ਕਰਤਾਰਪੁਰ ਦੇ ਲਾਘੇ ਨੂੰ ਅਮਲੀਜਾਮਾ ਪਹਿਨਾਉਣ ਲਈ ਸੁਖਬੀਰ ਬਾਦਲ ਕੇਂਦਰ ਸਰਕਾਰ ਤੱਕ ਪਹੁੰਚ ਕਰੇ- ਸਰਨਾ

By December 26, 2015 0 Comments


sarna brothersਅੰਮ੍ਰਿਤਸਰ 26 ਦਸੰਬਰ (ਜਸਬੀਰ ਸਿੰਘ) ਸ੍ਰ ਹਰਵਿੰਦਰ ਸਿੰਘ ਸਰਨਾ ਸਕਤੱਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵੱਲੋ ਕਰਤਾਰਪੁਰ ਲਾਘੇ ਦੀ ਮੰਗ ਨੂੰ ਉਠਾਉਣ ਦਾ ਸੁਆਗਤ ਕਰਦਿਆ ਕਿਹਾ ਕਿ ਕਿੰਨਾ ਚੰਗਾ ਹੁੰਦਾ ਜੇਕਰ ਅਕਾਲੀ ਦਲ ਬਾਦਲ 14 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋ ਉਠਾਈ ਗਈ ਮੰਗ ਸਮੇਂ ਸਾਥ ਦਿੰਦਾ ਤਾਂ ਅੱਜ ਨਤੀਜਾ ਕੁਝ ਹੋਰ ਹੁੰਦਾ।

ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਉਹਨਾਂ ਨੇ ਕਰਤਾਰਪੁਰ ਲਾਂਘੇ ਦੀ ਮੰਗ ਉਠਾਈ ਸੀ ਤੇ ਉਸ ਸਮੇਂ ਪਾਕਿਸਤਾਨ ਸਰਕਾਰ ਨਾਲ ਵੀ ਇਹ ਮੁੱਦਾ ਗਰਮਜੋਸ਼ੀ ਨਾਲ ਉਠਾਇਆ ਗਿਆ ਸੀ ਅਤੇ ਪਾਕਿਸਤਾਨ ਸਰਕਾਰ ਇਹ ਲਾਘਾਂ ਦੇਣ ਲਈ ਤਿਆਰ ਹੋ ਗਈ ਸੀ ਪਰ ਤੱਤਕਾਲੀ ਹਿੰਦੋਸਤਾਨ ਦੇ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਕੋਈ ਦਿਲਚਸਪੀ ਨਹੀ ਵਿਖਾਈ ਸੀ ਅਤੇ ਨਾ ਹੀ ਸਰਕਾਰ ਵਿੱਚ ਭਾਈਵਾਲ ਅਕਾਲੀ ਦਲ ਬਾਦਲ ਦੇ ਸੰਸਦ ਮੈਂਬਰਾਂ ਨੇ ਇਸ ਮੰਗ ਨੂੰ ਕੋਈ ਅਹਿਮੀਅਤ ਦਿੱਤੀ ਸੀ।

