ਭਾਈ ਜੈਤਾ ਦੀ ਕੁਰਬਾਨੀ ਨੂੰ ਯਾਦ ਕਰਦਿਆਂ

By December 25, 2015 0 Comments


bhai jaitaਭਾਈ ਜੈਤਾ ਦਾ ਜਨਮ ਭਾਈ ਸਦਾਨੰਦ ਦੇ ਘਰ 5 ਸਤੰਬਰ 1661 ਈ: ਨੂੰ ਮਾਤਾ ਪ੍ਰੇਮੋ ਦੀ ਕੁੱਖੋਂ ਹੋਇਆ। ਭਾਈ ਜੈਤਾ ਦਾ ਵਿਆਹ ਭਾਈ ਖਜ਼ਾਨ ਸਿੰਘ ਪੱਟੀ ਨਿਵਾਸੀ ਦੀ ਸਪੁੱਤਰੀ ਬੀਬੀ ਰਾਜ ਕੌਰ ਨਾਲ ਹੋਇਆ। ਆਪ ਦੇ ਘਰ ਚਾਰ ਪੁੱਤਰ ਭਾਈ ਗੁਲਜ਼ਾਰ ਸਿੰਘ, ਭਾਈ ਗੁਰਦਿਆਲ ਸਿੰਘ, ਭਾਈ ਸੁੱਖਾ ਅਤੇ ਭਾਈ ਸੇਵਾ ਸਿੰਘ ਨੇ ਜਨਮ ਲਿਆ। ਭਾਈ ਜੈਤਾ ਦਾ ਸਾਰਾ ਪਰਿਵਾਰ ਪੂਰੀ ਸ਼ਰਧਾ ਭਾਵਨਾ ਨਾਲ ਗੁਰੂ ਘਰ ਨਾਲ ਜੁੜਿਆ ਹੋਇਆ ਸੀ, ਨੌਂਵੇ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਦੇ ਆਪ ਬੜੇ ਸ਼ਰਧਾਲੂ ਸਨ। ਜਦੋਂ ਗੁਰੂ ਤੇਗ਼ ਬਹਾਦਰ ਜੀ ਅਨੰਦਪੁਰ ਸਾਹਿਬ ਤੋਂ ਤੁਰ ਕੇ ਪੰਜਾਬ ਦਾ ਇਕ ਲੰਬਾ ਦੌਰਾ ਕਰਦੇ ਦਿੱਲੀ ਵੱਲ ਨੂੰ ਰਵਾਨਾ ਹੋਏ ਤਾਂ ਉਸ ਸਮੇਂ ਹੋਰ ਸੰਗਤ ਦੇ ਨਾਲ ਭਾਈ ਜੈਤਾ ਵੀ ਗੁਰੂ ਜੀ ਨਾਲ ਜਾ ਰਹੇ ਸਨ। 11 ਨਵੰਬਰ 1675 ਈ: ਨੂੰ ਗੁਰੂ ਤੇਗ਼ ਬਹਾਦਰ ਜੀ ਨੂੰ ਚਾਂਦਨੀ ਚੌਕ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ। ਹਕੂਮਤ ਨੇ ਐਲਾਨ ਕਰ ਦਿੱਤਾ ਕਿ ਜੋ ਧੜ ਅਤੇ ਸੀਸ ਚੁੱਕੇਗਾ, ਉਸ ਦਾ ਇਹੋ ਹਸ਼ਰ ਹੋਵੇਗਾ। ਪਰ ਭਾਈ ਜੈਤਾ ਭੇਸ ਬਦਲ ਕੇ ਕਿਸੇ ਤਰ੍ਹਾਂ ਦਿੱਲੀ ਪਹੁੰਚ ਗਏ। ਮੁਗ਼ਲਾਂ ਨੂੰ ਜ਼ਰਾ ਵੀ ਸ਼ੱਕ ਨਹੀਂ ਸੀ ਕਿ ਕੋਈ ਉਨ੍ਹਾਂ ਦੀ ਤਾਕਤ ਨੂੰ ਵੰਗਾਰ ਸਕਦਾ ਹੈ ਪਰ ਭਾਈ ਜੈਤਾ ਨੇ ਇਹ ਖਤਰਾ ਮੁੱਲ ਲੈਣ ਦੀ ਧਾਰ ਲਈ ਤੇ ਆ ਕੇ ਬੜੀ ਹੁਸ਼ਿਆਰੀ ਨਾਲ ਗੁਰੂ ਤੇਗ਼ ਬਹਾਦਰ ਜੀ ਦਾ ਧੜ ਨਾਲੋਂ ਅਲੱਗ ਹੋਇਆ ਸੀਸ ਚੁੱਕਿਆ ਤੇ ਸਤਿਕਾਰ ਨਾਲ ਕੱਪੜੇ ਵਿਚ ਲਪੇਟ ਕੇ ਲੈ ਤੁਰਿਆ। ਬਾਕੀ ਸਰੀਰ ਨੂੰ ਲੱਖੀ ਸ਼ਾਹ ਵਣਜਾਰਾ ਆਪਣੇ ਪਿੰਡ ਲੈ ਗਿਆ।
