ਸ਼ਹੀਦ ਤਾਰਾ ਸਿੰਘ ਵਾਂ

By December 25, 2015 0 Comments


-ਭਗਵਾਨ ਸਿੰਘ ਜੌਹਲ

ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਨੇੜੇ ਵਸਿਆ ਪਿੰਡ ‘ਵਾਂ’ ਜਿਥੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ tara singhਸਮਾਉਣ ਤੋਂ ਪੰਜ-ਛੇ ਸਾਲ ਪਹਿਲਾਂ 1702 ਈ: ਨੂੰ ਇਕ ਕਿਰਤੀ-ਕਿਸਾਨ ਭਾਈ ਗੁਰਦਾਸ ਦੇ ਗ੍ਰਹਿ ਵਿਖੇ ਭਾਈ ਤਾਰਾ ਸਿੰਘ ਦਾ ਜਨਮ ਹੋਇਆ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਦਸਮ ਪਾਤਸ਼ਾਹ ਵੱਲੋਂ ਆਰੰਭੇ ਸੰਘਰਸ਼ ਦੀ ਜ਼ਿੰਮੇਵਾਰੀ ਸੰਭਾਲੀ ਤਾਂ ਭਾਈ ਤਾਰਾ ਸਿੰਘ ਦੇ ਪਿਤਾ ਭਾਈ ਗੁਰਦਾਸ ਨੇ ਮਾਝੇ ਦੇ ਸਿੱਖਾਂ ਨੂੰ ਲਾਮਬੰਦ ਕਰਨ ਦੇ ਫ਼ਰਜ਼ਾਂ ਨੂੰ ਬਾਖੂਬੀ ਨਿਭਾਇਆ।

ਭਾਈ ਗੁਰਦਾਸ ਦੇ ਪੰਜ ਪੁੱਤਰਾਂ ਵਿਚੋਂ ਵੱਡੇ ਭਾਈ ਤਾਰਾ ਸਿੰਘ ਸਨ, ਜਿਨ੍ਹਾਂ ਨੇ ਭਾਈ ਮਨੀ ਸਿੰਘ ਤੋਂ ਅੰਮ੍ਰਿਤ ਪਾਨ ਕੀਤਾ ਸੀ। ਜਦੋਂ ਲਾਹੌਰ ਸੂਬੇ ਦਾ ਪ੍ਰਬੰਧ ਜ਼ਕਰੀਆ ਖਾਨ ਕੋਲ ਆਇਆ ਤਾਂ ਹਰ ਜਣਾ-ਖਣਾ ਸਿੱਖਾਂ ਉੱਪਰ ਜ਼ੁਲਮ ਕਰਨ ਲੱਗ ਪਿਆ। ਇਨ੍ਹਾਂ ਦਿਨਾਂ ਵਿਚ ਚੌਧਰੀ ਸਾਹਿਬ ਰਾਏ ਨੌਸ਼ਹਿਰਾ ਢਾਲਾ ਨੇ ਭਾਈ ਤਾਰਾ ਸਿੰਘ ਵਾਂ ਉੱਪਰ ਆਪਣੀਆਂ ਘੋੜੀਆਂ ਚੋਰੀ ਹੋਣ ਦਾ ਦੋਸ਼ ਮੜ੍ਹ ਕੇ ਪੱਟੀ ਦੇ ਫ਼ੌਜਦਾਰ ਜਾਫ਼ਰ ਬੇਗ ਨੂੰ ਉਕਸਾ ਕੇ ਭਾਈ ਤਾਰਾ ਸਿੰਘ ਵਾਂ ਉੱਪਰ ਹਮਲਾ ਕਰਵਾ ਦਿੱਤਾ।

ਜਦੋਂ ਜਾਫ਼ਰ ਬੇਗ ਨੂੰ ਇਸ ਹਮਲੇ ਵਿਚ ਮੂੰਹ ਦੀ ਖਾਣੀ ਪਈ ਤਾਂ ਉਹ ਚੌਧਰੀ ਸਾਹਿਬ ਰਾਏ ਨੂੰ ਆਪਣੇ ਨਾਲ ਲਾਹੌਰ ਲੈ ਗਿਆ ਅਤੇ ਉਸ ਨੇ ਜ਼ਕਰੀਆ ਖਾਨ ਕੋਲ ਸਿੰਘਾਂ ਦੀ ਵਧ ਰਹੀ ਤਾਕਤ ਦਾ ਜ਼ਿਕਰ ਕੀਤਾ। ਲਾਹੌਰ ਤੋਂ ਜ਼ਕਰੀਆ ਖਾਨ ਨੇ ਆਪਣੇ ਸੈਨਾਪਤੀ ਮੋਮਨ ਖ਼ਾਨ ਨੂੰ 2500 ਘੋੜ ਸਵਾਰ, ਪੰਜ ਹਾਥੀ ਅਤੇ ਕਈ ਤੋਪਾਂ ਦੇ ਕੇ ਭਾਈ ਤਾਰਾ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਭੇਜਿਆ।

