ਜੈਸੀ ਕਰਨੀ ਵੈਸੀ ਭਰਨੀ – ਲੜਕੀ ਨੂੰ ਆਤਮਹੱਤਿਆ ਲਈ ਮਜਬੂਰ ਕਰਨ ਵਾਲੇ ਲੜਕੇ ਨੇ ਆਪ ਵੀ ਆਤਮਹੱਤਿਆ ਕੀਤੀ

By December 27, 2015 0 Comments


boyਤਲਵੰਡੀ ਭਾਈ, 27 ਦਸੰਬਰ – ਪਿੰਡ ਵਾੜਾ ਭਾਈ ਕਾ ਵਿਖੇ ਇੱਕ ਲੜਕੀ ਵੱਲੋਂ ਕੀਤੀ ਗਈ ਆਤਮ ਹੱਤਿਆ ਦੇ ਦੋਸ਼ ‘ਚ ਨਾਮਜ਼ਦ ਨੌਜਵਾਨ ਵੱਲੋਂ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭਾਈ ਕਾ ਵਾੜਾ ਨਿਵਾਸੀ ਤ੍ਰਿਪਤਾ ਕੌਰ ਪੁੱਤਰੀ ਕੇਵਲ ਸਿੰਘ ਨੇ 17 ਦਸੰਬਰ ਨੂੰ ਸਰਹਿੰਦ ਫੀਡਰ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਡੁੱਬ ਜਾਣ ਕਾਰਨ ਉਸਦੀ ਮੌਤ ਹੋ ਗਈ ਸੀ। ਬੀਤੇ ਦਿਨ ਉਸਦੀ ਲਾਸ਼ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਕਲਾਂ ਨੇੜੇ ਨਹਿਰ ਵਿੱਚ ਤੈਰਦੀ ਹੋਈ ਮਿਲੀ ਸੀ।

ਮ੍ਰਿਤਕ ਤ੍ਰਿਪਤਾ ਕੌਰ ਦੇ ਭਰਾ ਜਸਪਾਲ ਸਿੰਘ ਨੇ ਪੁਲਿਸ ਨੂੰ ਬਿਆਨ ਕਲਮਬੱਧ ਕਰਵਾਉਂਦਿਆਂ ਦੱਸਿਆ ਕਿ ਉਸਦੀ ਭੈਣ ਤ੍ਰਿਪਤਾ ਕੌਰ ਮੁੱਦਕੀ ਵਿਖੇ ਇੱਕ ਆਈਲੈਟਸ ਸੈਂਟਰ ‘ਤੇ ਨੌਕਰੀ ਕਰਦੀ ਸੀ ਅਤੇ 17 ਦਸੰਬਰ ਨੂੰ ਉਹ ਇੱਕ ਟੈਂਪੂ ਵਿੱਚ ਸਵਾਰ ਹੋਈ ਤਾਂ ਉਨ੍ਹਾਂ ਦੇ ਪਿੰਡ ਦੇ ਹੀ ਗੁਰਪ੍ਰੀਤ ਸਿੰਘ (20) ਪੁੱਤਰ ਸੁਖਚੈਨ ਸਿੰਘ ਨੇ ਉਸ ਨਾਲ ਬਦਤਮੀਜ਼ੀ ਕੀਤੀ ਅਤੇ ਤ੍ਰਿਪਤਾ ਕੌਰ ਨੇ ਉਸ ਵੱਲੋਂ ਕੀਤੀ ਗਈ ਛੇੜਛਾੜ ਨੂੰ ਨਾ ਸਹਾਰਦੇ ਹੋਏ ਖ਼ੁਦਕੁਸ਼ੀ ਕਰ ਲਈ, ਜਿਸਦੇ ਚੱਲਦਿਆਂ ਥਾਣਾ ਘੱਲ ਖ਼ੁਰਦ ਪੁਲਿਸ ਵੱਲੋਂ ਗੁਰਪ੍ਰੀਤ ਸਿੰਘ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਮਾਮਲਾ ਕਰ ਲਿਆ ਗਿਆ ਅਤੇ ਉਸਦੀ ਭਾਲ ਆਰੰਭ ਕਰ ਦਿੱਤੀ, ਪ੍ਰੰਤੂ ਬੀਤੀ ਰਾਤ ਗੁਰਪ੍ਰੀਤ ਸਿੰਘ ਨੇ ਵੀ ਇੱਕ ਦਰਖ਼ਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ, ਜਿਸਦੀ ਅੱਜ ਸਵੇਰੇ ਪਿੰਡ ਵਾਸੀਆਂ ਨੂੰ ਪਤਾ ਲੱਗਣ ਤੇ ਥਾਣਾ ਘੱਲ ਖੁਰਦ ਪੁਲਿਸ ਨੂੰ ਸੂਚਿਤ ਕੀਤਾ ਗਿਆ।