ਮਾਘੀ ਮੇਲਾ: ਮਲੂਕਾ ਤੇ ਜਗਮੀਤ ਬਰਾੜ ਦੇ ‘ਸਿੰਙ’ ਫਸੇ

By December 25, 2015 0 Comments


Screenshot_2ਤਲਵੰਡੀ ਸਾਬੋ, 25 ਦਸੰਬਰ-ਅਬੋਹਰ ਕਾਂਡ ਅਤਿ ਨਿੰਦਣਯੋਗ ਘਟਨਾ ਹੈ ਅਤੇ ਇਸ ਦੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਪੁਲੀਸ ਕਾਰਵਾਈ ਤੇਜ਼ੀ ਨਾਲ ਚੱਲ ਰਹੀ ਹੈ। ਇਸ ਮਾਮਲੇ ਨਾਲ ਸਬੰਧਤ ਕਈ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀਆਂ ਦੀ ਭਾਲ ਵਿੱਚ ਪੁਲੀਸ ਲੱਗੀ ਹੋਈ ਹੈ, ਪਰ ਸ਼੍ਰੋਮਣੀ ਅਕਾਲੀ ਦਲ ਦੀਆਂ ਵਿਰੋਧੀ ਪਾਰਟੀਆਂ ਇਸ ਕਾਂਡ ਨੂੰ ਸਿਆਸੀ ਰੰਗਤ ਦੇਣ ‘ਤੇ ਤੁਲੀਆਂ ਹੋਈਆਂ ਹਨ। ਇਸ ਗੱਲ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਵੱਲੋਂ ਅਬੋਹਰ ਕਾਂਡ ਦੇ ਸਬੰਧ ਵਿੱਚ ਮੁਕਤਸਰ ਸਾਹਿਬ ਤੋਂ ਲੈ ਕੇ ਅਬੋਹਰ ਤੱਕ ਕੀਤੇ ਜਾਣ ਵਾਲੇ ਪੈਦਲ ਮਾਰਚ ਬਾਰੇ ਸ੍ਰੀ ਮਾਲੂਕਾ ਨੇ ਕਿਹਾ ਕਿ ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਇਸ ਮਾਮਲੇ ਨੂੰ ਸਿਆਸੀ ਰੰਗ ਦੇ ਕੇ ਸਿਆਸੀ ਲਾਹਾ ਲੈਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪੈਦਲ ਮਾਰਚ ਜਗਮੀਤ ਬਰਾੜ ਦਾ ਸਿਰਫ਼ ਸਿਆਸੀ ਸਟੰਟ ਹੈ।

ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਮੌਕੇ ਜਗਮੀਤ ਸਿੰਘ ਬਰਾੜ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਰੋਕਣ ਬਾਰੇ ਦਿੱਤੇ ਬਿਆਨ ਬਾਰੇ ਉਨ੍ਹਾਂ ਕਿਹਾ ਅਕਾਲੀ ਦਲ ਨੂੰ ਕਾਨਫਰੰਸ ਕਰਨ ਤੋਂ ਕੋਈ ਵੀ ਤਾਕਤ ਨਹੀਂ ਰੋਕ ਸਕਦੀ ਤੇ ਅਕਾਲੀ ਦਲ ਇਹ ਕਾਨਫਰੰਸ ਗੱਜਵੱਜ ਕੇ ਕਰੇਗਾ। ਜੇਕਰ ਕਾਂਗਰਸ ਨੇ ਮੁਕਾਬਲਾ ਹੀ ਕਰਨਾ ਹੈ ਤਾਂ ਮਾਘੀ ਕਾਨਫਰੰਸ ਵਿੱਚ ਅਕਾਲੀ ਦਲ ਦੀ ਕਾਨਫਰੰਸ ਦੇ ਬਰਾਬਰ ਇਕੱਠ ਕਰਕੇ ਦੇਖ ਲਵੇ। ਸੁਖਪਾਲ ਸਿੰਘ ਖਹਿਰਾ ਵੱਲੋਂ ਕਾਂਗਰਸ ਛੱਡਣ ਬਾਰੇ ਸਿਕੰਦਰ ਸਿੰਘ ਮਾਲੂਕਾ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਹੁਣ ਕੈਪਟਨ ਅਮਰਿੰਦਰ ਸਿੰਘ ਨਹੀਂ ਬਚਾਅ ਸਕਦਾ। ਉਹ ਆਪਣੀ ਨੂੰਹ ਪਰਮਪਾਲ ਕੌਰ ਮਾਲੂਕਾ ਦੇ ਆਈਏਐਸ ਬਣਨ ਦੀ ਖੁਸ਼ੀ ਵਿੱਚ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਪ੍ਰਕਾਸ਼ ਕਰਵਾਏ ਅਖੰਡ ਪਾਠ ਦੇ ਭੋਗ ਵਿੱਚ ਪਰਿਵਾਰ ਸਮੇਤ ਆਏ ਸਨ।