ਉਹਨਾਂ ਕਿਹਾ ਕਿ ਜੇਕਰ ਉਸ ਸਮੇਂ ਥੋੜੀ ਜਿਹੀ ਵੀ ਗੰਭੀਰਤਾ ਬਾਦਲ ਦਲ ਨੇ ਵਿਖਾਈ ਹੁੰਦੀ ਹੁਣ ਤੱਕ ਲਾਘਾਂ ਮਿਲ ਗਿਆ ਹੁੰਦਾ। ਉਹਨਾਂ ਕਿਹਾ ਕਿ ਅੱਜ ਵੀ ਸਥਿਤੀ ਉਸੇ ਪ੍ਰਕਾਰ ਦੀ ਹੈ ਤੇ ਪਾਕਿਸਤਾਨ ਵਿੱਚ ਸ੍ਰ ਪਰਕਾਸ਼ ਸਿੰਘ ਬਾਦਲ ਦੇ ਖਾਸ ਮਿੱਤਰ ਨਵਾਜ਼ ਸ਼ਰੀਫ ਤੇ ਹਿੰਦੋਸਤਾਨ ਵਿੱਚ ਉਹਨਾਂ ਦੇ ਨਹੁੰ ਮਾਸ ਦੇ ਰਿਸ਼ਤੇ ਵਾਲੇ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਹੈ ਜਿਸ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਮੰਤਰੀ ਵੀ ਹੈ। ਦੇਰ ਆਏ ਦਰੁਸਤ ਆਏ ਦੀ ਕਹਾਵਤ ਦਾ ਹਵਾਲਾ ਦਿੰਦਿਆ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਜੇਕਰ ਇਹ ਮੰਗ ਉਠਾਈ ਹੈ ਤਾਂ ਉਹ ਇਸ ਦਾ ਸੁਆਗਤਯੋਗ ਕਰਦੇ ਹਨ ਅਤੇ ਇਸ ਮੰਗ ਨੂੰ ਸਿਰਫ ਬਿਆਨ ਤੱਕ ਹੀ ਸੀਮਤ ਨਹੀ ਰੱਖਿਆ ਜਾਣਾ ਚਾਹੀਦਾ ਸਗੋ ਅਮਲੀ ਰੂਪ ਵਿੱਚ ਪ੍ਰੀਕਿਰਿਆ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।

ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ 2006 ਵਿੱਚ ਦਿੱਲੀ ਤੋ ਨਨਕਾਣਾ ਸਾਹਿਬ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਹੇਠ ਲਿਜਾਏ ਗਏ ਨਗਰ ਕੀਰਤਨ ਦਾ ਬਾਈਕਾਟ ਕਰਕੇ ਬੱਜਰ ਗਲਤੀ ਕੀਤੀ ਸੀ ਜਿਸ ਦਾ ਸਿੱਖ ਸੰਗਤਾਂ ਵਿੱਚ ਦੁਨੀਆ ਭਰ ਵਿੱਚ ਰੋਸ ਪਾਇਆ ਗਿਆ। ਉਹਨਾਂ ਕਿਹਾ ਕਿ ਜਿਹੜੀ ਸੰਸਥਾ ਗੁਰੂ ਸਾਹਿਬ ਦਾ ਸੰਦੇਸ਼ ਦਾ ਘਰ ਘਰ ਪਹੁੰਚਾਉਣ ਦੀ ਜਿੰਮੇਵਾਰੀ ਨਿਭਾ ਰਹੀ ਹੋਵੇ ਉਸ ਵੱਲੋ ਗੁਰੂ ਸਾਹਿਬ ਦੀ ਅਗਵਾਈ ਵਾਲੇ ਨਗਰ ਕੀਰਤਨ ਦਾ ਬਾਈਕਾਟ ਕੀਤਾ ਜਾਣਾ ਕਦਾਚਿਤ ਵੀ ਵਾਜਬ ਨਹੀ ਹੈ। ਉਹਨਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਘੇ, ਸ੍ਰੀ ਪਟਨਾ ਸਾਹਿਬ ਦਾ ਵਿਕਾਸ, ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਜਾਬ ਦੇ ਮੁੱਦਿਆ ਨੂੰ ਸਿਰਫ 2017 ਦੀਆ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਹੀ ਨਹੀ ਵੇਖਿਆ ਜਾਣਾ ਚਾਹੀਦਾ ਸਗੋ ਯਥਾਰਥ ਰੂਪ ਇਹਨਾਂ ਮੁੱਦਿਆ ਵੱਲ ਧਿਆਨ ਕੇਂਦਰਿਤ ਕਰਕੇ ਇਹਨਾਂ ਦਾ ਹੱਲ ਕੀਤਾ ਜਾਣਾ ਜਰੂਰੀ ਹੈ।

Posted in: ਪੰਜਾਬ