ਜਦੋਂ ਭਾਈ ਜੈਤਾ ਜੀ ਗੁਰੂ ਜੀ ਦਾ ਪਾਵਨ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਗੁਰਦੇਵ ਪਿਤਾ ਦਾ ਸੀਸ ਦੇਖ ਕੇ ਭਾਈ ਜੈਤਾ ਨੂੰ ਘੁੱਟ ਕੇ ਆਪਣੀ ਗਲਵੱਕੜੀ ਵਿਚ ਲੈ ਲਿਆ ਤੇ ਵਰ ਦਿੱਤਾ, ‘ਰੰਘਰੇਟਾ ਗੁਰੂ ਕਾ ਬੇਟਾ’। ਇਸ ਤਰ੍ਹਾਂ ਰੰਘਰੇਟਾ ਨੂੰ ਗੁਰੂ ਸਾਹਿਬ ਦਾ ਪੁੱਤਰ ਕਹਿ ਕੇ ਮਾਣ ਬਖਸ਼ਿਆ। ਉਸ ਦਿਨ ਤੋਂ ਭਾਈ ਜੈਤਾ ਗੁਰੂ ਗੋਬਿੰਦ ਸਿੰਘ ਜੀ ਪਾਸ ਅਨੰਦਪੁਰ ਸਾਹਿਬ ਹੀ ਰਹਿਣ ਲੱਗ ਪਏ।
1699 ਈ: ਵਿਚ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਅੰਮ੍ਰਿਤ ਛਕਾ ਕੇ ਸਿੱਖਾਂ ਨੂੰ ਸਿੰਘ ਸਜਾਇਆ। ਭਾਈ ਜੈਤਾ ਨੇ ਵੀ ਅੰਮ੍ਰਿਤਪਾਨ ਕਰ ਲਿਆ ਤੇ ਭਾਈ ਜੈਤਾ ਤੋਂ ਜੀਵਨ ਸਿੰਘ ਬਣ ਗਏ।
ਅਨੰਦਪੁਰ ਸਾਹਿਬ ਤੋਂ ਕੂਚ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਸਰਸਾ ਨਦੀ ਨੂੰ ਪਾਰ ਕਰਕੇ ਚਮਕੌਰ ਸਾਹਿਬ ਆ ਡੇਰੇ ਲਾਏ ਤੇ ਇਥੇ ਫਿਰ ਹਮਲਾ ਕਰਨ ਵਾਲੀ ਸ਼ਾਹੀ ਫੌਜ ਨਾਲ ਸਖਤ ਟੱਕਰ ਲਈ। ਇਸ ਲੜਾਈ ਵਿਚ ਥੋੜ੍ਹੀ ਗਿਣਤੀ ਦੇ ਸਿੰਘ ਗੁਰੂ ਸਾਹਿਬ ਦੇ ਨਾਲ ਸਨ, ਜੋ ਥੋੜ੍ਹੇ-ਥੋੜ੍ਹੇ ਕਰਕੇ ਮੈਦਾਨ ਵਿਚ ਨਿਕਲਦੇ ਤੇ ਦੁਸ਼ਮਣ ਦਾ ਭਾਰੀ ਨੁਕਸਾਨ ਕਰਕੇ ਲੜਦੇ ਹੋਏ ਸ਼ਹੀਦ ਹੋ ਜਾਂਦੇ। ਦੋਵੇਂ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਵੀ ਇਥੇ ਹੀ ਯੁੱਧ ਵਿਚ ਸ਼ਹੀਦ ਹੋ ਗਏ। ਭਾਈ ਜੀਵਨ ਸਿੰਘ ਦੇ ਚਾਰੋਂ ਪੁੱਤਰ ਵੀ ਚਮਕੌਰ ਦੇ ਯੁੱਧ ਵਿਚ ਸ਼ਹੀਦ ਹੋ ਗਏ ਅਤੇ ਆਪਣੀ ਅਖੀਰ 23 ਦਸੰਬਰ 1704 ਈ: ਨੂੰ ਲੜਦੇ ਹੋਏ ਸ਼ਹੀਦ ਹੋ ਗਏ।
ਜੁਗਰਾਜ ਸਿੰਘ ਸੂਲਰ ਘਾਟ
-ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋਬਾ: 94656-17729

Posted in: ਸਾਹਿਤ