ਮੋਦੀ ਦਾ ਅਚਾਨਕ ਲਾਹੌਰ ਜਾਣਾ ਕ੍ਰਿਸ਼ਮੇ ਤੋਂ ਘੱਟ ਨਹੀਂ : ਬਾਦਲ

By December 27, 2015 0 Comments


Parkash-Singh-Badal

ਲੁਧਿਆਣਾ(ਮੁੱਲਾਂਪੁਰੀ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਪਾਕਿਸਤਾਨ ਦਾ ਦੌਰਾ ਖੜ੍ਹੇ ਪੈਰ ਕਰਨ ਦੀ ਜ਼ੁਰੱਅਤ ਦਿਖਾਈ ਹੈ, ਉਸ ਨਾਲ ਇਹ ਸਾਬਤ ਹੋ ਗਿਆ ਹੈ ਕਿ ਸ਼੍ਰੀ ਮੋਦੀ ਇਕ ਅਮਨ ਪਸੰਦ ਤੇ ਅਗਾਂਹਵਧੂ ਵਿਚਾਰਾਂ ਵਾਲੇ ਨੇਤਾ ਹਨ। ਇਹ ਸ਼ਬਦ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸ਼ਾਮੀਂ ਆਪਣੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਨਿਵਾਸ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।

ਉਨ੍ਹਾਂ ਕਿਹਾ ਕਿ ਸ਼੍ਰੀ ਮੋਦੀ ਨੇ ਲਾਹੌਰ ਦਾ ਦੌਰਾ ਕਰਕੇ ਇਕ ਤਰ੍ਹਾਂ ਕ੍ਰਿਸ਼ਮਾ ਕਰਕੇ ਵਿਖਾਇਆ ਹੈ, ਜਿਸ ਦੀ ਦੇਸ਼ ਵਿਦੇਸ਼ ਵਿਚ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਦੇ ਪਾਕਿਸਤਾਨ ਨਾਲ ਚੰਗੇ ਸਬੰਧ ਅਤੇ ਅਮਨ-ਸ਼ਾਂਤੀ ਹੁੰਦੀ ਹੈ ਤਾਂ ਉਸਦਾ ਸਭ ਤੋਂ ਵੱਡਾ ਫਾਇਦਾ ਸਰੱਹਦੀ ਸੂਬੇ ਪੰਜਾਬ ਨੂੰ ਹੋਵੇਗਾ, ਕਿਉਂਕਿ ਪਾਕਿਸਤਾਨ ਦੀਆਂ ਸਰਹੱਦਾਂ ਪੰਜਾਬ ਨਾਲ ਲੱਗਦੀਆਂ ਹਨ ਅਤੇ ਇਥੋਂ ਵਪਾਰ ਦੇ ਆਉਣ-ਜਾਣ ਦੇ ਰਸਤੇ ਖੁੱਲ੍ਹਣ ‘ਤੇ ਸਭ ਤੋਂ ਵੱਧ ਵਪਾਰ ਦੇ ਸੋਮੇ ਪੰਜਾਬ ਵਿਚ ਪੈਦਾ ਹੋਣਗੇ।

ਦਿੱਲੀ ਵਿਚ ਆਮ ਪਾਰਟੀ ਵੱਲੋਂ ਜੇਤਲੀ ਖ਼ਿਲਾਫ ਦਰਜ ਕਰਵਾਏ ਜਾ ਰਹੇ ਕ੍ਰਿਕਟ ਸਟੇਡੀਅਮ ਘਪਲੇ ਮਾਮਲੇ ਬਾਰੇ ਪੁੱਛੇ ਸਵਾਲ ‘ਤੇ ਸ. ਬਾਦਲ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਅਤਿ-ਨਿੰਦਣਯੋਗ ਹਨ ਅਤੇ ਇਹ ਆਮ ਆਦਮੀ ਪਾਰਟੀ ਨੇ ਕੁਝ ਕੰਮ ਕਰਨ ਦੀ ਬਜਾਏ ਸਿਰਫ ਸ਼ੌਹਰਤ ਹਾਸਲ ਕਰਨ ਲਈ ਇਹ ਰਸਤਾ ਅਪਣਾਇਆ ਹੈ।

Posted in: ਪੰਜਾਬ