ਕਾਂਗਰਸ ਦੇ ਕੌਮੀ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨੇ ਮਾਘੀ ਮੇਲੇ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਦਾ ਕਾਲੇ ਝੰਡਿਆਂ ਨਾਲ ਵਿਰੋਧ ਕਰਨ ਦੇ ਮਾਮਲੇ ‘ਤੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਚੁਣੌਤੀ ਭਰੇ ਬਿਆਨ ਨੂੰ ਕਬੂਲਦਿਆਂ ਕਿਹਾ ਕਿ ਉਹ ਨਾ ਸਿਰਫ਼ ਸੱਤਾਧਾਰੀ ਪਾਰਟੀ ਅਕਾਲੀ ਦਲ ਦੀ ਮਾਘੀ ਕਾਨਫਰੰਸ ਦਾ ਵਿਰੋਧ ਹੀ ਕਰਨਗੇ, ਸਗੋਂ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਦੀ ਮਦਦ ਨਾਲ ਨਾਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਸ ਗੱਲ ਦਾ ਜਵਾਬ ਵੀ ਮੰਗਣਗੇ ਕਿ ਮੋਗਾ ਬੱਸ ਕਾਂਡ, ਬਹਿਬਲ ਕਲਾਂ ਗੋਲੀ ਕਾਂਡ ਅਤੇ ਪੰਜਾਬ ਅੰਦਰ ਹੋਰ ਵਾਪਰੇ ਕਾਂਡਾਂ ਸਬੰਧੀ ਗਠਿਤ ਕਮਿਸ਼ਨਾਂ ਦੀ ਰਿਪੋਰਟ ਅੱਜ ਤੱਕ ਜਾਰੀ ਕਿੳੁਂ ਨਹੀਂ ਕੀਤੀ ਗਈ। ਸ੍ਰੀ ਬਰਾੜ ਨੇ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਇਹ ਵੀ ਸਵਾਲ ਕਰਨਗੇ ਲਗਾਤਾਰ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਲਈ ਜਾਂ ਪੰਜਾਬ ਵਿੱਚ ਖੇਤੀ ਨੂੰ ਬਚਾਉਣ ਲਈ ਸਰਕਾਰ ਨੇ ਅੱਜ ਤੱਕ ਕਿਹੜੀ ਨੀਤੀ ਲਾਗੂ ਕੀਤੀ ਹੈ? ਜਗਮੀਤ ਬਰਾੜ ਨੇ ਮਾਲੂਕਾ ਨੂੰ ਚੈਲਿੰਜ ਕਰਦਿਆਂ ਕਿਹਾ ਕਿ ਹੁਣ ਕੇਵਲ ਵਿਰੋਧ ਪ੍ਰਦਰਸ਼ਨ ਹੀ ਨਹੀਂ, ਸਗੋਂ ਸਿੱਧੇ ਟਾਕਰੇ ਹੋਣਗੇ।

Posted in: ਪੰਜਾਬ