ਬਾਬਾ ਜੀਵਨ ਸਿੰਘ ਦੀ ਲਾਸਾਨੀ ਦੇਣ

By December 25, 2015 0 Comments


ਇਕਬਾਲ ਸਿੰਘ ਕਲਿਆਣ
baba jeewan singh
ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਵੱਲੋਂ ਲਾਏ ਸਿੱਖੀ ਦੇ ਬੂਟੇ ਨੂੰ ਸਾਡੇ ਗੁਰੂ ਸਾਹਿਬਾਨ ਤੇ ਸੂਰਬੀਰ ਯੋਧਿਆਂ ਨੇ ਆਪਣੇ ਖ਼ੂਨ ਨਾਲ ਸਿੰਜਿਆ। ਗੁਰੂ ਜੀ ਨੇ ਸਿੱਖੀ ਦੀ ਇਹ ਬੂਟਾ ਉਸ ਸਮੇਂ ਲਾਇਆ ਜਦੋਂ ਪਾਖੰਡਵਾਦ, ਊਚ-ਨੀਚ, ਜਾਤ-ਪਾਤ, ਛੂਆ-ਛੂਤ ਦਾ ਬੋਲਬਾਲਾ ਸੀ। ਉਸ ਸਮੇਂ ਦਲਿਤਾਂ ਨੂੰ ਧਾਰਮਿਕ ਸਥਾਨਾਂ ’ਤੇ ਜਾ ਕੇ ਪਰਮਾਤਮਾ ਦੀ ਬੰਦਗੀ ਕਰਨ ਦੀ ਮਨਾਹੀ ਸੀ। ਵਿੱਦਿਆ ਲੈਣ ਦਾ ਅਧਿਕਾਰ ਦਲਿਤਾਂ ਨੂੰ ਨਹੀਂ ਸੀ।
ਅਜਿਹੇ ਸਮਿਆਂ ਵਿੱਚ ਗੁਰੂ ਨਾਨਕ ਦੇਵ ਜੀ ਨੇ ਇਲਾਹੀ ਬਾਣੀ ਦੀ ਰਚਨਾ ਕੀਤੀ ਅਤੇ ਬਾਕੀ ਗੁਰੂ ਸਾਹਿਬਾਨ ਨੇ ਸਭ ਨੂੰ ਬਰਾਬਰ ਸਮਝਦਿਆਂ ਆਦਿ ਗ੍ਰੰਥ ਸਾਹਿਬ ਵਿੱਚ ਕਥਿਤ ਨੀਵੀਆਂ ਜਾਤਾਂ ਦੇ ਭਗਤਾਂ ਦੀ ਬਾਣੀ ਵੀ ਦਰਜ ਕੀਤੀ। ਦਸਮੇਸ਼ ਪਿਤਾ ਨੇ ਬਰਾਬਰਤਾ ਬਖ਼ਸ਼ਦਿਆਂ ਆਨੰਦਪੁਰ ਸਾਹਿਬ ਵਿੱਚ ਖ਼ਾਲਸੇ ਦੀ ਸਿਰਜਣਾ ਕੀਤੀ। ਸਿੱਖੀ ਦਾ ਜਿਹੜਾ ਬੂਟਾ ਤੱਤੀਆਂ ਤਵੀਆਂ, ਸਰਹੰਦ ਦੀਆਂ ਕੰਧਾਂ, ਆਰਿਆਂ ਦੇ ਦੰਦਿਆਂ, ਦੇਗਾਂ ਦੇ ਉਬਾਲਿਆਂ ਜਿਹੀਆਂ ਪ੍ਰਸਥਿਤੀਆਂ ਵਿੱਚੋਂ ਲੰਘ ਕੇ ਲਹਿਰਾ ਰਿਹਾ ਸੀ, ੳੁਸ ਨੂੰ ਸਿੱਖ ਕੌਮ ਦੇ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਭਾਲ ਨਾ ਸਕੀ। ਇਸੇ ਕਾਰਨ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ ਪਦ ਚਿੰਨ੍ਹਾਂ ’ਤੇ ਚੱਲਣ ਵਾਲੇ ਮਜ਼੍ਹਬੀ ਸਿੱਖ ਭਾਈਚਾਰੇ ਦੇ ਬਹੁਤੇ ਲੋਕ ਅਖੌਤੀ ਸਾਧਾਂ ਦੇ ਡੇਰਿਆਂ ਦੀ ਰੌਣਕ ਵਧਾ ਰਹੇ ਹਨ।
