ਪੰਜਾਬ ’ਚ ‘ਆਪ’ ਦੇ ਜਜ਼ਬੇ ਦੀ ਫੂਕ ਨਿਕਲੀ: ਕੈਪਟਨ

By December 26, 2015 0 Commentsਚੰਡੀਗੜ੍ਹ, 26 ਦਸੰਬਰ: ਪੰਜਾਬ ਕਾਂਗਰਸ ਵੱਲੋਂ ਸੁਖਪਾਲ ਸਿੰਘ ਖਹਿਰਾ ਦੇ ਪਾਰਟੀ ਛੱਡਣ ਤੋਂ ਬਾਅਦ ਅੱਜ ਇਥੇ ਸਮਾਗਮ ਰਚਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਨਾਮ ਦੇ ਸਾਬਕਾ ਮੈਂਬਰ ਇੰਦਰਮੋਹਨ ਸਿੰਘ ਸਮੇਤ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਅਾਗੂਅਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਅਾ। ੲਿਸ ਦੌਰਾਨ ਦਾਅਵਾ ਕੀਤਾ ਗਿਅਾ ਕਿ ਕਾਂਗਰਸ ਸਮੁੰਦਰ ਵਾਂਗ ਹੈ, ਜਿਸ ਵਿੱਚੋਂ ਜੇ ਕੋੲੀ ਇਕ ਲੀਡਰ ਜਾਵੇਗਾ ਤਾਂ 100 ਹੋਰ ਸ਼ਾਮਲ ਹੋ ਜਾਣਗੇ।
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਲਾਲ ਸਿੰਘ, ਸੁਨੀਲ ਜਾਖੜ, ਜਗਮੀਤ ਸਿੰਘ ਬਰਾੜ, ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਆਦਿ ਆਗੂਆਂ ਦੀ ਮੌਜੂਦਗੀ ਵਿੱਚ ੲਿਹ ਵੀ ਦਾਅਵਾ ਕੀਤਾ ਕਿ ਸੂਬੇ ਵਿੱਚੋਂ ਅਕਾਲੀ ਦਲ-ਭਾਜਪਾ ਗਠਜੋੜ ਦਾ ਭੋਗ ਪੈ ਚੁੱਕਾ ਹੈ ਅਤੇ ‘ਆਪ’ ਦੇ ਜਜ਼ਬੇ ਦੀ ਫੂਕ ਨਿਕਲ ਚੁੱਕੀ ਹੈ। ਉਨ੍ਹਾਂ ਚੀਮਾ ਮੰਡੀ ਦੇ ਇਕ ਮਾਮਲੇ ਵਿੱਚ ਕੁਝ ਵਿਅਕਤੀਆਂ ਦੀਆਂ ਲੱਤਾਂ-ਬਾਹਾਂ ਵੱਢਣ ਦੀਆਂ ਫੋਟੋਆਂ ਦਿਖਾਉਂਦਿਆਂ ਅਤੇ ਅਬੋਹਰ ਕਾਂਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਕਾਨੂੰਨ ਦਾ ਸ਼ਾਸਨ ਲਾਗੂ ਕਰਨ ਤੋਂ ਪੂਰੀ ਤਰਾਂ ਫੇਲ੍ਹ ਹੋ ਚੁੱਕੀ ਹੈ। ਕਾਂਗਰਸ ਵਿਧਾਇਕ ਰਾਣਾ ਗੁਰਮੀਤ ਸੋਢੀ ਦੇ ਅਬੋਹਰ ਕਾਂਡ ਦੇ ਮੁਲਜ਼ਮਾਂ ਨਾਲ ਸਬੰਧ ਹੋਣ ਤੋਂ ੳੁਨ੍ਹਾਂ ਇਨਕਾਰ ਕੀਤਾ।

