ ਜਾਪਦੀ। ਇਸੇ ਕੜੀ ਤਹਿਤ ਹੀ ਹੁਣ ਕਾਂਗਰਸ ਵੀ ਅਕਾਲੀ ਦਲ ਵਾਂਗ ਗੱਠਜੋੜਾਂ ਦੇ ਰਾਹ ਪੈਣ ਲਈ ਮਜ਼ਬੂਰ ਹੋ ਗਈ ਹੈ।

ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੇ ਦਸਤਕ ਦੇਣ ਤੋਂ ਬਾਅਦ ਰਾਜ ਦਾ ਸਿਆਸੀ ਨਕਸ਼ਾ ਪੂਰੀ ਤਰ੍ਹਾਂ ਬਦਲਦਾ ਜਾਪ ਰਿਹਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਜੋ ਕਿਸੇ ਵੇਲੇ ਚੋਣਾਂ ਦੌਰਾਨ ਸੀਪੀਆਈ, ਸੀਪੀਆਈ (ਐਮ), ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਪੀਪਲਜ਼ ਪਾਰਟੀ ਆਫ ਪੰਜਾਬ (ਪੀਪੀਪੀ) ਦੀ ਹੋਂਦ ਉਪਰ ਮਜ਼ਾਕੀਆ ਬਿਆਨਬਾਜ਼ੀ ਕਰਕੇ ਆਪਣੇ ਬਲਬੂਤੇ ’ਤੇ ਪੰਜਾਬ ਸਰ ਕਰਨ ਦੇ ਦਾਅਵੇ ਕਰਦੇ ਸਨ, ਉਹ ਹੁਣ ਬਿਹਾਰ ਵਾਂਗ ਮਹਾਂਗੱਠਬੰਧਨ ਬਣਾਉਣ ਦੀ ਲੋੜ ਉਪਰ ਜ਼ੋਰ ਦੇ ਰਹੇ ਹਨ।

ਕਾਂਗਰਸ ਦੇ ਜਾਣਕਾਰ ਹਲਕਿਆਂ ਅਨੁਸਾਰ ਪਾਰਟੀ ਬਾਹਰੀ ਤੌਰ ’ਤੇ ਜੋ ਮਰਜ਼ੀ ਕਹੀ ਜਾਵੇ ਪਰ ਅੰਦਰੂਨੀ ਤੌਰ ’ਤੇ ਇਹ ਗੱਲ ਮੰਨ ਚੁੱਕੀ ਹੈ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਤਿਕੋਣਾ ਮੁਕਾਬਲਾ ਹੋਵੇਗਾ। ਇਸ ਤਿਕੋਣੇ ਮੁਕਾਬਲੇ ਦੀ ਸੰਭਾਵਨਾ ਨੇ ਖਾਸ ਕਰਕੇ ਕਾਂਗਰਸ ਦੀ ਲੀਡਰਸ਼ਿਪ ਦੇ ਹੋਸ਼ ਉਡਾਏ ਪਏ ਹਨ ਕਿਉਂਕਿ ਅਕਾਲੀ ਦਲ-ਭਾਜਪਾ ਗੱਠਜੋੜ ਵਿਰੁੱਧ ਭੁਗਤਣ ਵਾਲੀਆਂ ਵੋਟਾਂ ਹੁਣ ‘ਆਪ’ ਦੇ ਆਉਣ ਨਾਲ ਇਕੱਲੀ ਕਾਂਗਰਸ ਉਪਰ ਮਿਹਰਬਾਨ ਹੋਣ ਦੀ ਥਾਂ ਦੋ ਹਿੱਸਿਆਂ ਵਿਚ ਵੰਡੀਆਂ ਜਾਣ ਦੇ ਅਸਾਰ ਬਣ ਗਏ ਹਨ।

ਦੂਸਰੇ ਪਾਸੇ ਅਕਾਲੀ ਦਲ ਕੁਝ ਰਾਹਤ ਮਹਿਸੂਸ ਕਰ ਰਿਹਾ ਹੈ ਕਿਉਂਕਿ ਇਸ ਦੀ ਲੀਡਰਸ਼ਿਪ ਮਹਿਸੂਸ ਕਰ ਰਹੀ ਹੈ ਕਿ ਸਰਕਾਰ ਵਿਰੁੱਧ ਚੱਲਣ ਵਾਲੀ ਸੰਭਾਵੀ ਵਿਰੋਧੀ ਹਵਾ ਦਾ ਹੁਣ ਇਕੱਲੀ ਕਾਂਗਰਸ ਜਾਂ ‘ਆਪ’ ਲਾਭ ਨਹੀਂ ਉਠਾ ਸਕਣਗੀਆਂ ਅਤੇ ਇਹ ਵੰਡ ਅਕਾਲੀ ਦਲ ਲਈ ਵਰਦਾਨ ਸਾਬਤ ਹੋ ਸਕਦੀ ਹੈ। ਅਜਿਹੀਆਂ ਗਿਣਤੀਆਂ-ਮਿਣਤੀਆਂ ਕਾਰਨ ਹੀ ਇਸ ਵਾਰ ਕੈਪਟਨ ਸਭ ਤੋਂ ਵੱਧ ਤਰਜੀਹ ਗੱਠਜੋੜ ਬਣਾਉਣ ਨੂੰ ਦੇ ਰਹੇ ਹਨ। ਇਸ ਦਾ ਇਕ ਮੁੱਖ ਕਾਰਨ ਬਿਨਾਂ ਕਿਸੇ ਸੰਗਠਨ ਤੋਂ ‘ਆਪ’ ਵਲੋਂ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਖਾਮੋਸ਼ ਹਨੇਰੀ ਲਿਆ ਕੇ 24.5 ਫੀਸਦ ਵੋਟਾਂ ਹਾਸਲ ਕਰਨੀਆਂ ਹਨ।