ਮਜ਼੍ਹਬੀ ਸਿੱਖ ਭਾਈਚਾਰੇ ਨੂੰ ਸੰਭਾਲਣਾ ਤਾਂ ਦੂਰ, ਸ਼੍ਰੋਮਣੀ ਕਮੇਟੀ ਅਤੇ ਪੰਥਕ ਆਗੂ ਜਿਨ੍ਹਾਂ ਦੇ ਮੋਢਿਆਂ ’ਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਜ਼ਿੰਮੇਵਾਰੀ ਹੈ, ਨੇ ਮਜ਼੍ਹਬੀ ਸਿੱਖ ਦੇ ਸੂਰਮੇ ਭਾਈ ਢੇਰਾ ਸਿੰਘ, ਜਿਸ ਨੇ ਗੁਰੂ ਆਸੇ ਨੂੰ ਅਮਲ ਵਿੱਚ ਲਿਆਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਲਈ ਕੁਰਬਾਨੀ ਦੇ ਕੇ 15 ਨਵੰਬਰ 1920 ਵਿੱਚ ਝੰਡੇ ਗੱਡੇ, ਦੀ ਕੁਰਬਾਨੀ ਦਾ ਵੀ ਮੁੱਲ ਨਹੀਂ ਪਾਇਆ। ਇੱਥੇ ਮਜ਼੍ਹਬੀ ਸਿੱਖ ਭਾਈਚਾਰੇ ਦੇ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਦੇ ਜੀਵਨ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਤਾਂ ਜੋ ਮਜ਼੍ਹਬੀ ਸਿੱਖਾਂ ਦੀ ਤ੍ਰਾਸਦੀ ਨੂੰ ਉਜਾਗਰ ਕੀਤਾ ਜਾ ਸਕੇ।
ਬਾਬਾ ਜੀਵਨ ਸਿੰਘ ਦਾ ਜਨਮ ਪਿਤਾ ਭਾਈ ਸਦਾ ਨੰਦ ਤੇ ਬੀਬੀ ਪ੍ਰੇਮੋ (ਪ੍ਰੇਮ ਕੌਰ) ਦੇ ਘਰ ਹੋਇਆ। ਗੁਰੂ ਤੇਗ਼ ਬਹਾਦਰ ਜੀ ਨੇ 20 ਜੁਲਾਈ 1675 ਨੂੰ ਸ਼ਹੀਦੀ ਦੇਣ ਲਈ ਜਦੋਂ ਦਿੱਲੀ ਚਾਲੇ ਪਾਏ ਤਾਂ ਉਨ੍ਹਾਂ ਨੂੰ 15 ਸਤੰਬਰ 1675 ਨੂੰ ਪੰਜ ਪਿਆਰਿਆਂ ਸਮੇਤ ਆਗਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸੇ ਦੌਰਾਨ ਗੁਰੂ ਸਾਹਿਬ ਨੇ ਜੇਲ੍ਹ ਵਿੱਚ 57 ਸਲੋਕਾਂ ਦੀ ਰਚਨਾ ਕੀਤੀ। ਗੁਰੂ ਸਾਹਿਬ ਨੇ ਬਾਬਾ ਜੀਵਨ ਸਿੰਘ ਨੂੰ ਇਹ 57 ਸਲੋਕ, ਪੰਜ ਪੈਸੇ, ਨਾਰੀਅਲ, ਤਿਲਕ ਅਤੇ ‘ਗੁਰਿਆਈ ਹੁਕਨਾਮਾ’ ਦੇ ਕੇ ਸ੍ਰੀ ਆਨੰਦਪੁਰ ਸਾਹਿਬ ਭੇਜਿਆ। ਬਾਬਾ ਜੀ ਨੇ ਆਨੰਦਪੁਰ ਸਾਹਿਬ ਪਹੁੰਚ ਕੇ ਸਾਰੀ ਸਮੱਗਰੀ ਬਾਲ ਗੋਬਿੰਦ ਰਾਏ ਨੂੰ ਸੌਂਪੀ ਅਤੇ ਦਿੱਲੀ ਦੇ ਹਾਲਾਤ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਅਟੱਲ ਹੈ। ਉਸ ਵੇਲੇ ਬਾਲ ਗੋਬਿੰਦ ਰਾਏ ਨੇ ਸੰਗਤ ਨੂੰ ਸ਼ਹੀਦ ਹੋਣ ਪਿੱਛੋਂ ਗੁਰੂ ਸਾਹਿਬ ਦਾ ਸੀਸ ਤੇ ਧੜ ਲਿਆਉਣ ਦੇ ਕਾਰਜ ਲਈ ਵੰਗਾਰਿਆ ਤਾਂ ਚਾਰੇ ਪਾਸੇ ਸੰਨਾਟਾ ਛਾ ਗਿਆ। ਜਦੋਂ ਸੰਗਤ ਵਿੱਚੋਂ ਕੋਈ ਨਾ ਉੱਠਿਆ ਤਾਂ ਬਾਬਾ ਜੀਵਨ ਸਿੰਘ ਨੇ ਇਹ ਜ਼ਿੰਮੇਵਾਰੀ ਆਪਣੇ ਸਿਰ ਲੈ ਲੲੀ ਅਤੇ ਭੇਸ ਬਦਲ ਕੇ ਦਿੱਲੀ ਪਹੁੰਚ ਗਏ।
ਜਦੋਂ 11 ਨਵੰਬਰ 1675 ਨੂੰ ਗੁਰੂ ਜੀ ਨੂੰ ਚਾਂਦਨੀ ਚੌਕ ਦਿੱਲੀ ਵਿੱਚ ਸ਼ਹੀਦ ਕੀਤਾ ਗਿਆ ਤਾਂ 11-12 ਨਵੰਬਰ 1675 ਦੀ ਰਾਤ ਨੂੰ ਬਾਬਾ ਜੀਵਨ ਸਿੰਘ, ਪਿਤਾ ਸਦਾ ਨੰਦ, ਤਾਇਆ ਆਗਿਆ ਰਾਮ, ਭਾਈ ਗੁਰਦਿੱਤਾ ਤੇ ਭਾਈ ਉਦੇ ਨਾਲ ਚਾਂਦਨੀ ਚੌਕ ਪਹੁੰਚੇ। ਬਾਬਾ ਜੀਵਨ ਸਿੰਘ ਨੇ ਆਪਣੇ ਪਿਤਾ ਸਦਾ ਨੰਦ ਦਾ ਸੀਸ ਕੱਟ ਦਿੱਤਾ ਤਾਂ ਜੋ ਉਸ ਨੂੰ ਗੁਰੂ ਸਾਹਿਬ ਦੇ ਸੀਸ ਨਾਲ ਬਦਲਿਆ ਜਾ ਸਕੇ ਅਤੇ ਧੜ ਦਾ ਸਸਕਾਰ ਆਪਣੇ ਘਰ ਭਾਈ ਕਲਿਆਣੇ ਦੀ ਧਰਮਸ਼ਾਲਾ ਪਿੰਡ ਰਾਇਸੀਨਾ ਦਿੱਲੀ ਵਿੱਚ ਕੀਤਾ। ਹਕੂਮਤ ਦੇ ਸਖ਼ਤ ਪਹਿਰੇ ਹੇਠੋਂ ਬਾਬਾ ਜੀਵਨ ਸਿੰਘ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸੀਸ ਲੈ ਕੇ 15 ਨਵੰਬਰ 1675 ਨੂੰ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ। ਬਾਲ ਗੋਬਿੰਦ ਰਾਏ ਨੇ ਸੰਗਤ ਨਾਲ 16 ਨਵੰਬਰ 1675 ਨੂੰ ੳੁਨ੍ਹਾਂ ਦੇ ਸੀਸ ਦਾ ਸਸਕਾਰ ਕਰ ਦਿੱਤਾ। ਇਸ ਮੌਕੇ ਬਾਲ ਗੋਬਿੰਦ ਰਾਏ ਨੇ ਬਾਬਾ ਜੀਵਨ ਸਿੰਘ ਨੂੰ ਗਲਵੱਕੜੀ ਵਿੱਚ ਲੈ ਕੇ ‘ਰੰਘਰੇਟਾ ਗੁਰੂ ਕਾ ਬੇਟਾ’ ਦਾ ਖ਼ਿਤਾਬ ਦਿੱਤਾ।