‘ਆਪ’ ’ਤੇ ਵਰ੍ਹਦਿਅਾਂ ੳੁਨ੍ਹਾਂ ਕਿਹਾ ਕਿ ੲਿਸ ਪਾਰਟੀ ਦਾ ਨਾ ਤਾਂ ਕੋਈ ਜਥੇਬੰਦਕ ਢਾਂਚਾ ਹੈ ਅਤੇ ਨਾ ਹੀ ਇਸ ਦੇ ਕਿਸੇ ਲੀਡਰ ਕੋਲ ਸਰਕਾਰ ਚਲਾਉਣ ਦਾ ਤਜਰਬਾ ਹੈ। ਉਨ੍ਹਾਂ ਮਜ਼ਾਕ ਵਿੱਚ ਕਿਹਾ ਕਿ ਚੁਟਕਲੇ ਸੁਣਾ ਕੇ ਅਤੇ ਰੈਲੀਆਂ ਕਰ ਕੇ ਸਰਕਾਰਾਂ ਨਹੀਂ ਚੱਲਦੀਆਂ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਦੋ-ਤਿੰਨ ਦਿਨਾਂ ਵਿੱਚ ਕਮੇਟੀ ਦੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਲਈ ਆਗੂਆਂ ਦੀ ਸੂਚੀ ਹਾਈਕਮਾਂਡ ਨੂੰ ਭੇਜ ਦੇਣਗੇ ਅਤੇ ਜਨਵਰੀ ਦੇ ਪਹਿਲੇ ਹਫ਼ਤੇ ’ਚ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਜਾਵੇਗਾ। ੳੁਨ੍ਹਾਂ ਕਿਹਾ ਕਿ ਇਸ ਵਾਰ ਪਿਛਲੇ ਸਮਿਆਂ ਵਾਂਗ ਐਨ ਮੌਕੇ ’ਤੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਜਾਵੇਗਾ ਸਗੋਂ ਚੋਣਾਂ ਤੋਂ ਛੇ ਮਹੀਨੇ ਪਹਿਲਾਂ ਹੀ ਟਿਕਟਾਂ ਵੰਡ ਦਿੱਤੀਆਂ ਜਾਣਗੀਆਂ। ਉਨ੍ਹਾਂ ਖ਼ੁਲਾਸਾ ਕੀਤਾ ਕਿ ਮਹਾਗਠਜੋਡ਼ ਲੲੀ ਪੀਪਲਜ਼ ਪਾਰਟੀ ਆਫ ਪੰਜਾਬ (ਪੀਪੀਪੀ) ਦੇ ਮੁਖੀ ਮਨਪ੍ਰੀਤ ਸਿੰਘ ਬਾਦਲ ਅਤੇ ਸੀਪੀਆਈ (ਐਮ) ਦੇ ਕੌਮੀ ਲੀਡਰ ਨਾਲ ਗੱਲਬਾਤ ਕਰ ਚੁੱਕੇ ਹਨ ਅਤੇੇ ਛੇਤੀ ਹੀ ਬਸਪਾ ਤੇ ਸੀਪੀਆਈ ਆਦਿ ਆਗੂਆਂ ਨਾਲ ਰਾਬਤਾ ਕਾੲਿਮ ਕੀਤਾ ਜਾੲੇਗਾ।

ਉਨ੍ਹਾਂ ਕੇਂਦਰੀ ਜੇਲ੍ਹ ਪਟਿਆਲਾ ’ਚ ਸੀਨੀਅਰ ਪੱਤਰਕਾਰ ਕੰਵਰ ਸੰਧੂ ਉਪਰ ਹੋਏ ਹਮਲੇ ਦੇ ਮਾਮਲੇ ਵਿੱਚ ਸ੍ਰੀ ਸੰਧੂ ਦੀ ਪਿੱਠ ’ਤੇ ਆਉਂਦਿਆਂ ਕਿਹਾ ਕਿ ਇਕ ਪੱਤਰਕਾਰ ਨੂੰ ਹਰੇਕ ਥਾਂ ਜਾ ਕੇ ਖ਼ਬਰ ਲੱਭਣ ਦਾ ਹੱਕ ਹੈ। ਬਾਦਲਾਂ ਨਾਲ ਦੋਸਤਾਨਾ ਮੈਚ ਖੇਡਣ ਦਾ ਖੰਡਨ ਕਰਦਿਆਂ ੳੁਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਤਾਂ ਉਨ੍ਹਾਂ ਦੀ ਸ਼ੁਰੂ ਤੋਂ ਹੀ ਨਹੀਂ ਬਣਦੀ ਅਤੇ ਬਾਦਲਾਂ ਵਿਰੁੱਧ ਦਰਜ ਕੇਸ ਸਰਕਾਰੀ ਗਵਾਹ ਮੁਕਰਨ ਕਾਰਨ ਖ਼ਾਰਜ ਹੋਏ ਹਨ। ਉਨ੍ਹਾਂ ਕਿਹਾ ਕਿ ਜੇ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਰਮਨਜੀਤ ਸਿੰਘ ਸਿੱਕੀ ਮੁੜ ਲੜਨਾ ਚਾਹੁੰਣਗੇ ਤਾਂ ਪਾਰਟੀ ਉਨ੍ਹਾਂ ਨੂੰ ਉਮੀਦਵਾਰ ਬਣਾਉਣ ਲਈ ਤਿਆਰ ਹੈ ਕਿਉਂਕਿ ਸਾਲ 1984 ਦੌਰਾਨ ਉਨ੍ਹਾਂ (ਕੈਪਟਨ) ਨੇ ਵੀ ਭਾਵੁਕ ਹੋ ਕੇ ਅਸਤੀਫ਼ਾ ਦਿੱਤਾ ਸੀ।