ਹੁਣ ‘ਆਪ’ ਦੇ ਵਿਆਪਕ ਪੱਧਰ ’ਤੇ ਸੰਗਠਨ ਬਣਾਉਣ ਕਾਰਨ ਪੰਜਾਬ ਦੇ ਰਵਾਇਤੀ ਲੀਡਰ ਚੁੱਪ-ਚੁਪੀਤੇ ਮੰਨ ਰਹੇ ਹਨ ਕਿ ਇਸ ਪਾਰਟੀ ਦਾ ਝਾੜੂ ਕਿਸੇ ਦੀ ਵੀ ਸਫਾਈ ਕਰ ਸਕਦਾ ਹੈ। ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਤੋਂ ਪੀਪੀਪੀ ਦੇ ਮੁਖੀ ਮਨਪ੍ਰੀਤ ਬਾਦਲ ਨੂੰ ਕਾਂਗਰਸ ਦੇ ਕੋਟੇ ਵਿਚੋਂ ਟਿਕਟ ਦੇਣ ਕਾਰਨ ਉਸ ਵੇਲੇ ਨਾਖੁਸ਼ੀ ਪ੍ਰਗਟ ਕਰਨ ਵਾਲੇ ਕੈਪਟਨ ਹੁਣ ਇਸ ਆਗੂ ਨਾਲ ਗੱਠਜੋੜ ਬਾਰੇ ਗੱਲਬਾਤ ਵੀ ਕਰ ਚੁੱਕੇ ਹਨ। ਉਨ੍ਹਾਂ ਵਲੋਂ ਅਗਲੇ ਦਿਨੀਂ ਬਸਪਾ, ਸੀਪੀਆਈ ਤੇ ਸੀਪੀਆਈ (ਐਮ) ਦੀ ਲੀਡਰਸ਼ਿਪ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਉਧਰ ਭਾਵੇਂ ‘ਆਪ’ ਦੀ ਲੀਡਰਸ਼ਿਪ ਆਪਣੇ ਪੱਧਰ ’ਤੇ 117 ਸੀਟਾਂ ’ਤੇ ਚੋਣਾਂ ਲੜਨ ਦੇ ਦਾਅਵੇ ਕਰ ਰਹੀ ਹੈ ਪਰ ਅਸਿੱਧੇ ਢੰਗ ਨਾਲ ਇਹ ਪਾਰਟੀ ਵੀ ਗੱਠਜੋੜ ਦੀ ਹਾਮੀ ਭਰ ਰਹੀ ਹੈ।

ਇਹੋ ਕਾਰਨ ਹੈ ਕਿ ਆਪਣੀਆਂ ਕਥਨੀਆਂ ਦੇ ਉਲਟ ‘ਆਪ’ ਵਲੋਂ ਕਾਂਗਰਸ, ਅਕਾਲੀ ਦਲ ਅਤੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਧੜਾਧੜ ਆਪਣੇ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪਿਛਲੇ ਲੰਮੇ ਸਮੇਂ ਤੋਂ ਹੀ ਇਹ ਗੱਲ ਪ੍ਰਵਾਨ ਕਰ ਚੁੱਕੀ ਹੈ ਕਿ ਉਹ ਆਪਣੇ ਪੱਧਰ ’ਤੇ ਸਰਕਾਰ ਬਣਾਉਣ ਦੇ ਸਮਰੱਥ ਨਹੀਂ ਹੈ ਜਿਸ ਕਾਰਨ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਹਰੇਕ ਚੋਣ ਦੌਰਾਨ ਭਾਜਪਾ ਦਾ ਲੜ ਫੜ ਕੇ ਹੀ ਸੱਤਾ ਦੀਆਂ ਪੌੜੀਆਂ ਚੜ੍ਹਨ ਦਾ ਆਪਣਾ ਇਰਾਦਾ ਪੱਕਾ ਰੱਖਿਆ ਹੈ।

ਪਿਛਲੇ ਸਮਿਆਂ ਦੌਰਾਨ ਸਿੱਧੂ ਜੋੜੀ ਸਮੇਤ ਵੱਖ-ਵੱਖ ਮੁੱਦਿਆਂ ਉਪਰ ਭਾਜਪਾ ਦੇ ਮੰਤਰੀਆਂ ਅਨਿਲ ਜੋਸ਼ੀ ਤੇ ਮਦਨ ਮੋਹਨ ਮਿੱਤਲ, ਭਾਜਪਾ ਪੰਜਾਬ ਦੇ ਪ੍ਰਧਾਨ ਕਮਲ ਸ਼ਰਮਾ ਆਦਿ ਵਲੋਂ ਲਏ ਗਏ ਵੱਖਰੇ ਸਟੈਂਡਾਂ ਦੇ ਬਾਵਜੂਦ ਇਹ ਦੋਵੇਂ ਪਾਰਟੀਆਂ ਆਪਣਾ ਰਾਜ ਕਾਇਮ ਰੱਖਣ ਲਈ ਇਕ-ਦੂਸਰੇ ਨਾਲ ਸਮਝੌਤਿਆਂ ਦੀ ਰਾਜਨੀਤੀ ਕਰਦੀਆਂ ਆ ਰਹੀਆਂ ਹਨ।

Posted in: ਪੰਜਾਬ