ਅਫ਼ਸੋਸ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਕਮੇਟੀ ਤੇ ਪੰਥਕ ਆਗੂਆਂ ਨੇ ਮਜ਼੍ਹਬੀ ਸਿੱਖਾਂ ਦੀਆਂ ਕੁਰਬਾਨੀਆ ਦਾ ਕੋੲੀ ਮੁੱਲ ਨਹੀਂ ਪਾਇਅਾ। ਜਦੋਂ ਡਾ. ਬੀ.ਆਰ. ਅੰਬੇਦਕਰ ਨੇ ਗੁਰੂ ਨਾਨਕ ਮਿਸ਼ਨ ਤੋਂ ਪ੍ਰਭਾਵਿਤ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਨਤਮਸਤਕ ਹੋਣ ਪਿੱਛੋਂ ਆਪਣੇ ਸਾਥੀਆਂ ਨਾਲ ਅੰਮ੍ਰਿਤ ਛਕਣ ਅਤੇ ਸਿੰਘ ਸਜਣ ਦੀ ਦਿਲੀ ਇੱਛਾ ਜ਼ਾਹਿਰ ਕੀਤੀ ਤਾਂ ਉਸ ਵਕਤ ਸ਼੍ਰੋਮਣੀ ਕਮੇਟੀ ਦੇ ਆਗੂ ਡਾ. ਅੰਬੇਦਕਾਰ ਨੂੰ ਦਲਿਤ ਆਗੂ ਸਮਝਣ ਦੀ ਥਾਂ ਜੇ ਉਸ ਦੀ ਅੰਦਰਲੀ ਭਾਵਨਾ ਸਮਝਦੇ ਅਤੇ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਂਦੇ ਤਾਂ ਸਿੱਖ ਭਾਈਚਾਰੇ ਦਾ ਹੋਰ ਵਿਕਾਸ ਹੋਣਾ ਸੀ। ਅਜਿਹੀਆਂ ਕੲੀ ਘਟਨਾਵਾਂ ਹਨ, ਜਿਨ੍ਹਾਂ ਨੇ ਮਜ਼੍ਹਬੀ ਸਿੱਖ ਭਾਈਚਾਰੇ ਨੂੰ ਭਾਰੀ ਠੇਸ ਪਹੁੰਚਾਈ ਹੈ। ਮਜ਼੍ਹਬੀ ਸਿੱਖ ਭਾਈਚਾਰੇ ਦੇ ਰਹਿਬਰ ਬਾਬਾ ਜੀਵਨ ਦਾ ਚਮਕੌਰ ਗੜੀ ਵਿੱਚ ਸ਼ਹੀਦ ਹੋਏ 40 ਸਿੰਘਾਂ ਦੀ ਸੂਚੀ ਵਿੱਚੋਂ ਨਾਂ ਹੀ ਗਾਇਬ ਕਰ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਵੱਲੋਂ ਬਾਬਾ ਜੀ ਦੇ ਪਿਤਾ ਭਾਈ ਸਦਾ ਨੰਦ ਦੀ ਕੁਰਬਾਨੀ ਅਤੇ ਮਜ਼੍ਹਬੀ ਸਿੱਖ ਭਾਈਚਾਰੇ ਵੱਲੋਂ ਕੀਤੀਆਂ ਕੁਰਬਾਨੀਆਂ ਦੇ ਸਨਮਾਨ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿੱਚ ਬਣਾਏ ਗਏ ਰੰਘਰੇਟਿਆਂ ਦੇ ਬੂੰਗੇ ਨੂੰ 1957 ਵਿੱਚ ਗਾਇਬ ਕਰ ਦਿੱਤਾ ਗਿਆ। ਇਸ ਕਾਰਨ ਮਜ਼੍ਹਬੀ ਸਿੱਖ ਭਾਈਚਾਰੇ ਦੇ ਵਿਦਵਾਨਾਂ ਨੂੰ ਦੁਬਾਰਾ ਬੂੰਗਾ ਸਥਾਪਿਤ ਕਰਵਾਉਣ ਲਈ ਹਾਈ ਕੋਰਟ ਦਾ ਸਹਾਰਾ ਲੈਣਾ ਪਿਆ।
ਇਕਬਾਲ ਸਿੰਘ ਕਲਿਆਣ
ਸੰਪਰਕ: 98559-64415
Tags:
Posted in: ਸਾਹਿਤ