ਜਦੋਂ ਮੋਮਨ ਖਾਨ ਦੇ ਆਉਣ ਦੀ ਸੂਚਨਾ ਅਣਖੀਲੇ ਸਿੱਖ ਭਾਈ ਤਾਰਾ ਸਿੰਘ ਨੂੰ ਮਿਲੀ ਤਾਂ ਉਸ ਨੇ ਪਿੰਡ ਵਿਚ ਇਕੱਠੇ ਹੋਏ ਸਿੰਘਾਂ ਦੀ ਵਹੀਰ ਨੂੰ ਮਾਲਵੇ ਵੱਲ ਨੂੰ ਤੋਰ ਦਿੱਤਾ। ਆਪਣੇ ਨਾਲ ਕੇਵਲ 18 ਸਿੰਘਾਂ ਨੂੰ ਸ਼ਹੀਦੀਆਂ ਪਾਉਣ ਲਈ ਰੱਖ ਲਿਆ। ਸਿੰਘ ਮੈਦਾਨ ਵਿਚ ਡਟ ਗਏ, ਭਾਈ ਸਾਹਿਬ ਨਾਲ ਹਮਦਰਦੀ ਪ੍ਰਗਟ ਕਰਨ ਵਾਲੇ ਅਨੇਕਾਂ ਸਿੱਖਾਂ ਨੇ ਉਨ੍ਹਾਂ ਨੂੰ ਬਚ ਕੇ ਰਹਿਣ ਲਈ ਬੇਨਤੀਆਂ ਕੀਤੀਆਂ। ਸਵੇਰੇ ਇਸ਼ਨਾਨ ਕਰਕੇ ਅਤੇ ਨਿਤਨੇਮ ਕਰਨ ਤੋਂ ਉਪਰੰਤ ਮੋਰਚਿਆਂ ਵਿਚ ਡਟ ਗਏ।

ਮੋਮਨ ਖਾਨ ਦੀ ਸੈਨਾ ਤੇ ਮੁੱਠੀ ਭਰ ਸਿੰਘਾਂ ਵਿਚ ਗਹਿਗੱਚ ਯੁੱਧ ਹੋਇਆ। ਰਾਤ ਪੈ ਜਾਣ ਕਾਰਨ ਲੜਾਈ ਬੰਦ ਹੋ ਗਈ। 24 ਦਸੰਬਰ 1725 ਨੂੰ ਸਵੇਰ ਸਮੇਂ ਮੁੜ ਯੁੱਧ ਆਰੰਭ ਹੋਇਆ। ਭਾਈ ਤਾਰਾ ਸਿੰਘ ਵਾਂ ਸਮੇਤ 21 ਸਿੰਘ ਜਾਨ ਹੂਲ ਕੇ ਲੜੇ। ਮੋਮਨ ਖਾਨ ਦੀ ਫ਼ੌਜ ਦਾ ਨੁਕਸਾਨ ਹੱਦ ਤੋਂ ਵੀ ਵੱਧ ਹੋਇਆ। 21 ਸਿੰਘਾਂ ਦੇ ਸਿਰਾਂ ਨੂੰ ਨੇਜ਼ਿਆਂ ਉੱਪਰ ਟੰਗ ਕੇ ਮੋਮਨ ਖਾਂ ਨਗਾਰੇ ਵਜਾਉਂਦਾ ਅਤੇ ਜਿੱਤ ਦੇ ਜਸ਼ਨ ਮਨਾਉਂਦਾ ਬਾਕੀ ਬਚੇ ਫ਼ੌਜੀਆਂ ਸਮੇਤ ਲਾਹੌਰ ਪੁੱਜਾ।

ਇਸ ਮੁਖ਼ਬਰੀ ਕਾਰਨ ਹੋਏ ਹਮਲੇ ਵਿਚ ਹੋਈਆਂ ਇਨ੍ਹਾਂ ਸ਼ਹਾਦਤਾਂ ਦੀ ਖ਼ਬਰ ਜਦੋਂ ਖ਼ਾਲਸੇ ਨੂੰ ਮਿਲੀ ਤਾਂ ਇਸ ਤੋਂ ਪਿੱਛੋਂ 1726 ਸਾਲ ਚੜ੍ਹਦਿਆਂ ਹੀ ਸਰਬੱਤ ਖ਼ਾਲਸਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਬੁਲਾਇਆ ਗਿਆ। ਸਰਬੱਤ ਖ਼ਾਲਸਾ ਦੇ ਗੁਰਮਤੇ ਅਨੁਸਾਰ ਇਨ੍ਹਾਂ ਸ਼ਹੀਦੀਆਂ ਦਾ ਬਦਲਾ ਲੈਣ ਤੋਂ ਇਲਾਵਾ ਮੁਖ਼ਬਰੀ ਕਰਨ ਵਾਲੇ ਦੋਖੀਆਂ ਨੂੰ ਸਖਤ ਸਜ਼ਾਵਾਂ ਦੇਣ ਅਤੇ ਸੋਧਣ ਦਾ ਫ਼ੈਸਲਾ ਕੀਤਾ ਗਿਆ।

ਪਿੰਡ: ਜੌਹਲ, ਡਾਕ: ਬੋਲੀਨਾ ਦੁਆਬਾ, ਜ਼ਿਲ੍ਹਾ ਜਲੰਧਰ ਮੋ : 98143-24040.
Originally published in ajit jalandhar
Tags: ,
Posted in: ਸਾਹਿਤ