ਠੱਗ ਗਰੋਹ ਦੀ ਮੈਂਬਰ ਅੌਰਤ ਦੋ ਕਿਲੋ ‘ਸੋਨੇ’ ਸਮੇਤ ਗ੍ਰਿਫ਼ਤਾਰ

By December 25, 2015 0 Comments


ਚੰਡੀਗੜ੍ਹ, 25 ਦਸੰਬਰ-ਚੰਡੀਗੜ੍ਹ ਪੁਲੀਸ ਨੇ ਨਕਲੀ ਸੋਨੇ ਨੂੰ ਵੇਚ ਕੇ ਲੋਕਾਂ ਨੂੰ ਵੱਡੇ ਪੱਧਰ ’ਤੇ ਲੁੱਟਣ ਵਾਲੇ ਗਰੋਹ ਦੀ ਇਕ ਅੌਰਤ ਨੂੰ ਦੋ ਕਿਲੋ ‘ਸੋਨੇ’ ਸਮੇਤ ਗ੍ਰਿਫਤਾਰ ਕੀਤਾ ਹੈ। ਅੌਰਤ ਦੀ ਪਛਾਣ ਅਲੀਗੜ੍ਹ ਦੀ 50 ਸਾਲਾ ਧਾਨੀ ਦੇਵੀ ਵਜੋਂ ਹੋਈ ਹੈ। ਉਸ ਦਾ ਭਰਾ ਰਾਮ ਲਾਲ ਅਤੇ ਭਤੀਜਾ ਅਰਜੁਨ ਫਰਾਰ ਹਨ।
ਡੀਐਸਪੀ ਕੇਂਦਰੀ ਸਤੀਸ਼ ਕੁਮਾਰ ਨੇ ਦੱਸਿਆ ਕਿ ਗਰੋਹ ਦੀ ਸਰਗਣਾ ਅੌਰਤ ਨੂੰ ਸੈਕਟਰ-11 ਥਾਣੇ ਦੇ ਐਸਐਚਓ ਨਰਿੰਦਰ ਪਟਿਆਲ ਦੀ ਟੀਮ ਨੇ ਨਾਟਕੀ ਢੰਗ ਨਾਲ ਗ੍ਰਿਫਤਾਰ ਕੀਤਾ ਹੈ। ਇਹ ਗਰੋਹ ਆਪਣੇ ਕੋਲ ਮੌਜੂਦ ਕਥਿਤ ਸੋਨਾ ਇਹ ਕਹਿ ਕੇ ਲੋਕਾਂ ਨੂੰ ਸਸਤਾ ਖ਼ਰੀਦਣ ਦਾ ਲਾਲਚ ਦਿੰਦਾ ਸੀ ਕਿ ਇਹ ਸੋਨਾ ਰਾਜੇ-ਮਹਾਰਾਜਿਆਂ ਦੇ ਮਹੱਲਾਂ ਆਦਿ ਦੀ ਖੁਦਾਈ ਦੌਰਾਨ ਮਿਲਿਆ ਹੈ। ਇਸ ਦੌਰਾਨ ਗਰੋਹ ਦੇ ਮੈਂਬਰਾਂ ਨੇ ਸੈਕਟਰ-15 ਦੀ ਮਾਰਕੀਟ ਦੇ ਇਕ ਦੁਕਾਨਦਾਰ ਰਾਜੇਸ਼ ਮਹਾਜਨ ਦਾ ਵਿਸ਼ਵਾਸ ਜਿੱਤ ਲਿਆ ਤੇ ਦਾਅਵਾ ਕੀਤਾ ਕਿ ਖੁਦਾਈ ਦੌਰਾਨ ਉਨ੍ਹਾਂ ਨੂੰ ਦੋ ਕਿਲੋ ਸੋਨਾ ਮਿਲਿਆ ਹੈ, ਜਿਸ ਨੂੰ ੳੁਨ੍ਹਾਂ ਸਸਤਾ ਵੇਚਣ ਦਾ ਲਾਲਚ ਦਿੱਤਾ।
ਦੁਕਾਨਦਾਰ ਨੇ ਪੁਲੀਸ ਨੂੰ ਦੱਸਿਆ ਕਿ ਗਰੋਹ ਦੇ ਦੋ ਪੁਰਸ਼ ਮੈਂਬਰ 24 ਦਸੰਬਰ ਨੂੰ ਸੋਨੇ ਦੀਆਂ ਛੋਟੇ-ਛੋਟੇ ਟੁਕੜਿਆਂ ਨਾਲ ਜੜੀਆਂ 1.8 ਕਿਲੋ ਭਾਰੀਆਂ ਲੜੀਆਂ ਲੈ ਕੇ ਉਸ ਦੀ ਦੁਕਾਨ ਵਿਖੇ ਪੁੱਜੇ ਤੇ ਉਸ ਨੂੰ ‘ਸੋਨੇ’ ਦੀਆਂ ਲੜੀਆਂ ਦਿਖਾਈਆਂ ਤੇ ਉਨ੍ਹਾਂ ਵਿਚੋਂ ਇਕ ਵਿਸ਼ੇਸ ਟੁਕੜਾ ਕੱਢ ਕੇ ਟੈਸਟ ਕਰਨ ਲਈ ਉਸ ਨੂੰ ਦੇ ਦਿੱਤਾ ਜੋ ਸ੍ਰੀ ਮਹਾਜਨ ਵੱਲੋਂ ਟੈਸਟ ਕਰਾੳੁਣ ’ਤੇ ਅਸਲੀ ਨਿਕਲਿਆ। ਸ੍ਰੀ ਮਹਾਜਨ ਨੂੰ ਗਰੋਹ 1.8 ਕਿਲੋ ਸੋਨਾ ਡੇਢ ਲੱਖ ਰੁਪਏ ਦੇਣ ਲਈ ਰਾਜ਼ੀ ਹੋ ਗਿਆ। ਦੁਕਾਨਦਾਰ ਨੂੰ ਇਸ ਦੇ ਬਾਵਜੂਦ ਦਾਲ ਵਿਚ ਕੁਝ ਕਾਲਾ ਜਾਪਿਆ ਅਤੇ ਉਸ ਨੇ ਇਸ ਦੀ ਇਤਲਾਹ ਪੁਲੀਸ ਨੂੰ ਦੇਣੀ ਜ਼ਰੂਰੀ ਸਮਝੀ।
ਐਸਐਚਓ ਸ੍ਰੀ ਪਟਿਆਲ ਨੇ ਦੱਸਿਆ ਕਿ ਪੁਲੀਸ ਦੇ ਕਹਿਣ ’ਤੇ ਮਹਾਜਨ ਨੇ ਡੇਢ ਲੱਖ ਰੁਪਏ ਵਿਚ ਸੋਨਾ ਲੈਣ ਦੀ ਹਾਮੀ ਭਰ ਦਿੱਤੀ ਤੇ ਗਰੋਹ ਨੂੰ ਅੱਜ ਪੀਜੀਆਈ ਦੇ ਮੁੱਖ ਗੇਟ ’ਤੇ ਸੋਨਾ ਲੈਣ ਲਈ ਸੱਦਿਆ। ਪੁਲੀਸ ਨੇ ਪਹਿਲਾਂ ਹੀ ਉਥੇ ਗੁਪਤ ਨਾਕਾ ਲਾ ਲਿਆ ਤੇ ਉਥੇ ਵਿਚਰ ਰਹੀ ਇਕ ਸ਼ੱਕੀ ਮਹਿਲਾ ਧਾਨੀ ਦੇਵੀ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ 1.8 ਕਿਲੋ ਨਕਲੀ ਸੋਨਾ ਬਰਾਮਦ ਹੋਇਆ, ਜੋ ਲੜੀਆਂ ਦੇ ਰੂਪ ਵਿਚ ਸੀ। ਪੁੱਛ-ਪੜਤਾਲ ਦੌਰਾਨ ਉਸ ਨੇ ਗਰੋਹ ਵਿਚ ਸ਼ਾਮਲ ਆਪਣੇ ਭਰਾ ਰਾਮ ਲਾਲ ਤੇ ਭਤੀਜੇ ਅਰਜੁਨ ਬਾਰੇ ਜਾਣਕਾਰੀ ਦਿੱਤੀ ਕਿ ੳੁਹ ਜ਼ੀਰਕਪੁਰ ਵਿਖੇ ਖੁਦਾਈ ਦਾ ਕੰਮ ਕਰ ਰਹੇ ਹਨ ਪਰ ੳੁਹ ੳੁਥੋਂ ਪੁਲੀਸ ਨੂੰ ਨਹੀਂ ਮਿਲੇ। ਸ੍ਰੀ ਪਟਿਆਲ ਨੇ ਦੱਸਿਆ ਕਿ ਇਹ ਗਰੋਹ ਨਕਲੀ ਸੋਨੇ ਦੀਆਂ ਲੜੀਆਂ ਵਿਚ ਇਕ ਅਸਲੀ ਟੁਕੜਾ ਫਿੱਟ ਕਰ ਦਿੰਦਾ ਹੈ ਜੋ ਗਾਹਕ ਨੂੰ ਟੈਸਟ ਕਰਨ ਲਈ ਦੇ ਕੇ ਆਪਣੇੇ ਜਾਲ ਵਿਚ ਫਸਾਉਂਦਾ ਹੈ। ਅਸਲ ਵਿਚ ਇਹ ਲੜੀਆਂ ਬੁਦੇਲ ਦੀਆਂ ਬਣੀਆਂ ਹਨ, ਜਿਨ੍ਹਾਂ ਦੀ ਚਮਕ ਬਹੁਤ ਲੰਮਾ ਸਮਾਂ ਰਹਿੰਦੀ ਹੈ।
aਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਅਜਿਹੀਆਂ ਠੱਗੀਆਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਪੁਲੀਸ ਨੇ ਗਰੋਹ ਵਿਰੁੱਧ ਧਾਰਾ 420, 511 ਅਤੇ 120 ਬੀ ਤਹਿਤ ਕੇਸ ਦਰਜ ਕਰਕੇ ਧਾਨੀ ਦੇਵੀ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ।

Posted in: ਪੰਜਾਬ